‘ਸੰੰਯੁਕਤ ਕਿਸਾਨ ਮੋਰਚਾ’ ਫਰਵਰੀ ਦੇ ਅੰਤ ’ਚ ਕਰੇਗਾ ਦਿੱਲੀ ਕੂਚ: ਉਗਰਾਹਾਂ
ਚਰਨਜੀਤ ਭੁੱਲਰ/ਸਰਬਜੀਤ ਸਿੰਘ ਭੰਗੂ
ਚੰਡੀਗੜ੍ਹ/ਪਟਿਆਲਾ, 9 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਭਖਦੇ ਕਿਸਾਨੀ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਪੱਕੇ ਮੋਰਚਿਆਂ ਵਿੱਚ ਚੌਥੇ ਦਿਨ ਵੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇ ਗੂੰਜੇ। ਇਹ ਧਰਨੇ 16 ਜ਼ਿਲ੍ਹਿਆਂ ਤੋਂ ਵਧ ਕੇ 17 ਜ਼ਿਲ੍ਹਿਆਂ ਵਿੱਚ ਹੋ ਗਏ ਹਨ ਤੇ ਧਰਨਿਆਂ ’ਚ ਨੌਜਵਾਨਾਂ ਤੇ ਔਰਤਾਂ ਦੀ ਭਰਵੀਂ ਸ਼ਮੂਲੀਅਤ ਹੈ। ਕਿਸਾਨ ਜਥੇਬੰਦੀ ਉਗਰਾਹਾਂ ਦੇ ਪੰਜ ਰੋਜ਼ਾ ਧਰਨੇ ਭਲਕੇ 10 ਫਰਵਰੀ ਨੂੰ ਖ਼ਤਮ ਹੋ ਜਾਣਗੇ। ਆਗੂਆਂ ਨੇ ਦੱਸਿਆ ਕਿ ਹੁਣ ਚੰਡੀਗੜ੍ਹ ’ਚ ਵਿੱਚ ਪੱਕਾ ਮੋਰਚਾ ਲਾਉਣ ਦੀ ਯੋਜਨਾ ਹੈ, ਜਿਸ ਦੇ ਸਮੇਂ ਤੇ ਸਥਾਨ ਬਾਰੇ ਐਲਾਨ 10 ਫ਼ਰਵਰੀ ਨੂੰ ਹੋਵੇਗਾ।
ਅੱਜ ਪਟਿਆਲਾ ’ਚ ਧਰਨੇੇ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਦੇ ਮਸਲਿਆਂ ਤੇ ਸੰਘਰਸ਼ਾਂ ਨੂੰ ਅਣਗੌਲਿਆਂ ਕਰਨਾ ਸਰਕਾਰ ਨੂੰ ਮਹਿੰਗਾ ਪੈ ਸਕਦਾ ਹੈ। ਦੂਜੇ ਪਾਸੇ ਕਿਸਾਨੀ ਮੰਗਾਂ ਲਈ ‘ਸੰਯੁਕਤ ਕਿਸਾਨ ਮੋਰਚਾ’ (ਗ਼ੈਰ-ਸਿਆਸੀ) ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦੇ ਫ਼ੈਸਲੇ ਦੇ ਮੱਦੇਨਜ਼ਰ ਉਗਰਾਹਾਂ ਨੇ ਆਖਿਆ ਕਿ ਕਿਸਾਨੀ ਮੰਗਾਂ ਤੇ ਮਸਲਿਆਂ ਦੇ ਹੱਲ ਲਈ ‘ਸੰਯੁਕਤ ਕਿਸਾਨ ਮੋਰਚਾ’ ਵੀ ਫਰਵਰੀ ਦੇ ਅੰਤ ’ਚ ਦਿੱਲੀ ਵੱਲ ਕੂਚ ਕਰੇਗਾ। ਜੋਗਿੰਦਰ ਸਿੰਘ ਉਗਰਾਹਾਂ ਨੇ ਪੱਤਰਕਾਰਾਂ ਦੇ ਸਵਾਲ ਕਿ ਕੀ 13 ਫਰਵਰੀ ਨੂੰ ਕਿਸਾਨ ਯੂਨੀਅਨ ਵੀ ਦਿੱਲੀ ਵੱਲ ਨੂੰ ਕੂਚ ਕਰੇਗੀ?, ਦੇ ਜਵਾਬ ’ਚ ਕਿਹਾ, ‘‘ਇਹ ਪ੍ਰੋਗਰਾਮ ‘ਸੰਯੁਕਤ ਕਿਸਾਨ ਮੋਰਚਾ’ (ਗੈਰ ਸਿਆਸੀ) ਦਾ ਹੈ। ਭਾਵੇਂ ਇਹ ਪ੍ਰੋਗਰਾਮ ਉਲੀਕਣ ਵਾਲੇ ਵੀ ਸਾਡੇ ਹੀ ਭਰਾ ਹਨ ਪਰ 32 ਜਥੇਬੰਦੀਆਂ ਨਾਲ ਸਬੰਧਤ ‘ਸੰਯੁਕਤ ਕਿਸਾਨ ਮੋਰਚਾ’ ਵੱਲੋਂ ਮੁੜ ਦਿੱਲੀ ਦੀਆਂ ਬਰੂਹਾਂ ’ਤੇ ਦਸਤਕ ਦੇਣ ਦਾ ਪ੍ਰੋਗਰਾਮ ਫਰਵਰੀ ਦੇ ਅਖੀਰ ਦਾ ਹੈ, ਜਿਸ ਕਰਕੇ ਸਾਡੀ ਜਥੇਬੰਦੀ 13 ਫਰਵਰੀ ਨੂੰ ਦਿੱਲੀ ਨਹੀਂ ਜਾ ਰਹੀ।’’ ਦਿੱਲੀ ’ਚ ਡੇਰੇ ਲਾਉਣ ਦੀ ਮਿਆਦ ਬਾਰੇ ਸਵਾਲ ’ਤੇ ਉਨ੍ਹਾਂ ਆਖਿਆ ਕਿ ਇਹ ਫ਼ੈਸਲਾ ਹਾਲੇ ਮੋਰਚੇ ਵੱਲੋਂ ਲਿਆ ਜਾਣਾ ਹੈ ਪਰ ਦਿੱਲੀ ਜਾਣ ਦਾ ਪ੍ਰੋਗਰਾਮ ਤੈਅ ਹੈ। ਉਗਰਾਹਾਂ ਮੁਤਾਬਕ, ‘‘ਹਾਂ, ਇੰਨਾ ਕੁ ਹੋ ਸਕਦਾ ਹੈ ਕਿ ਫਰਵਰੀ ’ਚ ਨਹੀਂ ਤਾਂ ਮਾਰਚ ਦੇ ਸ਼ੁਰੂ ਦਾ ਪ੍ਰੋਗਰਾਮ ਬਣ ਸਕਦਾ ਹੈ ਪਰ ਮੋਰਚਾ ਇੱਕ ਵਾਰ ਫਿਰ ਦਿੱਲੀ ਵੱਲ ਜ਼ਰੂਰ ਕੂਚ ਕਰੇਗਾ।’’
‘ਭਾਰਤ ਬੰਦ’ ਦਾ ਪ੍ਰੋਗਰਾਮ ਨਵੀਂ ਲਹਿਰ ਖੜ੍ਹੀ ਕਰੇਗਾ: ਸੰਯੁਕਤ ਕਿਸਾਨ ਮੋਰਚਾ
ਚੰਡੀਗੜ੍ਹ (ਟਨਸ): ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਅੱਜ ਇੱਥੇ ਦੱਸਿਆ ਕਿ 16 ਫਰਵਰੀ ਨੂੰ ‘ਭਾਰਤ ਬੰਦ’ ਦੇ ਸੱਦੇ ’ਤੇ ਸਮੁੱਚੇ ਦੇਸ਼ ਵਿਚ ਕਿਸਾਨ-ਮਜ਼ਦੂਰ ਅਤੇ ਟਰੇਡ ਯੂਨੀਅਨਾਂ ਸੜਕਾਂ ’ਤੇ ਉਤਰਨਗੀਆਂ। ਅੱਜ ਸੂਬੇ ਵਿਚ ਝੰਡਾ ਮਾਰਚ ਕਰ ਕੇ ਲੋਕਾਂ ਦੀ ਲਾਮਬੰਦੀ ਕੀਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ‘ਭਾਰਤ ਬੰਦ’ ਵਾਸਤੇ ਤਿਆਰੀ ਜੰਗੀ ਪੱਧਰ ’ਤੇ ਚੱਲ ਰਹੀ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜ ਗਿੱਲ, ਪ੍ਰੇਮ ਭੰਗੂ, ਰਮਿੰਦਰ ਪਟਿਆਲਾ ਅਤੇ ਜੰਗਵੀਰ ਚੌਹਾਨ ਆਦਿ ਨੇ ਅੱਜ ‘ਭਾਰਤ ਬੰਦ’ ਦੀਆਂ ਤਿਆਰੀਆਂ ਤੋਂ ਜਾਣੂ ਕਰਵਾਇਆ। ਆਗੂਆਂ ਨੇ ਦੱਸਿਆ ਕਿ ‘ਭਾਰਤ ਬੰਦ’ ਕੇਂਦਰ ਸਰਕਾਰ ਨੂੰ ਵੱਡਾ ਹਲੂਣਾ ਦੇਵੇਗਾ ਅਤੇ ਇੱਕ ਨਵੀਂ ਲਹਿਰ ਖੜ੍ਹੀ ਕਰੇਗਾ। ਆਗੂਆਂ ਨੇ ਦੱਸਿਆ ਕਿ ਸ਼ਹਿਰਾਂ ਦੇ ਪ੍ਰਮੁੱਖ ਚੌਕਾਂ ਵਿਚ ਧਰਨੇ ਦਿੱਤੇ ਜਾਣਗੇ ਅਤੇ ਵੱਡੀਆਂ ਸੜਕਾਂ ਨੂੰ ਜਾਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੇਲ ਮਾਰਗ ਜਾਮ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ। ਆਗੂਆਂ ਨੇ ਕਿਹਾ ਕਿ ‘ਭਾਰਤ ਬੰਦ’ ਦੌਰਾਨ ਮਰੀਜ਼ਾਂ, ਬਰਾਤ, ਹਵਾਈ ਅੱਡਿਆਂ ’ਤੇ ਜਾਣ ਵਾਲਿਆਂ ਤੋਂ ਇਲਾਵਾ ਐਮਰਜੈਂਸੀ ਵਿਚ ਜਾ ਰਹੇ ਲੋਕਾਂ ਨੂੰ ਛੋਟ ਦਿੱਤੀ ਜਾਵੇਗੀ।