ਸਰਾਭਾ ਨਰਸਿੰਗ ਕਾਲਜ ਦੀ ਵਿਦਿਆਰਥਣ ’ਤੇ ਹਮਲਾ
ਸੰਤੋਖ ਗਿੱਲ
ਗੁਰੂਸਰ ਸੁਧਾਰ, 28 ਨਵੰਬਰ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਵਿੱਚ ਸ਼ਹੀਦ ਦੀ ਯਾਦ ’ਚ ਬਣਿਆ ਡਾਕਟਰੀ ਸਿੱਖਿਆ ਸੰਸਥਾ ਵਿੱਚ ਬੀਤੀ ਦੇਰ ਸ਼ਾਮ ਬੀਐੱਸਸੀ ਨਰਸਿੰਗ ਦੀ ਚੌਥੇ ਸਾਲ ਦੀ ਵਿਦਿਆਰਥਣ ਉੱਪਰ ਕਾਲਜ ਦੇ ਆਡੀਟੋਰੀਅਮ ਨੇੜੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਤੇ ਉਸ ਦੇ ਕੱਪੜੇ ਫਾੜ ਦਿੱਤੇ। ਇਸ ਘਟਨਾ ਤੋਂ ਬਾਅਦ ਕਾਲਜ ਦੇ ਸਾਰੇ ਵਿਦਿਆਰਥੀ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ। ਅੱਜ ਕਾਲਜ ਵਿੱਚ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰਕੇ ਧਰਨਾ ਆਰੰਭ ਦਿੱਤਾ ਤੇ ਤੁਰੰਤ ਦੋਸ਼ੀ ਵਿਅਕਤੀਆਂ ਦੀ ਭਾਲ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੰਮ ਕੀਤੀ।
ਮੌਕਾ ਵਾਰਦਾਤ ’ਤੇ ਮੌਜੂਦ ਉਪ ਪੁਲੀਸ ਕਪਤਾਨ ਦਾਖਾ ਵਰਿੰਦਰ ਸਿੰਘ ਖੋਸਾ ਅਨੁਸਾਰ ਥਾਣਾ ਜੋਧਾਂ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਐੱਸਪੀ ਖੋਸਾ ਨੇ ਕਿਹਾ ਕਿ ਬੇਹੱਦ ਗੰਭੀਰ ਇਸ ਮਾਮਲੇ ਬਾਰੇ ਪੀੜਤ ਦੇ ਬਿਆਨ ਦਰਜ ਕਰਨ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਮੁੱਢਲੀ ਪੜਤਾਲ ਅਤੇ ਸੀਸੀਟੀਵੀ ਕੈਮਰਿਆਂ ਦੀ ਬਰੀਕੀ ਨਾਲ ਜਾਂਚ ਬਾਅਦ ਖੋਸਾ ਨੇ ਦਾਅਵਾ ਕੀਤਾ ਕਿ ਕਈ ਅਹਿਮ ਸੁਰਾਗ ਪੁਲੀਸ ਦੇ ਹੱਥ ਲੱਗੇ ਹਨ।
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਕਰੀਬ 6 ਵਜੇ ਜਦੋਂ ਪੀੜਤ ਵਿਦਿਆਰਥਣ ਆਪਣੇ ਹੋਸਟਲ ਵੱਲ ਜਾ ਰਹੀ ਸੀ ਤਾਂ ਆਡੀਟੋਰੀਅਮ ਨੇੜੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਪੀੜਤ ਦੀ ਚੁੰਨੀ ਉਸ ਦੇ ਮੂੰਹ ਵਿੱਚ ਤੁੰਨ੍ਹ ਕੇ ਉਸ ਦੇ ਕੱਪੜੇ ਫਾੜ ਦਿੱਤੇ ਤੇ ਵਿਰੋਧ ਕਰਨ ’ਤੇ ਮੁੜ ਹਮਲਾ ਕਰਨ ਦੀ ਧਮਕੀ ਦਿੱਤੀ। ਰੌਲਾ ਪੈਣ ’ਤੇ ਹਮਲਾਵਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।ਪ੍ਰਿੰਸੀਪਲ ਤੇ ਮੈਨੇਜਮੈਂਟ ਵੱਲੋਂ ਮੰਗਾਂ ਬਾਰੇ ਭਰੋਸਾ
ਕਾਲਜ ਦੀ ਪ੍ਰਿੰਸੀਪਲ ਡਾ. ਪ੍ਰਭਜੋਤ ਕੌਰ ਸੈਣੀ ਨੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਵਿੱਚ ਹੋਰ ਵਾਧਾ ਕਰਨ ਸਮੇਤ ਹੋਰ ਮੰਗਾਂ ਬਾਰੇ ਭਰੋਸਾ ਦਿੱਤਾ ਜਿਸ ਮਗਰੋਂ ਵਿਦਿਆਰਥੀ ਸ਼ਾਂਤ ਹੋਏ। ਵਿਦਿਆਰਥੀਆਂ ਨੇ ਕਾਲਜ ਕੰਪਲੈਕਸ ਅਤੇ ਹੋਸਟਲਾਂ ਖ਼ਾਸਕਰ ਵਿਦਿਆਰਥਣਾਂ ਦੇ ਹੋਸਟਲਾਂ ਦੀ ਸੁਰੱਖਿਆ ਹੋਰ ਵਧਾਉਣ ਦੀ ਮੰਗ ਕੀਤੀ। ਸ਼ਹੀਦ ਸਰਾਭਾ ਟਰੱਸਟ ਦੀ ਚੇਅਰਪਰਸਨ ਪਰਮਜੀਤ ਕੌਰ ਪੰਧੇਰ ਤੇ ਟਰੱਸਟੀ ਜਸਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਸੁਰੱਖਿਆ ਬੰਦੋਬਸਤ ਹੋਰ ਸਖ਼ਤ ਕੀਤੇ ਜਾਣਗੇ, ਉਨ੍ਹਾਂ ਵਿਦਿਆਰਥੀਆਂ ਦੀਆਂ ਹੋਰ ਮੰਗਾਂ ਬਾਰੇ ਵੀ ਸਹਿਮਤੀ ਦਿੱਤੀ।