ਪੇਂਡੂ ਵਿਕਾਸ ਵਿਭਾਗ ਵੱਲੋਂ ਗੁਰੂਗ੍ਰਾਮ ਵਿੱਚ ਸਰਸ ਮੇਲਾ ਸ਼ੁਰੂ
ਪੱਤਰ ਪ੍ਰੇਰਕ
ਫਰੀਦਾਬਾਦ, 13 ਅਕਤੂਬਰ
ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਅਤੇ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਗੁਰੂਗ੍ਰਾਮ ਦੇ ਲੇਜ਼ਰ ਵੈਲੀ ਪਾਰਕ ਵਿੱਚ ਸਰਸ ਆਜੀਵਿਕਾ ਮੇਲਾ ਅੱਜ ਸ਼ੁਰੂ ਹੋ ਗਿਆ। ਸੈਲਫ ਹੈਲਪ ਗਰੁੱਪ ਦੀਆਂ ਦੀਦੀਆਂ ਵੱਲੋਂ ਸੱਭਿਆਚਾਰ, ਸਵਾਦ, ਸੰਵਾਦ, ਸ਼ਿਲਪਕਾਰੀ ਅਤੇ ਹੁਨਰ ਦੇ ਸੰਗਮ ਨਾਲ ਸਰਸ ਮੇਲਾ ਗੁਰੂਗ੍ਰਾਮ ਵਿੱਚ ਤੀਜੀ ਵਾਰ ਲੱਗਿਆ ਹੈ ਤੇ ਇਹ ਰਾਸ਼ਟਰੀ ਪੱਧਰ ਦਾ ਮੇਲਾ ਫਰੀਦਾਬਾਦ ਅਤੇ ਦਿੱਲੀ ਐੱਨਸੀਆਰ ਸਣੇ ਗੁਰੂਗ੍ਰਾਮ ਦੇ ਦਸਤਕਾਰੀ ਉਤਪਾਦਾਂ ਦੇ ਪ੍ਰੇਮੀਆਂ ਲਈ ਸੁਨਹਿਰੀ ਮੌਕਾ ਲੈ ਕੇ ਆਇਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੇਂਡੂ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਇੱਥੇ ਹਰ ਸਾਲ ਸਰਸ ਆਜੀਵਿਕਾ ਮੇਲਾ ਲਗਾਇਆ ਜਾਂਦਾ ਹੈ। ਇਸ ਵਾਰ ਵੀ ਇਹ ਮੇਲਾ ਗੁਰੂਗ੍ਰਾਮ ਦੀ ਲੇਜ਼ਰ ਵੈਲੀ ਵਿੱਚ ਕਰਵਾਇਆ ਜਾ ਰਿਹਾ ਹੈ ਜੋਂ 29 ਅਕਤੂਬਰ ਤੱਕ ਲੱਗੇਗਾ।
ਸਰਸ ਮੇਲੇ ਵਿੱਚ ਹਰਿਆਣਾ ਸਣੇ 30 ਹੋਰ ਰਾਜਾਂ ਦੀਆਂ ਸਵੈ-ਸਹਾਇਤਾ ਗਰੁੱਪਾਂ ਦੀਆਂ ਔਰਤਾਂ ਅਤੇ ਉੱਦਮੀ ਆਪੋ-ਆਪਣੇ ਰਾਜਾਂ ਦੇ ਸ਼ਿਲਪਕਾਰੀ, ਕਲਾ, ਸਥਾਨਕ ਪਕਵਾਨਾਂ ਅਤੇ ਖ਼ੁਦ ਬਣਾਏ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੇ। ਇਸ ਮੇਲੇ ਵਿੱਚ ਭਾਗਲਪੁਰੀ ਸਾੜੀਆਂ, ਸਜਾਵਟੀ ਵਸਤੂਆਂ, ਬਾਂਸ ਦੇ ਉਤਪਾਦ, ਟੈਰਾਕੋਟਾ ਉਤਪਾਦ, ਪਾਪੜ, ਅਚਾਰ, ਚੂੜੀਆਂ ਅਤੇ ਹੋਰ ਵਸਤੂਆਂ ਵੇਚੀਆਂ ਜਾ ਰਹੀਆਂ ਹਨ।
ਮੇਲੇ ਵਿੱਚ 450 ਤੋਂ ਵੱਧ ਸਟਾਲਾਂ ’ਤੇ ਸ਼ਿਲਪਕਾਰੀ ਅਤੇ ਲੋਕ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਵਿਕਰੀ ਕੇਂਦਰ ਸਥਾਪਿਤ ਕੀਤੇ ਗਏ ਹਨ। ਖਾਣ-ਪੀਣ ਨਾਲ ਸਬੰਧਤ ਸਟਾਲਾਂ ਵੀ ਹਨ। ਉਨ੍ਹਾਂ ਕਿਹਾ ਕਿ ਇਹ ਰਿਟੇਲ ਗਾਹਕਾਂ ਦੇ ਨਾਲ-ਨਾਲ ਬੀ2ਬੀ ਖਪਤਕਾਰਾਂ ਲਈ ਸੁਨਹਿਰੀ ਮੌਕਾ ਹੈ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਫਰੀਦਾਬਾਦ ਜ਼ਿਲ੍ਹੇ ਦੇ ਕਈ ਸੈਲਫ ਹੈਲਪ ਗਰੁੱਪ ਵੀ ਹਿੱਸਾ ਲੈ ਰਹੇ ਹਨ। ਸਰਸ ਮੇਲਾ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਬਹੁਤ ਮਸ਼ਹੂਰ ਹੈ ਅਤੇ ਗੁਰੂਗ੍ਰਾਮ ਤੋਂ ਇਲਾਵਾ, ਅਲਵਰ, ਦਿੱਲੀ, ਗਾਜ਼ੀਆਬਾਦ, ਫਰੀਦਾਬਾਦ, ਨੋਇਡਾ ਤੋਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਖਰੀਦਦਾਰੀ ਲਈ ਆਉਂਦੇ ਹਨ।