ਸੰਤ ਸਿਹੋੜਾ ਵਾਲਿਆਂ ਦੀ ਯਾਦ ’ਚ ਬਰਸੀ ਸਮਾਗਮ ਮੌਕੇ ਸੰਗਤਾਂ ਨੂੰ ਵੰਡੇ ਬੂਟੇ
ਪੱਤਰ ਪ੍ਰੇਰਕ
ਕੁੱਪ ਕਲਾਂ, 13 ਜੁਲਾਈ
ਪਿੰਡ ਭੋਗੀਵਾਲ ਵਿੱਚ ਸੰਤ ਬਲਵੰਤ ਸਿੰਘ ਸਿਹੋੜਾ ਵਾਲਿਆਂ ਦੀ ਯਾਦ ’ਚ ਗੁਰਦੁਆਰਾ ਸੁਖਸਾਗਰ ਸਾਹਿਬ ਵਿੱਚ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਵੱਲੋਂ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਦਰਵਾੜਾ ਮੁਹਿੰਮ ਤਹਿਤ ‘ਰੁੱਖ ਲਗਾਓ ਵਾਤਾਵਰਨ ਬਚਾਉ’ ਦੇ ਨਾਅਰੇ ਹੇਠ 1100 ਦੇ ਕਰੀਬ ਛਾਂਦਾਰ ਤੇ ਫ਼ਲਦਾਰ ਬੂਟੇ ਵੰਡੇ ਗਏ।
ਇਸ ਮੌਕੇ ਸੇਵਾਦਾਰ ਮਨਦੀਪ ਸਿੰਘ ਖੁਰਦ ਨੇ ਕਿਹਾ ਕਿ ਬਾਪੂ ਇੰਦਰਜੀਤ ਸਿੰਘ ਮੁੰਡੇ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਕੀਤੇ ਜਾ ਕਾਰਜ ਸ਼ਲਾਘਾਯੋਗ ਹਨ। ਇਨ੍ਹਾਂ ਕਾਰਜਾਂ ਵਿੱਚ ਸਾਨੂੰ ਸਾਰਿਆਂ ਸਾਥ ਦੇਣਾ ਚਾਹੀਦਾ ਹੈ। ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਬਾਬਾ ਕੁਲਦੀਪ ਸਿੰਘ ਮੋਨੀ, ਸੁਖਵਿੰਦਰ ਸਿੰਘ ਚੀਮਾ, ਪ੍ਰਧਾਨ ਗੁਰਸ਼ਰਨ ਸਿੰਘ ਸਰਨਾ ਚੱਠਾ, ਦੀਦਾਰ ਸਿੰਘ ਪਟਵਾਰੀ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੀਤ ਪ੍ਰਧਾਨ ਪੁਸ਼ਪਿੰਦਰ ਸਿੰਘ ਰਵੀ ਅਮਰਗੜ੍ਹ ਹਰਵਿੰਦਰ ਸਿੰਘ ਅਮਰਗੜ੍ਹ ਤੇ ਸੁਖਵਿੰਦਰ ਸਿੰਘ ਭੁੱਲਰ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।
ਖੰਨਾ: ਗੁਰੂ ਗੋਬਿੰਦ ਸਿੰਘ ਸਕੂਲ ਵਿੱਚ ਬੂਟੇ ਲਾਏ
ਖੰਨਾ (ਨਿੱਜੀ ਪੱਤਰ ਪ੍ਰੇਰਕ): ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਆਲੇ-ਦੁਆਲੇ ਮਹਿੰਦਰ ਸਿੰਘ ਜ਼ਿਲ੍ਹਾ ਸਪੋਰਟਸ ਅਫ਼ਸਰ ਲੁਧਿਆਣਾ ਅਤੇ ਮੇਜਰ ਸਿੰਘ ਸਾਬਕਾ ਬੈਂਕ ਮੈਨੇਜਰ ਨੇ 125 ਛਾਂਦਾਰ ਅਤੇ ਫ਼ਲਦਾਰ ਬੂਟੇ ਲਾਏ। ਇਸ ਮੌਕੇ ਵਾਈਸ ਪ੍ਰਿੰਸੀਪਲ ਜਤਿੰਦਰ ਕੌਰ ਨੇ ਆਈ ਟੀਮ ਦਾ ਧੰਨਵਾਦ ਕਰਦਿਆਂ ਬੂਟਿਆਂ ਦੀ ਸੰਭਾਲ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਬੂਟੇ ਲਾਉਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਇਹ ਰੁੱਖ ਜਿੱਥੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਉੱਥੇ ਹੀ ਇਹ ਪੰਛੀਆਂ ਦੇ ਰਹਿਣ ਲਈ ਸਹਾਈ ਹੁੰਦੇ ਹਨ। ਇਸ ਮੌਕੇ ‘ਕਰਮ ਹੀ ਧਰਮ ਹੈ’ ਸੇਵਾ ਸੁਸਾਇਟੀ ਦੇ ਮੈਂਬਰ ਅਮਨਿੰਦਰ ਸਿੰਘ, ਰਾਜਿੰਦਰ ਸਿੰਘ ਢੀਂਡਸਾ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਮੈਡਮ ਮਨਦੀਪ ਕੌਰ, ਬਲਵਿੰਦਰ ਕੌਰ, ਸਤਵਿੰਦਰ ਕੌਰ, ਬਿਮਲਜੀਤ ਕੌਰ, ਸਰਬਜੀਤ ਕੌਰ, ਦਲਜੀਤ ਕੌਰ, ਬਲਜੀਤ ਕੌਰ, ਜਸਦੀਪ ਕੌਰ, ਅਮਰਜੀਤ ਕੌਰ, ਪਲਵਿੰਦਰ ਕੌਰ ਅਤੇ ਮੁਕੇਸ਼ ਕੁਮਾਰ ਤੋਂ ਇਲਾਵਾ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ।