ਨਗਰ ਪੰਚਾਇਤ ਦੀ ਪ੍ਰਧਾਨ ਬਣੀ ਸਰਬਜੀਤ ਕੌਰ
ਕੁਲਦੀਪ ਸੂਦ
ਹੰਢਿਆਇਆ, 4 ਫਰਵਰੀ
ਨਗਰ ਪੰਚਾਇਤ ਹੰਢਿਆਇਆ ਦੀ ਪ੍ਰਧਾਨਗੀ ਦੀ ਚੋਣ ਸਰਬ ਸੰਮਤੀ ਨਾਲ ਹੋਈ ਜਿਸ ਵਿੱਚ ਸਰਬਜੀਤ ਕੌਰ ਪਤਨੀ ਨਰੰਜਣ ਸਿੰਘ ਵਾਰਡ ਨੰਬਰ 11 ਐੱਸ.ਸੀ. ਵਰਗ ਲਈ (ਰਾਖਵਾਂ) ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਮਹਿੰਦਰ ਕੌਰ ਸਿੱਧੂ ਪਤਨੀ ਮਹਿੰਦਰ ਸਿੰਘ ਸਿੱਧੂ ਵਾਰਡ ਨੰਬਰ 7 ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਹ ਚੋਣ ਕਨਵੀਨਰ-ਕਮ-ਐੱਸਡੀਐੱਮ ਬਰਨਾਲਾ ਗੁਰਬੀਰ ਸਿੰਘ ਕੋਹਲੀ ਦੀ ਦੇਖ-ਰੇਖ ਹੇਠ ਹੋਈ। ਸਮੂਹ ਮੈਂਬਰ ਕੌਂਸਲਰਾਂ ਨੂੰ ਸਹੁੰ ਚੁੱਕਣ ਉਪਰੰਤ ਗੁਰਮੀਤ ਸਿੰਘ ਬਾਵਾ ਨੇ ਸਰਬਜੀਤ ਕੌਰ ਦਾ ਨਾਮ ਪ੍ਰਧਾਨ ਲਈ ਤਾਇਦ ਕੀਤਾ ਅਤੇ ਬਲਵੀਰ ਸਿੰਘ ਮਹਿਰਮੀਆ ਨੇ ਮਹਿੰਦਰ ਕੌਰ ਸਿੱਧੂ ਦਾ ਨਾਮ ਮੀਤ ਪ੍ਰਧਾਨ ਲਈ ਤਾਇਦ ਕੀਤਾ। ਇਹ ਚੋਣ ਸਰਬ ਸੰਮਤੀ ਨਾਲ ਹੋਈ। ਸਹੁੰ ਚੁੱਕ ਸਮਾਗਮ ਵਿੱਚ ਨਗਰ ਪੰਚਾਇਤ ਹੰਢਿਆਇਆ ਦੇ ਕੁਲ 13 ਕੌਂਸਲਰ ਮੈਂਬਰ ਮੌਜੂਦ ਸਨ। ਜਾਣਕਾਰੀ ਅਨੁਸਾਰ ਜਨਵਰੀ ਦੇ ਪਹਿਲੇ ਹਫ਼ਤੇ ਹੋਏ ਸਹੁੰ ਚੁੱਕ ਸਮਾਗਮ ਵਿੱਚ ਆਮ ਆਦਮੀ ਦੇ ਚੁਣੇ ਗਏ 10 ਮੈਂਬਰਾਂ ਨੇ ਰੋਸ ਵਜੋਂ ਇਸ ਮੀਟਿੰਗ ਵਿੱਚ ਹਾਜ਼ਰੀ ਨਹੀਂ ਲਗਵਾਈ ਸੀ। 3 ਘੰਟੇ ਇੰਤਜ਼ਾਰ ਕਰਨ ਉਪਰੰਤ ਐੱਸ.ਡੀ.ਐੱਮ. ਸਾਹਿਬ ਨੇ ਮੀਟਿੰਗ ਮੁਲਤਵੀ ਕਰ ਦਿੱਤੀ ਸੀ। ਆਪ ਦੇ ਕੌਂਸਲਰਾਂ ਦਾ ਕਹਿਣਾ ਸੀ ਕਿ ਪਾਰਟੀ ਛੱਡ ਕੇ ਆਉਣਾ ਜਾਂ ਦਲ ਬਦਲੀ ਕਰਨੀ, ਵਫ਼ਾਦਾਰੀ ਦੀ ਨਿਸ਼ਾਨੀ ਨਹੀਂ ਹੁੰਦੀ। ਭਾਜਪਾ ਪਾਰਟੀ ਨੂੰ ਛੱਡ ਕੇ ਆਏ ਕੌਂਸਲਰ ਗੁਰਮੀਤ ਬਾਵਾ ਦੇ ਨਾਮ ’ਤੇ ਪ੍ਰਧਾਨਗੀ ਲਈ ਰਜ਼ਾਮੰਦੀ ਨਹੀਂ ਹੋਈ ਸੀ। ਐੱਮਪੀ ਮੀਤ ਹੇਅਰ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਦੀਆਂ ਕੋਸ਼ਿਸ਼ਾਂ ਸਦਕੇ ਇਹ ਚੋਣ ਨੇਪਰੇ ਚੜ੍ਹੀ।