ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੁੜਕੀ ’ਚ ਬੂਟੇ ਲਾਏ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 18 ਨਵੰਬਰ
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਛੋਟੇ ਜੰਗਲ ਲਗਾਉਣ ਦੀ ਆਰੰਭੀ ਮੁਹਿੰਮ ਤਹਿਤ ਅੱਜ ਜਲੰਧਰ ਦੇ ਪਿੰਡ ਰੁੜਕੀ ਵਿੱਚ 331ਵਾਂ ਜੰਗਲ ਲਗਾਇਆ ਗਿਆ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆ ਦੱਸਿਆ ਕਿ ਇਹ ਜੰਗਲ ਲਾਉਣ ਲਈ ਬੂਟਾ ਸਿੰਘ ਯੂਕੇ ਦੇ ਸਮੂਹ ਪਰਿਵਾਰ ਵੱਲੋਂ ਇੱਕ ਕਿੱਲਾ ਜ਼ਮੀਨ ਜੰਗਲ ਲਾਉਣ ਲਈ ਦਿੱਤੀ ਗਈ ਹੈ। ਇਸ ਜ਼ਮੀਨ ਵਿੱਚ 50 ਕਿਸਮਾਂ ਤੋਂ ਵਧੇਰੇ ਫਲਦਾਰ ਅਤੇ ਹੋਰ ਤਰ੍ਹਾਂ ਦੇ 1600 ਬੂਟੇ ਲਗਾਏ ਗਏ ਹਨ, ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ’ਚ ਸਹਾਈ ਹੋਣ ਦੇ ਨਾਲ ਜੀਵ-ਜੰਤੂਆਂ ਲਈ ਰੈਣ-ਬਸੇਰੇ ਵਜੋਂ ਲਾਹੇਵੰਦ ਹੋਣਗੇ। ਇਸ ਲੜੀ ਤਹਿਤ ਪੰਜਾਬ ਦੇ ਵੱਖ-ਵੱਖ ਕੋਣਿਆਂ ਵਿੱਚ ਹੁਣ ਤੱਕ 331 ਛੋਟੇ ਜੰਗਲ ਲਗਾਏ ਜਾ ਚੁੱਕੇ ਜੋ ਨਿਰੰਤਰ ਜਾਰੀ ਹਨ। ਇਸ ਤੋਂ ਇਲਾਵਾ ਸੰਸਥਾ ਵੱਲੋਂ ਦੇਸ਼ ਭਰ ਵਿੱਚ 531 ਕਿਲੋਮੀਟਰ ਸੜਕਾਂ ਦੇ ਆਲੇ-ਦੁਆਲੇ ਵੀ ਬੂਟੇ ਲਗਾਏ ਜਾ ਚੁੱਕੇ ਹਨ। ਇਸ ਮੌਕੇ ਬੂਟਾ ਸਿੰਘ, ਅਮਰਜੀਤ ਸਿੰਘ, ਬਲਦੇਵ ਸਿੰਘ, ਰੇਸ਼ਮ ਸਿੰਘ, ਸ਼ਿੰਗਾਰਾ ਸਿੰਘ (ਯੂਕੇ ਨਿਵਾਸੀ), ਗੁਰਨਾਮ ਸਿੰਘ ਹਾਜ਼ਰ ਸਨ।