ਸੰਤ ਵਕੀਲ ਨੇ ਬੀਰੇਂਦਰ ਦੇ ਨਾਂ ’ਤੇ ਲਿਖੀ ਸੀ ਵਸੀਅਤ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 22 ਅਗਸਤ
ਖੇਤਰ ਦੇ ਪਿੰਡ ਜਗਮਾਲਵਾਲੀ ਦੇ ਡੇਰਾ ਸ਼ਾਹ ਮਸਤਾਨਾ ਬਲੋਚਿਸਤਾਨੀ ਆਸ਼ਰਮ ’ਚ 2021 ਦੀ ਡਾਇਰੀ ਲੋਕਾਂ ਅਤੇ ਸਰਪੰਚਾਂ ਸਾਹਮਣੇ ਦਿਖਾਈ ਗਈ। ਇਸ ਦਾ ਜ਼ਿਕਰ ਡੇਰਾ ਸ਼ਰਧਾਲੂ ਅਮਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਕੀਤਾ ਸੀ ਅਤੇ ਕਿਹਾ ਸੀ ਕਿ 2021 ’ਚ ਸੰਤ ਬਹਾਦਰ ਚੰਦ ਵਕੀਲ ਸਾਹਿਬ ਨੇ ਵਸੀਅਤ ਬਾਰੇ ਡਾਇਰੀ ਲਿਖੀ ਸੀ, ਜਿਸ ਨੂੰ ਉਹ ਪਛਾਣ ਸਕਦੇ ਹਨ। ਹੁਣ ਉਹੀ ਡਾਇਰੀ ਇਲਾਕੇ ਦੇ ਸਰਪੰਚਾਂ ਅਤੇ ਸੰਤ ਵਕੀਲ ਸਾਹਿਬ ਦੇ ਭਤੀਜੇ ਵਿਸ਼ਨੂੰ ਅਤੇ ਸੰਜੇ ਨੇ ਮੀਡੀਆ ਦੇ ਸਾਹਮਣੇ ਰੱਖੀ ਹੈ। ਡੇਰੇ ਦੇ ਟਰੱਸਟੀਆਂ ਨੇ ਕਿਹਾ ਕਿ ਜੇ ਸੰਗਤ ਇਹ ਡਾਇਰੀ ਦੇਖਣਾ ਚਾਹੇ ਤਾਂ ਉਹ ਦਿਖਾ ਸਕਦੇ ਹਨ।
ਇਸ ਮੌਕੇ ਪਿੰਡ ਖੋਖਰ ਦੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਹੋਰ ਸਰਪੰਚਾਂ ਨੇ ਦੱਸਿਆ ਕਿ ਸੰਤ ਵਕੀਲ ਸਾਹਿਬ ਦੀ 2021 ਦੀ ਡਾਇਰੀ ਵਿੱਚ ਵੀ ਮਹਾਤਮਾ ਬੀਰੇਂਦਰ ਦੇ ਨਾਂ ਦੀ ਵਸੀਅਤ ਹੈ ਅਤੇ ਇਹ ਡਾਇਰੀ ਸੰਤ ਨੇ ਆਪਣੇ ਹੱਥੀਂ ਲਿਖੀ ਹੈ। ਇਸ ਮੌਕੇ ਡੇਰੇ ਦੇ ਪ੍ਰਬੰਧਕਾਂ ਨੇ ਸੰਗਤਾਂ ਨੂੰ ਇਹ ਵੀ ਕਿਹਾ ਕਿ ਕਿਸੇ ਨੂੰ ਵੀ ਗੁੰਮਰਾਹ ਨਹੀਂ ਕਰਨਾ ਚਾਹੀਦਾ ਅਤੇ ਡੇਰੇ ’ਤੇ ਆ ਕੇ ਸੱਚਾਈ ਜਾਣਨੀ ਚਾਹੀਦੀ ਹੈ।
ਇਸ ਮੌਕੇ ਸੰਤ ਵਕੀਲ ਸਾਹਿਬ ਦੇ ਭਤੀਜੇ ਵਿਸ਼ਨੂੰ ਨੇ ਕਿਹਾ ਕਿ ਸਸਕਾਰ ਸੰਬੰਧੀ ਵੀ ਸੰਗਤਾਂ ਨੂੰ ਗੁੰਮਰਾਹ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਡੇਰਾ ਸ਼ਰਧਾਲੂ ਅਮਰ ਸਿੰਘ ਨੂੰ ਵੀ ਡਾਇਰੀ ਦੇਖਣ ਲਈ ਸੱਦਾ ਦਿੱਤਾ ਗਿਆ ਸੀ ਪਰ ਉਹ ਕਿਸੇ ਕਾਰਨ ਨਹੀਂ ਆਏ। ਇਸ ਮੌਕੇ ਡੇਰਾ ਜਗਮਾਲਵਾਲੀ ਦੇ ਸਾਧੂ ਗੁਰਮੇਲ ਸਿੰਘ, ਵਿਸ਼ਨੂੰ, ਸੰਜੇ ਅਤੇ ਜਗਮਾਲਵਾਲੀ ਤੋਂ ਕੁਲਦੀਪ ਸਿੰਘ, ਗੁਰਜੰਟ ਸਿੰਘ ਨੰਬਰਦਾਰ, ਗੁਰਦਾਸ ਸਿੰਘ, ਔਢਾਂ ਬਲਾਕ ਸਮਿਤੀ ਦੇ ਚੇਅਰਮੈਨ ਮਨਜੀਤ ਸਿੰਘ ਚੱਠਾ ਹਾਜ਼ਰ ਸਨ।