For the best experience, open
https://m.punjabitribuneonline.com
on your mobile browser.
Advertisement

ਸੰਤ ਸਿੰਘ ਡੀ.ਈ.ਓ.

07:07 AM Jun 30, 2024 IST
ਸੰਤ ਸਿੰਘ ਡੀ ਈ ਓ
Advertisement

ਡਾ. ਇਕਬਾਲ ਸਿੰਘ ਸਕਰੌਦੀ

Advertisement

ਪਿਛਲੇ ਦਸ ਸਾਲਾਂ ਤੋਂ ਮੋਗਾ ਨਵਾਂ ਜ਼ਿਲ੍ਹਾ ਬਣਿਆ ਸੀ। ਇਹ ਪਹਿਲਾ ਮੌਕਾ ਸੀ ਕਿ ਡੀ.ਈ.ਓ. ਦੀ ਆਸਾਮੀ ਚਾਰ ਮਹੀਨੇ ਤੋਂ ਖ਼ਾਲੀ ਰਹੀ ਹੋਵੇ। ਭਾਵੇਂ ਡਿਪਟੀ ਡੀ.ਈ.ਓ. ਦੇਵ ਰਾਜ ਜੀ ਦਫ਼ਤਰ ਦਾ ਸਾਰਾ ਕੰਮ ਸਮੇਂ ਸਿਰ ਪੂਰਾ ਕਰਨ ਦੀ ਪੂਰੀ ਵਾਹ ਲਾ ਦਿੰਦੇ ਸਨ। ਪਰ ਦਫ਼ਤਰ ਵਿਚਲਾ ਦਫ਼ਤਰੀ ਅਮਲਾ ਫ਼ੈਲਾ ਕੋਈ ਨਾ ਕੋਈ ਅਜਿਹੀ ਢੁੱਚਰ ਡਾਹ ਦਿੰਦਾ ਸੀ ਕਿ ਦੇਵਰਾਜ ਨੂੰ ਲੱਗਦ, ਜਿਵੇਂ ਚੱਲਦੀ ਚੱਕੀ ਵਿੱਚ ਰੋੜ ਆ ਗਿਆ ਹੋਵੇ।
ਸੁਪਰਡੈਂਟ ਧੰਨਾ ਸਿੰਘ ਜੀ.ਪੀ.ਐੱਫ. ਵਿੱਚੋਂ ਆਪਣੀ ਰਕਮ ਕਢਵਾਉਣ ਆਏ ਕਿਸੇ ਮਾਸਟਰ ਦੇ ਕੇਸ ਵਿੱਚ ਅਜਿਹੀ ਅੜਚਨ ਪਾਉਂਦਾ ਕਿ ਵਾਰ-ਵਾਰ ਗੇੜੇ ਮਾਰਨ ਤੋਂ ਡਰਦਾ ਅਗਲਾ ਸੁਪਰਡੈਂਟ ਦੀ ਕੁਰਸੀ ਕੋਲ ਹੋ ਕੇ ਹੌਲੀ ਜਿਹੀ ਫੁਸਫੁਸਾਉਂਦਾ, ‘‘ਸਰਦਾਰ ਸਾਹਿਬ, ਹੁਣ ਕਾਹਨੂੰ ਇਤਰਾਜ਼ ਲਾਉਣਾ ਹੈ ਜੀ! ਇੱਕ ਮਹੀਨੇ ਨੂੰ ਮੇਰੀ ਧੀ ਦਾ ਕਾਰਜ ਹੈ। ਤੁਸੀਂ ਏਦਾਂ ਹੀ ਬੁੱਤਾ ਸਾਰ ਦਿਓ ਸਾਹਿਬ। ਮੇਰੇ ਗੋਚਰੇ ਕੀ ਸੇਵਾ ਹੈ? ਦੱਸੋ?’’
ਮਾਸਟਰ ਜੀ ਦੀ ਡਰੀ ਅਤੇ ਸਹਿਮੀ ਹੋਈ ਆਵਾਜ਼ ਸੁਣ ਕੇ ਸੁਪਰਡੈਂਟ ਖੜ੍ਹੀਆਂ ਕੀਤੀਆਂ ਮੁੱਛਾਂ ਵਿਚਦੀ ਹੱਸਦਾ। ਫਿਰ ਉਹ ਸੇਵਾਦਾਰ ਨੂੰ ਆਵਾਜ਼ ਮਾਰ ਕੇ ਕਹਿੰਦਾ, ‘‘ਰਾਮਦੀਨ! ਜ਼ਰਾ ਮਾਸਟਰ ਜੀ ਨਾਲ ਜਾ। ਆਉਂਦਾ ਹੋਇਆ ਚੌਦਾਂ ਕੱਪ ਦੁੱਧ ਪੱਤੀ ਵੀ ਲੈਂਦਾ ਆਵੀਂ। ਜਾ ਹੁਣ, ਹਿੰਮਤ ਮਾਰ।’’
ਰੋਜ਼ ਦਾ ਗਿੱਝਿਆ ਸੇਵਾਦਾਰ ਅੱਖਾਂ ਵਿੱਚ ਹੱਸਦਾ ਆਖਦਾ, ‘‘ਜੀ ਜਨਾਬ! ਬੱਸ ਜੀ, ਮੈਂ ਗਿਆ ਤੇ ਆਇਆ।’’
ਉਹ ਦਗੜ-ਦਗੜ ਪੌੜੀਆਂ ਉਤਰਦਾ, ਮਾਸਟਰ ਜੀ ਨੂੰ ਦਫ਼ਤਰ ਦੀ ਰਮਜ਼ ਸਮਝਾਉਂਦਾ ਹੋਇਆ ਬੋਲਦਾ, ‘‘ਆਓ ਮਾਸਟਰ ਜੀ, ਆਪਾਂ ਹੇਠਾਂ ਚੱਲੀਏ।’’
ਨਾਲ ਪੌੜੀਆਂ ਉੱਤਰ ਰਹੇ ਮਾਸਟਰ ਨੂੰ ਉਹ ਸਮਝੌਤੀਆਂ ਦੇਣ ਲੱਗ ਪੈਂਦਾ, ‘‘ਮਾਸਟਰ ਜੀ! ਉਂਝ ਤਾਂ ਤੁਸੀਂ ਪੜ੍ਹੇ ਲਿਖੇ ਸੱਜਣ ਪੁਰਸ਼ ਓ! ਪਰ ਤੁਸੀਂ ਮੈਨੂੰ ਦਫ਼ਤਰੀ ਬਾਬੂਆਂ ਤੋਂ ਬਹੁਤੇ ਵਾਕਫ਼ ਨ੍ਹੀਂ ਲੱਗਦੇ। ਸਾਡੇ ਦਫ਼ਤਰ ਦਾ ਇਹ ਸੁਪਰਡੈਂਟ ਤਾਂ ਐਡਾ ਕੁੱਤੇ ਦਾ ਵੱਢਿਆ ਹੋਇਐ ਕਿ ਇਹ ਤਾਂ ਆਪਣੇ ਸਕੇ ਪਿਉ ਨੂੰ ਨ੍ਹੀਂ ਛੱਡਦਾ। ਤੁਸੀਂ ਤਾਂ ਉਹਦੇ ਲੱਗਦੇ ਈ ਕੀ ਓ? ਅਗਲੇ ਮਹੀਨੇ ਥੋਡੀ ਧੀ ਦਾ ਵਿਆਹ ਐ। ਇਹਨੇ ਕੋਈ ਇਹੋ ਜੀ ਘੁਣਤਰ ਕੱਢਣੀ ਐਂ ਕਿ ਥੋਡਾ ਕੇਸ ਈ ਰੋਲ਼ ਦੇਣੈਂ।’’
ਸੇਵਾਦਾਰ ਦੀਆਂ ਗੱਲਾਂ ਸੁਣ ਕੇ ਉਸ ਵਾਰ ਆਏ ਮਾਸਟਰ ਜੀ ਦੇ ਵੀ ਕਪਾਟ ਖੁੱਲ੍ਹ ਗਏ। ਉਸ ਦੀ ਖੱਬੀ ਵੱਖੀ ਵਿੱਚ ਹਲਕਾ-ਹਲਕਾ ਦਰਦ ਹੋ ਰਿਹਾ ਸੀ। ਉਸ ਨੇ ਦਰਦ ਵਾਲੀ ਥਾਂ ਨੂੰ ਸੱਜੇ ਹੱਥ ਨਾਲ ਘੁੱਟਿਆ ਤੇ ਕਿਹਾ, ‘‘ਰਾਮਦੀਨ ਜੀ, ਮੈਨੂੰ ਪੈਸਿਆਂ ਦੀ ਬਹੁਤ ਲੋੜ ਐ। ਤੂੰ ਮੇਰਾ ਕੰਮ ਛੇਤੀ ਕਰਵਾ ਯਾਰ। ਹੋਰ ਜੋ ਸੇਵਾ ਪਾਣੀ ਹੈ, ਮੈਂ ਕਰ ਦਿੰਦਾ ਹਾਂ।’’
‘‘ਬੱਸ ਬੱਸ ਮਾਸਟਰ ਜੀ। ਹੁਣ ਤੁਸੀਂ ਕੋਈ ਫ਼ਿਕਰ ਨਾ ਕਰੋ। ਹੁਣ ਮੈਂ ਜਾਣਾ ਤੇ ਮੇਰਾ ਕੰਮ। ਤੁਸੀਂ ਇਉਂ ਕਰੋ। ਆਪਣੀ ਉਹ ਮਲਹੋਤਰੇ ਦੀ ਵੱਡੀ ਦੁਕਾਨ ਐ ਨਾ ਵੱਡੇ ਚੌਕ ’ਚ! ਤੁਸੀਂ ਉਹਤੋਂ ਦੋ ਕਿਲੋ ਪਨੀਰ ਪਕੌੜੇ ਤੇ ਵੀਹ ਕੁ ਵੱਡੀਆਂ ਗਰਮ-ਗਰਮ ਗੁਲਾਬ ਜਾਮਣਾਂ ਫੜ ਲਿਆਓ। ਅੱਜ ਤੁਸੀਂ ਵੀ ਉਹਦੀਆਂ ਗੁਲਾਬ ਜਾਮਣਾਂ ਖਾ ਕੇ ਦੇਖਿਓ! ਜੇ ਘਰ ਦਾ ਬਾਰ ਨਾ ਭੁੱਲ ਜਾਓਂ। ਥੋਡੇ ਆਉਂਦਿਆਂ ਤੱਕ ਮੈਂ ਚਾਹ ਪੱਤੀ ਤਿਆਰ ਕਰਾਉਂਦਾ ਹਾਂ। ਤੁਸੀਂ ਜਾਂਦੇ-ਜਾਂਦੇ ਆਹ ਚਾਹ ਵਾਲੇ ਰਾਜੂ ਦੇ ਤਾਂ ਪੈਸੇ ਦੇ ਈ ਜਾਓ।’’ ਲੀਹ ’ਤੇ ਆਈ ’ਸਾਮੀ ਨੂੰ ਹੰਢੇ ਵਰਤੇ ਸੇਵਾਦਾਰ ਨੇ ਕੁੰਡੀ ਪਾਉਂਦਿਆਂ ਆਖਿਆ।
ਮਾਸਟਰ ਜੀ ਨੇ ਬੁੱਲ੍ਹਾਂ ਉੱਤੇ ਆਈ ਸਿੱਕਰੀ ਨੂੰ ਜੀਭ ਨਾਲ ਤਰ ਕੀਤਾ। ਪੰਜ ਸੌ ਦਾ ਨੋਟ ਸੇਵਾਦਾਰ ਦੇ ਹੱਥ ਵਿੱਚ ਫੜਾ ਦਿੱਤਾ। ਇਸ ਤੋਂ ਪਹਿਲਾਂ ਕਿ ਸੇਵਾਦਾਰ ਮੂੰਹੋਂ ਕੁਝ ਬੋਲਦਾ, ਉਸ ਨੇ ਆਪਣੇ ਪਚਾਸੀ ਮਾੱਡਲ ਬਜਾਜ ਚੇਤਕ ਸਕੂਟਰ ਨੂੰ ਟੇਢਾ ਕੀਤਾ। ਚਾਰ ਪੰਜ ਕਿੱਕਾਂ ਮਾਰੀਆਂ। ਗੁੜ-ਗੁੜ ਦੀ ਆਵਾਜ਼ ਕਰਦਾ ਸਕੂਟਰ ਸਟਾਰਟ ਹੋ ਗਿਆ। ਸਕੂਟਰ ’ਤੇ ਚੜ੍ਹ ਉਹ ਵੱਡੇ ਬਾਜ਼ਾਰ ਦੇ ਰਾਹ ਪੈ ਗਿਆ।
ਸੁਰਜੀਤ ਰਾਮ, ਕਸਤੂਰੀ ਲਾਲ, ਸੁਲੋਚਨਾ, ਸੁਲਤਾਨਾ ਬੇਗ਼ਮ, ਚਿਰਾਗ਼ਦੀਨ ਆਦਿ ਗਰਮ-ਗਰਮ ਪਨੀਰ ਪਕੌੜੇ ਅਤੇ ਗੁਲਾਬ ਜਾਮਣ ਛਕ ਰਹੇ ਸਨ। ਉਹ ਦਰਿਆ ਦਿਲ ਸੁਪਰਡੈਂਟ ਸਾਹਿਬ ਦੀਆਂ ਤਾਰੀਫ਼ਾਂ ਵੀ ਕਰ ਰਹੇ ਸਨ। ਸੁਲਤਾਨਾ ਬੇਗ਼ਮ ਕਹਿ ਰਹੀ ਸੀ, ‘‘ਸੁਪਰਡੈਂਟ ਸਾਹਿਬ, ਥੋਡੇ ਨਾਲ ਕੰਮ ਕਰਨ ਦੀ ਬੜੀ ਲੱਜ਼ਤ ਐ। ਇਹੋ ਜਿਹੇ ਲਜ਼ੀਜ਼ ਪਕੌੜੇ ਹੋਰ ਕਿਤੋਂ ਨ੍ਹੀਂ ਮਿਲਦੇ। ਮੇਰੇ ਆਪਣੇ ਪੇਕਿਆਂ ਦੇ ਸ਼ਹਿਰ ਮਾਲੇਰਕੋਟਲੇ ਤਾਂ ਕਿਸੇ ਕੰਮ ਦੇ ਨਹੀਂ ਬਣਾਉਂਦੇ।’’
ਸੁਰਜੀਤ ਰਾਮ ਭਰੀ ਕੌਲੀ ਵਿੱਚੋਂ ਚਟਣੀ ਆਪਣੀ ਪਲੇਟ ਵਿੱਚ ਉਲਟਾਉਂਦਿਆਂ ਬੋਲਿਆ, ‘‘ਸਾਹਿਬ, ਜਦੋਂ ਦੇ ਤੁਸੀਂ ਏਸ ਦਫ਼ਤਰ ਵਿੱਚ ਆਏ ਓ, ਮੇਰਾ ਤਾਂ ਵਜ਼ਨ ਈ ਬਹੁਤ ਵਧ ਗਿਆ ਹੈ। ਉੱਧਰ ਮੇਰੀ ਘਰਵਾਲੀ ਮੈਨੂੰ ਮਜ਼ਾਕ ਕਰਦੀ ਰਹਿੰਦੀ ਐ। ਅਖੇ, ਲਾਲਾ ਜੀ, ਗੋਗੜ ਦੇਖੀ ਐ! ਕਿੱਧਰ ਨੂੰ ਤੁਰੀ ਜਾਂਦੀ ਐ? ਮੰਨਿਆ ਕਿ ਥੋਨੂੰ ਮੁਫ਼ਤ ਦਾ ਮਾਲ ਮਿਲਦੈ ਖਾਣ ਨੂੰ, ਪਰ ਢਿੱਡ ਤਾਂ ਥੋਡਾ ਆਪਣੈਂ।’’
ਸੁਰਜੀਤ ਰਾਮ ਦੇ ਮੂੰਹੋਂ ਉਹਦੀ ਦੋ ਸਾਲ ਪਹਿਲਾਂ ਵਿਆਹੀ ਆਈ ਵਹੁਟੀ ਦੀਆਂ ਗੱਲਾਂ ਸੁਣ ਕੇ ਸਲੋਚਨਾ ਨੇ ਚੁਟਕੀ ਭਰੀ, ‘‘ਸੁਰਜੀਤ, ਉਹਨੇ ਤਾਂ ਸ਼ਿਕਾਇਤ ਕਰਨੀ ਓ ਹੋਈ। ਦੋ ਸਾਲ ਪਹਿਲਾਂ ਤਾਂ ਤੂੰ ਪਤਲਾ ਛੀਂਟਕਾ ਜਿਹਾ ਸੋਹਣਾ ਗੱਭਰੂ ਜੁਆਨ ਸੀ, ਪਰ ਹੁਣ ਤੂੰ ਢਾਈ ਗੁਣਾ ਹੋ ਗਿਐਂ। ਕਿੱਥੇ ਉਹ ਸੁਬਕ ਜਿਹੀ ਮੁਟਿਆਰ! ਉਹ ਤੇਰੇ ਕੁਇੰਟਲ ਭਾਰ ਦੀ ਸ਼ਿਕਾਇਤ ਨਾ ਕਰੇ ਤਦ ਕੀ ਕਰੇ?’’ ਸਲੋਚਨਾ ਦੀ ਟਕੋਰ ਸੁਣ ਕੇ ਸਾਰੇ ਖਿੜਖਿੜਾ ਕੇ ਹੱਸ ਪਏ। ਫਿਰ ਉਹ ਪੇਪਰ ਨੈੱਪਕਿਨ ਨਾਲ ਹੱਥ ਸਾਫ਼ ਕਰਦੇ ਹੋਏ ਸੁਪਰਡੈਂਟ ਸਾਹਿਬ ਦਾ ਧੰਨਵਾਦ ਕਰਕੇ ਆਪੋ ਆਪਣੀਆਂ ਸੀਟਾਂ ਉੱਤੇ ਜਾ ਬੈਠੇ।
ਤੀਜੇ ਦਿਨ ਸਵੇਰੇ ਨੌਂ ਵਜੇ ਤੋਂ ਪਹਿਲਾਂ ਹੀ ਨਵੇਂ ਡੀ.ਈ.ਓ. ਸੰਤ ਸਿੰਘ ਆਪਣੀ ਸੀਟ ਮੱਲੀ ਬੈਠੇ ਸਨ। ਦਫ਼ਤਰ ਵਿੱਚ ਕੰਮ ਕਰਦੀਆਂ ਦੋਵੇਂ ਕੰਪਿਊਟਰ ਅਪਰੇਟਰਾਂ ਨੇ ਤਾਂ ਲੰਘੀ ਰਾਤ ਨੂੰ ਹੀ ਨਵੇਂ ਸਾਹਿਬ ਦੇ ਆਰਡਰ ਨੈੱਟ ਉੱਤੇ ਵੇਖ ਲਏ ਸਨ, ਪਰ ਕੰਪਿਊਟਰ ਤੋਂ ਕੋਰੇ ਪਕੇਰੀ ਉਮਰ ਦੇ ਸੁਪਰਡੈਂਟ ਨੂੰ ਦਫ਼ਤਰ ਆ ਕੇ ਹੀ ਨਵੇਂ ਸਾਹਿਬ ਦੇ ਆਉਣ ਬਾਰੇ ਪਤਾ ਲੱਗਾ ਸੀ। ਰੋਜ਼ਾਨਾ ਅੱਧਾ ਪੌਣਾ ਘੰਟਾ ਦਫ਼ਤਰ ਵਿੱਚ ਲੇਟ ਪਹੁੰਚਣ ਵਾਲੇ ਸੁਪਰਡੈਂਟ ਨੇ ਐਨਕ ਦੇ ਸ਼ੀਸ਼ਿਆਂ ਦੇ ਉੱਪਰ ਦੀ ਝਾਕਦਿਆਂ ਨਵੇਂ ਸਾਹਿਬ ਨੂੰ ਹੱਥ ਜੋੜ ਫ਼ਤਹਿ ਬੁਲਾਉਂਦਿਆਂ ਕਿਹਾ, ‘‘ਸਤਿ ਸ੍ਰੀ ਅਕਾਲ ਸਾਹਿਬ, ਮੈਂ ਧੰਨਾ ਸਿੰਘ ਸੁਪਰਡੈਂਟ ਹਾਂ ਜੀ। ਸਰ, ਥੋਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਜੀ।’’
ਸਾਹਿਬ ਨੇ ਆਪਣੀ ਡਾਇਰੀ ਤੋਂ ਨਜ਼ਰ ਹਟਾਉਂਦਿਆਂ ਉਹਦੇ ਵੱਲ ਵੇਖ ਕੇ ਆਖਿਆ, ‘‘ਸਤਿ ਸ੍ਰੀ ਅਕਾਲ ਸੁਪਰਡੈਂਟ ਸਾਹਿਬ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਉਂ ਕਰੋ, ਮੇਰੇ ਵੱਲੋਂ ਦਫ਼ਤਰ ਦੇ ਸਾਰੇ ਕਰਮਚਾਰੀਆਂ ਨੂੰ ਇੱਕ ਆਰਡਰ ਨੋਟ ਕਰਵਾਓ। ਮੈਂ ਅੱਜ ਦਸ ਵਜੇ ਸਾਰੇ ਸਟਾਫ਼ ਦੀ ਮੀਟਿੰਗ ਲੈਣੀ ਹੈ।’’
‘‘ਜੀ ਸਰ।’’ ਕਹਿ ਕੇ ਸੁਪਰਡੈਂਟ ਨੇ ਆਪਣੀ ਐਨਕ ਨੂੰ ਠੀਕ ਕੀਤਾ। ਉਹ ਉੱਥੋਂ ਉੱਠ ਕੇ ਬਾਹਰ ਆ ਗਿਆ।
ਨਵੇਂ ਡੀ.ਈ.ਓ. ਸਾਹਿਬ ਦੀ ਮੀਟਿੰਗ ਠੀਕ ਦਸ ਵਜੇ ਸ਼ੁਰੂ ਹੋ ਗਈ ਸੀ। ਉਸ ਨੇ ਸਾਰੇ ਸਟਾਫ਼ ਨੂੰ ਸੰਬੋਧਨ ਕਰਦਿਆਂ ਆਖਿਆ, ‘‘ਸੁਪਰਡੈਂਟ ਸਾਹਿਬ, ਐੱਸ.ਓ. ਮੈਡਮ, ਸੀਨੀਅਰ ਸਹਾਇਕ, ਕਲਰਕ ਸਾਹਿਬਾਨ ਅਤੇ ਦਰਜਾ ਚਾਰ ਕਰਮਚਾਰੀ ਸਾਥੀਓ! ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੀ ਕਰਨੀਆਂ ਹਨ। ਪਹਿਲੀ ਗੱਲ ਤਾਂ ਇਹ ਕਿ ਹਰੇਕ ਕਰਮਚਾਰੀ ਸਵੇਰੇ ਨੌਂ ਵਜੇ ਤੋਂ ਪਹਿਲਾਂ ਦਫ਼ਤਰ ਵਿੱਚ ਹਾਜ਼ਰ ਹੋਵੇਗਾ। ਦੂਜੀ ਇਹ ਕਿ ਫੀਲਡ ਵਿੱਚੋਂ ਕਿਸੇ ਵੀ ਅਧਿਆਪਕ ਨੂੰ ਆਪਣੇ ਦਫ਼ਤਰੀ ਕੰਮ ਲਈ ਸਾਡੇ ਦਫ਼ਤਰ ਵਿੱਚ ਆਉਣ ਦੀ ਲੋੜ ਨਹੀਂ ਪੈਣੀ ਚਾਹੀਦੀ। ਸਵੇਰੇ ਗਿਆਰਾਂ ਵਜੇ ਤੱਕ ਜਿੰਨੀ ਡਾਕ ਸਾਡੇ ਦਫ਼ਤਰ ਵਿੱਚ ਪੁੱਜ ਜਾਇਆ ਕਰੇਗੀ, ਉਸ ਦਾ ਨਿਪਟਾਰਾ ਉਸੇ ਦਿਨ ਲਾਜ਼ਮੀ ਤੌਰ ’ਤੇ ਕਰਨਾ ਹੀ ਕਰਨਾ ਹੈ। ਜਿਹੜੀ ਡਾਕ ਗਿਆਰਾਂ ਵਜੇ ਤੋਂ ਬਾਅਦ ਸਾਡੇ ਦਫ਼ਤਰ ਵਿੱਚ ਆਏਗੀ, ਉਨ੍ਹਾਂ ਦਾ ਕੰਮ ਅਗਲੇ ਦਿਨ ਸ਼ਾਮ ਨੂੰ ਚਾਰ ਵਜੇ ਤੱਕ ਹੋ ਜਾਣਾ ਚਾਹੀਦਾ ਹੈ। ਜੇਕਰ ਦਫ਼ਤਰ ਦਾ ਕੋਈ ਵੀ ਕਰਮਚਾਰੀ ਕਿਸੇ ਅਧਿਆਪਕ ਜਾਂ ਹੋਰ ਕਿਸੇ ਮੁਲਾਜ਼ਮ ਤੋਂ ਚਾਹ ਪਾਣੀ ਪੀਂਦਾ ਮੈਂ ਫੜ ਲਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕਰਾਂਗਾ। ਦਫ਼ਤਰ ਦਾ ਕੋਈ ਵੀ ਕਰਮਚਾਰੀ ਦੁਪਹਿਰ ਦਾ ਭੋਜਨ ਕਰਨ ਆਪਣੇ ਘਰ ਨਹੀਂ ਜਾਏਗਾ ਸਗੋਂ ਸਾਰੇ ਆਪੋ ਆਪਣਾ ਦੁਪਹਿਰ ਦਾ ਭੋਜਨ ਇੱਥੇ ਦਫ਼ਤਰ ਵਿੱਚ ਆਪਣੇ ਨਾਲ ਹੀ ਲੈ ਕੇ ਆਉਣਗੇ। ਇਸ ਤਰ੍ਹਾਂ ਕਰਨ ਨਾਲ ਆਪਣਾ ਸਮਾਂ ਅਤੇ ਸ਼ਕਤੀ ਦੋਵੇਂ ਬਚਣਗੇ। ਨਾਲ ਹੀ ਸਾਡੇ ਕੰਮ ਕਰਨ ਵਿੱਚ ਵੀ ਤੇਜ਼ੀ ਆਏਗੀ। ਪਿਛਲੇ ਸਮੇਂ ਦੌਰਾਨ ਆਪਣੇ ਇਸ ਦਫ਼ਤਰ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹੀਆਂ ਹਨ। ਪਰ ਮੈਂ ਚਾਹੁੰਦਾ ਹਾਂ ਕਿ ਆਪਣੇ ਇਸ ਦਫ਼ਤਰ ਦੀਆਂ ਖ਼ਬਰਾਂ ਤਾਂ ਹੁਣ ਵੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਨ। ਹੁਣ ਅੱਗੇ ਤੋਂ ਮੈਂ ਅਖ਼ਬਾਰਾਂ ਵਿੱਚ ਆਪਣੇ ਦਫ਼ਤਰ ਦੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਹੀ ਪੜ੍ਹਨੀ ਚਾਹੁੰਦਾ ਹਾਂ। ਬੱਸ, ਮੈਂ ਇਹੋ ਗੱਲਾਂ ਤੁਹਾਡੇ ਨਾਲ ਕਰਨੀਆਂ ਸਨ। ਤੁਸੀਂ ਹੁਣ ਸਾਰੇ ਜਾ ਸਕਦੇ ਹੋ।’’
ਸਾਰਿਆਂ ਦੇ ਬਾਹਰ ਚਲੇ ਜਾਣ ਉਪਰੰਤ ਸੁਪਰਡੈਂਟ ਨੇ ਆਪਣੀ ਐਨਕ ਦੇ ਉੱਪਰ ਦੀ ਝਾਕਦਿਆਂ ਸਾਹਿਬ ਨੂੰ ਕਿਹਾ, ‘‘ਜਨਾਬ! ਜੇਕਰ ਆਗਿਆ ਹੋਵੇ ਤਾਂ ਦਫ਼ਤਰ ਦੇ ਸਾਰੇ ਸਟਾਫ਼ ਮੈਂਬਰਾਂ ਵੱਲੋਂ ਤੁਹਾਡੇ ਜੁਆਇੰਨ ਕਰਨ ਦੀ ਖ਼ੁਸ਼ੀ ਵਿੱਚ ਇੱਕ ਪਾਰਟੀ ਰੱਖ ਲਈਏ ਜੀ?’’
‘‘ਨੋ ਨੋ। ਸੁਪਰਡੈਂਟ ਸਾਹਿਬ, ਪਾਰਟੀ ਕਰਨ ਦਾ ਕੀ ਰਾਹ? ਆਪਾਂ ਸਾਰੇ ਸਰਕਾਰੀ ਮੁਲਾਜ਼ਮ ਆਂ। ਸਰਕਾਰ ਦੇ ਹੁਕਮਾਂ ਅਨੁਸਾਰ ਸਾਡੀਆਂ ਬਦਲੀਆਂ ਇੱਧਰ ਉੱਧਰ ਹੁੰਦੀਆਂ ਰਹਿੰਦੀਆਂ ਹਨ। ਆਪਾਂ ਪਾਰਟੀਆਂ ਕਰਕੇ ਸਮਾਂ ਕਿਉਂ ਗੁਆਈਏ? ਦਫ਼ਤਰ ਦੇ ਸਮੇਂ ਵਿੱਚ ਕਦੇ ਵੀ ਕੋਈ ਪਾਰਟੀ ਨਹੀਂ ਕਰਨੀ। ਹਾਂ, ਜੇਕਰ ਦਫ਼ਤਰ ਦੇ ਕਿਸੇ ਸਟਾਫ਼ ਮੈਂਬਰ ਦੇ ਘਰ ਕੋਈ ਖ਼ੁਸ਼ੀ ਆਈ ਹੈ। ਤਦ ਉਹਦੀ ਪਾਰਟੀ ਵੀ ਕੇਵਲ ਅੱਧੇ ਘੰਟੇ ਦੀ ਲੰਚ ਬ੍ਰੇਕ ਵਿੱਚ ਹੀ ਕੀਤੀ ਜਾਇਆ ਕਰੇਗੀ। ਤੁਸੀਂ ਜਾਓ ਹੁਣ, ਆਪਣਾ ਕੰਮ ਕਰੋ। ਮੈਂ ਡੀ.ਪੀ.ਆਈ. ਸਾਹਿਬ ਨਾਲ ਜ਼ਰੂਰੀ ਗੱਲ ਕਰਨੀ ਹੈ।’’ ਸਾਹਿਬ ਨੇ ਕਿਹਾ।
ਸੁਪਰਡੈਂਟ ਉਤਰਿਆ ਹੋਇਆ ਚਿਹਰਾ ਲੈ ਕੇ ਦਫ਼ਤਰ ਵਿੱਚੋਂ ਬਾਹਰ ਆ ਗਿਆ।
ਨਵੇਂ ਡੀ.ਈ.ਓ. ਨੂੰ ਇੱਥੇ ਜੁਆਇੰਨ ਕੀਤਿਆਂ ਸਿਰਫ਼ ਚਾਰ ਮਹੀਨੇ ਬੀਤੇ ਸਨ। ਉਸ ਦਾ ਨਾਂ ਹੀ ਕੇਵਲ ਸੰਤ ਸਿੰਘ ਨਹੀਂ ਸੀ ਸਗੋਂ ਉਹ ਆਪਣੇ ਨਾਂ ਵਾਂਗ ਸੰਤ ਸੁਭਾਅ ਦਾ ਮਾਲਕ ਵੀ ਸੀ। ਪੂਰੇ ਜ਼ਿਲ੍ਹੇ ਦੇ ਪ੍ਰਿੰਸੀਪਲ, ਮੁੱਖ ਅਧਿਆਪਕ ਸਾਹਿਬਾਨ, ਅਧਿਆਪਕ ਅਤੇ ਹੋਰ ਕਰਮਚਾਰੀ ਜ਼ਿਲ੍ਹੇ ਦੇ ਦਫ਼ਤਰ ਦੀ ਬਦਲੀ ਨੁਹਾਰ ਤੋਂ ਬਹੁਤ ਖ਼ੁਸ਼ ਸਨ। ਹੁਣ ਉਨ੍ਹਾਂ ਨੂੰ ਆਪਣੇ ਜਾਇਜ਼ ਕੰਮਾਂ ਕਾਰਾਂ ਲਈ ਵਾਰ-ਵਾਰ ਦਫ਼ਤਰ ਦੇ ਗੇੜੇ ਨਹੀਂ ਮਾਰਨੇ ਪੈਂਦੇ ਸਨ।
ਸੇਵਾਦਾਰ ਰਾਮਦੀਨ ਬਿਲਕੁਲ ਖ਼ੁਸ਼ ਨਹੀਂ ਸੀ। ਇੱਕ ਦਿਨ ਅੱਕ ਕੇ ਉਹਨੇ ਸੁਪਰਡੈਂਟ ਸਾਹਿਬ ਨੂੰ ਕਹਿ ਹੀ ਦਿੱਤਾ, ‘‘ਸੁਪਰਡੈਂਟ ਸਾਹਿਬ, ਆਪਣੇ ਦਫ਼ਤਰ ਵਿੱਚ ਨਵੇਂ ਸਾਹਿਬ ਕੀ ਆਏ ਹਨ, ਪਨੀਰ ਪਕੌੜੇ ਖਾਧਿਆਂ ਨੂੰ ਮੁੱਦਤਾਂ ਹੋ ਗਈਆਂ ਹਨ। ਐਨੀਂ ਅਤਿ ਦੀ ਮਹਿੰਗਾਈ ਵਿੱਚ ਪਨੀਰ ਪਕੌੜੇ ਆਪਣੀ ਜੇਬ ’ਚੋਂ ਖਾਣੇ ਤਾਂ ਬਹੁਤ ਔਖੇ ਹਨ। ਸਰ ਕੀ ਕਰੀਏ? ਕਿੱਥੇ ਜਾਈਏ?’’
‘‘ਤੂੰ ਚੁੱਪਚਾਪ ਆਪਣਾ ਟਾਈਮ ਕੱਢ ਲੈ। ਨਵਾਂ ਸਾਹਿਬ, ਬਹੁਤ ਡਾਢਾ ਆ।’’ ਸੁਪਰਡੈਂਟ ਨੇ ਸੇਵਾਦਾਰ ਨੂੰ ਸਮਝੌਤੀ ਦਿੰਦਿਆਂ ਕਿਹਾ।
ਅੱਜ ਬਾਰਾਂ ਵਜੇ ਦੁਪਹਿਰੇ ਡੀ.ਈ.ਓ. ਸਾਹਿਬ ਨੇ ਬਾਲਕੋਨੀ ਵਿੱਚ ਚੱਕਰ ਲਾਇਆ। ਪੰਜਾਹ ਬਵੰਜਾ ਸਾਲ ਦੀ ਇੱਕ ਔਰਤ ਬੈਂਚ ਉੱਤੇ ਬੈਠੀ ਸੀ। ਪਹਿਲਾਂ ਤਾਂ ਉਹ ਉਸ ਮਾਈ ਕੋਲੋਂ ਅੱਗੇ ਲੰਘ ਗਿਆ, ਪਰ ਅਚਾਨਕ ਪਤਾ ਨਹੀਂ ਕੀ ਸੋਚ ਕੇ ਉਹ ਪਿੱਛੇ ਮੁੜ ਪਿਆ। ਉਸ ਮਾਈ ਕੋਲ ਆ ਕੇ ਪੁੱਛਿਆ, ‘‘ਮਾਂ ਜੀ! ਤੁਸੀਂ ਕਿਵੇਂ ਬੈਠੇ ਹੋ? ਕੀ ਕੰਮ ਹੈ ਤੁਹਾਡਾ?’’
‘‘ਨਹੀਂ ਨਹੀਂ ਪੁੱਤ। ਮੇਰਾ ਕੋਈ ਕੰਮ ਨ੍ਹੀਂ ਹੈਗਾ। ਮੈਂ ਤਾਂ ਸੁਭਾਇਕੀ ਬੈਠੀ ਆਂ। ਬੱਸ, ਮੈਂ ਤਾਂ ਹੁਣੇ ਤੁਰ ਜਾਣੈ।’’ ਮਾਈ ਦੀ ਘਬਰਾਈ ਹੋਈ ਆਵਾਜ਼ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਕੋਈ ਗੱਲ ਛੁਪਾ ਰਹੀ ਹੈ।
ਉਹ ਮਾਈ ਦੇ ਨਾਲ ਬੈਂਚ ਉੱਤੇ ਬੈਠ ਗਿਆ ਤੇ ਬੋਲਿਆ, ‘‘ਮਾਤਾ ਜੀ, ਮੈਂ ਸੰਤ ਸਿੰਘ ਹਾਂ। ਮੈਂ ਇਸ ਦਫ਼ਤਰ ਦਾ ਅਫ਼ਸਰ ਹਾਂ। ਜੇਕਰ ਤੁਹਾਡਾ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਦਾ ਦਫ਼ਤਰ ਨਾਲ ਸਬੰਧਿਤ ਕੋਈ ਕੰਮ ਹੈ ਤਾਂ ਤੁਸੀਂ ਮੈਨੂੰ ਦੱਸੋ! ਕਿਉਂ ਜੋ ਕੰਮ ਤਾਂ ਮੈਂ ਕਰਨਾ ਹੈ।’’
ਉਸ ਨੇ ਆਪਣੇ ਨਾਲ ਬੈਂਚ ’ਤੇ ਬੈਠੇ ਅਫ਼ਸਰ ਦੀਆਂ ਅੱਖਾਂ ਵਿੱਚ ਝਾਕਿਆ। ਮਾਈ ਨੂੰ ਉਹਦੀਆਂ ਅੱਖਾਂ ਵਿੱਚ ਨਿਰਛਲਤਾ, ਹਮਦਰਦੀ, ਪਿਆਰ ਅਤੇ ਮਨੁੱਖਤਾ ਨਜ਼ਰ ਆਈ। ਫਿਰ ਉਹ ਬੋਲੀ, ‘‘ਪੁੱਤ, ਕੰਮ ਤਾਂ ਮੇਰਾ ਹੈ। ਮੇਰੇ ਘਰ ਆਲ਼ਾ ਉੱਚੇ ਪਿੰਡ ਚੌਂਕੀਦਾਰ ਲੱਗੈ। ਉਹਦੇ ਖ਼ਾਤੇ ’ਚੋਂ ਕੁਛ ਪੈਸੇ ਕਢਾਉਣੇ ਐਂ।’’
ਉਹ ਬੈਂਚ ਤੋਂ ਉੱਠਦਾ ਹੋਇਆ ਬੋਲਿਆ, ‘‘ਮਾਂ ਜੀ, ਤੁਸੀਂ ਮੇਰੇ ਦਫ਼ਤਰ ਵਿੱਚ ਆ ਜਾਓ। ਮੈਂ ਤੁਹਾਡੇ ਘਰ ਆਲ਼ੇ ਦੇ ਖ਼ਾਤੇ ਵਿੱਚੋਂ ਪੈਸੇ ਕਢਵਾਉਣ ਦਾ ਕੰਮ ਹੁਣੇ ਕਰਕੇ ਦਿੰਦਾ ਹਾਂ।’’
ਉਹ ਮਾਈ ਦਾ ਹੱਥ ਫੜ ਕੇ ਆਪਣੇ ਦਫ਼ਤਰ ਵਿੱਚ ਲੈ ਗਿਆ। ਅੰਦਰ ਜਾ ਉਹ ਆਪਣੀ ਕੁਰਸੀ ਉੱਤੇ ਬੈਠ ਗਿਆ। ਉਸ ਨੇ ਸਾਹਮਣੇ ਸੋਫ਼ੇ ਵੱਲ ਇਸ਼ਾਰਾ ਕਰਦਿਆਂ ਮਾਈ ਨੂੰ ਆਖਿਆ, ‘‘ਮਾਤਾ ਜੀ! ਤੁਸੀਂ ਆਰਾਮ ਨਾਲ ਸੋਫ਼ੇ ’ਤੇ ਬੈਠ ਜਾਓ। ਮੈਂ ਤੁਹਾਡਾ ਕੰਮ ਹੁਣੇ ਕਰਕੇ ਦਿੰਦਾ ਹਾਂ।’’ ਉਸ ਨੇ ਘੰਟੀ ਵਜਾਈ। ਨਿਰਮਲ ਸਿੰਘ ਸੇਵਾਦਾਰ ਅੰਦਰ ਆਇਆ ਤੇ ਬੋਲਿਆ, ‘‘ਜੀ ਸਾਹਿਬ!’’
‘‘ਪਹਿਲਾਂ ਸੁਪਰਡੈਂਟ ਸਾਹਿਬ ਨੂੰ ਬੁਲਾਓ। ਫਿਰ ਮਾਤਾ ਜੀ ਨੂੰ ਪਾਣੀ ਪਿਲਾਓ। ਚਾਹ ਵੀ ਲਿਆਓ।’’
‘‘ਜੀ ਸਰ।’’
ਕੁਝ ਪਲਾਂ ਵਿੱਚ ਹੀ ਸੁਪਰਡੈਂਟ ਆਪਣੀ ਐਨਕ ਨੂੰ ਠੀਕ ਕਰਦਾ ਦਫ਼ਤਰ ਵਿੱਚ ਆ ਵੜਿਆ ਤੇ ਬੋਲਿਆ, ‘‘ਜੀ ਸਾਹਿਬ! ਹੁਕਮ?’’
‘‘ਉੱਚੇ ਪਿੰਡ ਤੋਂ ਦਰਜਾ ਚਾਰ ਕਰਮਚਾਰੀ ਦਾ ਜੀ.ਪੀ.ਐੱਫ. ਵਿੱਚੋਂ ਰਾਸ਼ੀ ਕਢਵਾਉਣ ਲਈ ਕੇਸ ਆਇਆ ਹੋਇਆ ਹੈ। ਤੁਰੰਤ ਲੋੜੀਂਦੀ ਕਾਰਵਾਈ ਕਰੋ। ਅੱਧੇ ਘੰਟੇ ਵਿੱਚ ਫਾਈਲ ਮੇਰੇ ਮੇਜ਼ ’ਤੇ ਹੋਣੀ ਚਾਹੀਦੀ ਹੈ। ਚਲੋ, ਜਾਓ।’’
ਫਿਰ ਉਸ ਨੇ ਆਪਣੇ ਦੋਵੇਂ ਹੱਥਾਂ ਦੀਆਂ ਉਂਗਲੀਆਂ ਨੂੰ ਇੱਕ ਦੂਜੇ ਵਿੱਚ ਫਸਾ ਕੇ ਹੱਥ ਟੇਬਲ ਉੱਤੇ ਰੱਖ ਲਏ। ਉਸ ਨੇ ਮੁਸਕਰਾਉਂਦਿਆਂ ਹੋਇਆਂ ਮਾਈ ਵੱਲ ਵੇਖਿਆ ਤੇ ਬੋਲਿਆ, ‘‘ਮਾਤਾ ਜੀ, ਤੁਹਾਡੇ ਘਰ ਵਿੱਚ ਤੁਹਾਡੇ ਦੋਵਾਂ ਜੀਆਂ ਤੋਂ ਬਿਨਾਂ ਹੋਰ ਕੌਣ-ਕੌਣ ਹਨ?’’
ਮਾਈ ਨੇ ਆਪਣੇ ਸਿਰ ਵਾਲੇ ਦੁਪੱਟੇ ਨਾਲ ਸੱਜੀ ਅੱਖ ਦੇ ਕੋਏ ਨੂੰ ਸਾਫ਼ ਕਰਦਿਆਂ ਆਖਿਆ, ‘‘ਪੁੱਤ, ਮੇਰੇ ਦੋ ਮੁੰਡੇ ਐ। ਦੋਵੇਂ ਸੁੱਖ ਨਾਲ ਵਿਆਹੇ ਵਰੇ ਐ। ਵੱਡਾ ਮੁੰਡਾ ਫ਼ੌਜੀ ਐ। ਉਹਦੇ ਘਰ ਆਲੀ ਉਹਦੇ ਨਾਲ ਈ ਰਹਿੰਦੀ ਫ਼ੌਜ ’ਚ। ਛੋਟਾ ਮੁੰਡਾ ਟਿਊਬਵੈੱਲ ’ਤੇ ਲੱਗਿਆ ਏ ਪਟਿਆਲੇ। ਉਹ ਦੋਏ ਜੀਅ ਉੱਥੇ ਪਟਿਆਲੇ ਈ ਰਹਿੰਦੇ। ਤੀਜੇ ਚੌਥੇ ਦਿਨ ਦੋਵਾਂ ਦਾ ਈ ਫੂਨ ਆ ਜਾਂਦੈ। ਨੂੰਹਾਂ ਵੀ ਮੇਰੀਆਂ ਬਹੁਤ ਚੰਗੀਆਂ ਨੇ। ਦਾਤੇ ਨੇ ਸਭ ਰੰਗ ਭਾਗ ਲਾਏ ਐ!’’
ਉਸੇ ਵੇਲੇ ਸੇਵਾਦਾਰ ਚਾਹ ਅਤੇ ਬਿਸਕੁਟ ਲੈ ਕੇ ਅੰਦਰ ਆ ਗਿਆ। ਉਸ ਨੇ ਦੋ ਕੱਪਾਂ ਵਿੱਚ ਚਾਹ ਪਾਈ। ਪਲੇਟ ਵਿੱਚ ਰੱਖ ਕੇ ਇੱਕ ਕੱਪ ਮਾਈ ਨੂੰ ਫੜਾ ਦਿੱਤਾ। ਸੰਤ ਸਿੰਘ ਨੇ ਚਾਹ ਵਾਲਾ ਕੱਪ ਚੁੱਕਦਿਆਂ ਮਾਈ ਨੂੰ ਚਾਹ ਪੀਣ ਲਈ ਆਖਿਆ। ਦੋਵਾਂ ਨੇ ਚਾਹ ਪੀ ਕੇ ਖ਼ਾਲੀ ਕੱਪ ਅਤੇ ਪਲੇਟਾਂ ਮੇਜ਼ ਉੱਤੇ ਰੱਖ ਦਿੱਤੀਆਂ। ਫਿਰ ਉਸ ਨੇ ਮਾਈ ਨੂੰ ਪੁੱਛਿਆ, ‘‘ਮਾਤਾ ਜੀ! ਇੱਕ ਗੱਲ ਦੱਸੋ! ਤੁਹਾਨੂੰ ਬਾਹਰ ਬੈਂਚ ’ਤੇ ਬੈਠਿਆਂ ਨੂੰ ਜਦੋਂ ਮੈਂ ਪੁੱਛਿਆ ਸੀ ਕਿ ਤੁਸੀਂ ਕਿਵੇਂ ਆਏ ਓ? ਤਦ ਤੁਸੀਂ ਮੈਨੂੰ ਕੁਝ ਦੱਸ ਕਿਉਂ ਨਹੀਂ ਸੀ ਰਹੇ?’’
ਮਾਈ ਨੇ ਸ਼ੀਸ਼ੇ ਵਾਲੇ ਬੰਦ ਦਰਵਾਜ਼ੇ ਵੱਲ ਤੱਕਿਆ। ਉਹ ਝਿਜਕਦਿਆਂ-ਝਿਜਕਦਿਆਂ ਹੌਲ਼ੀ ਜਿਹੀ ਬੋਲੀ, ‘‘ਪੁੱਤ, ਤੂੰ ਕਿਸੇ ਕੋਲ ਗੱਲ ਨਾ ਕਰੀਂ। ਉਹ ਜਿਹੜਾ ਪੱਕੇ ਰੰਗ ਦਾ ਮੋਟਾ ਜੇਹਾ ਬਾਬੂ ਐ ਨਾ। ਉਹਨੇ ਪੰਦਰਾਂ ਸੌ ਰੁਪਈਆ ਲੈ ਕੇ ਕੰਮ ਕਰਾਉਣ ਦਾ ਲਾਰਾ ਲਾਇਆ ਹੋਇਐ। ਮੈਂ ਤਾਂ ਦਫ਼ਤਰ ਵਿੱਚ ਕਈ ਗੇੜੇ ਮਾਰ ਗੀ। ਤਿੰਨ ਚਾਰ ਵਾਰੀ ਤਾਂ ਉਹਨੇ ਢਿੱਡਲ ਜੇ ਨੇ ਮੈਨੂੰ ਥੱਲਿਓਂ ਈਂ ਮੋੜ ਤਾ। ਮੈਂ ਅਜੇ ਉਹਨੂੰ ਦਿੱਤਾ ਕੁਛ ਨ੍ਹੀਂ। ਤੂੰ ਮੇਰਾ ਪੁੱਤ, ਉਹਨੂੰ ਕੋਈ ਗੱਲ ਨਾ ਕਰੀਂ।’’
‘‘ਹੂੰ! ਮਾਤਾ, ਇਕ ਗੱਲ ਦੱਸ? ਤੈਨੂੰ ਕਿਸ ਨੇ ਇਹ ਸਲਾਹ ਦਿੱਤੀ ਸੀ ਕਿ ਤੁਹਾਡਾ ਕੰਮ ਪੈਸੇ ਦਿੱਤਿਆਂ ਹੀ ਹੋਵੇਗਾ।’’ ‘‘ਪੁੱਤ! ਸਲਾਹ ਸਲੂਹ ਤਾਂ ਕਿਸੇ ਨ੍ਹੀਂ ਸੀ ਦਿੱਤੀ ਮੈਨੂੰ। ਸਾਡੇ ਪਿੰਡ ਦਾ ਸਰਪੰਚ ਧੰਨਾ ਸੂੰ ਆਖਦਾ ਹੁੰਦੈ, ਬਿਨਾਂ ਪੈਸੇ ਦਿੱਤਿਆਂ ਕਿਸੇ ਦਾ ਕੋਈ ਕੰਮ ਨ੍ਹੀਂ ਹੁੰਦਾ। ਬੱਸ, ਉਹਦੀ ਸੁਣੀ ਸੁਣਾਈ ਗੱਲ ਤੋਂ ਮੈਂ ਲੱਖਣ ਲਾ ਲਿਆ ਕਿ ਪੈਸੇ ਦਿੱਤਿਆਂ ਈਂ ਖਹਿੜਾ ਛੁੱਟੂ।’’ ਮਾਈ ਨੇ ਸਾਰੀ ਗੱਲ ਦੱਸ ਦਿੱਤੀ।
ਉਸ ਨੇ ਅੱਖਾਂ ਵਿੱਚ ਮੁਸਕੁਰਾਉਂਦਿਆਂ ਮਾਈ ਨੂੰ ਆਖਿਆ, ‘‘ਨਹੀਂ ਮਾਤਾ ਜੀ, ਆਹ ਮੇਰੇ ਹੱਥ ਵੱਲ ਵੇਖੋ। ਮੇਰੇ ਹੱਥ ਦੀਆਂ ਪੰਜੇ ਉਂਗਲਾਂ ਕੀ ਇੱਕ ਬਰਾਬਰ ਨੇ? ਨਹੀਂ ਨਾ। ਬੱਸ, ਇਸੇ ਤਰ੍ਹਾਂ ਸਾਡੇ ਸਮਾਜ ਵਿੱਚ ਚੰਗੇ ਮਾੜੇ ਸਾਰੇ ਬੰਦੇ ਹੈਗੇ ਐ। ਜਿਨ੍ਹਾਂ ਚੰਗਾ ਕਰਨੈ, ਉਨ੍ਹਾਂ ਚੰਗਾ ਕਰੀ ਜਾਣੈ। ਜਿਨ੍ਹਾਂ ਮਾੜਾ ਕਰਨੈ, ਉਨ੍ਹਾਂ ਮਾੜਾ ਕਰੀ ਜਾਣੈ। ਹਾਂ, ਕੁਝ ਕੁ ਮਾੜੇ ਬੰਦਿਆਂ ਕਰਕੇ ਚੰਗਿਆਂ ਦੀ ਵੀ ਪੜਤ ਮਾਰੀ ਜਾਂਦੀ ਐ। ਲੋਕ ਸਾਰਿਆਂ ਨੂੰ ਵੱਢੀ ਖਾਣ ਵਾਲੇ ਸਮਝ ਲੈਂਦੇ ਐ। ਮਾਤਾ ਜੀ, ਤੁਹਾਡਾ ਕੰਮ ਮੈਂ ਹੁਣੇ ਪੂਰਾ ਕਰ ਦੇਣਾ ਹੈ। ਕੱਲ੍ਹ ਸਵੇਰ ਨੂੰ ਉੱਚੇ ਪਿੰਡ ਦਾ ਕਲਰਕ ਸਕੂਲ ਦਾ ਰਿਕਾਰਡ ਲੈ ਕੇ ਇੱਥੇ ਆਏਗਾ। ਤੁਹਾਡੇ ਪੈਸੇ ਤੁਹਾਡੇ ਖ਼ਾਤੇ ਵਿੱਚ ਜਮ੍ਹਾਂ ਹੋ ਜਾਣਗੇ। ਹੁਣ ਤੁਸੀਂ ਆਪਣੇ ਘਰ ਚਲੇ ਜਾਓ।’’
ਮਾਈ ਸੋਫ਼ੇ ਤੋਂ ਉੱਠੀ। ਉਸ ਨੇ ਅਸੀਸਾਂ ਦੀ ਜਿਵੇਂ ਝੜੀ ਲਾ ਦਿੱਤੀ ਹੋਵੇ, ‘‘ਪੁੱਤ! ਜਿਉਂਦਾ ਵਸਦਾ ਰਹੋ। ਕੁਦਰਤ ਤੈਨੂੰ ਰੰਗ ਭਾਗ ਲਾਈਂ ਰੱਖੇ। ਸਦਾ ਚੜ੍ਹਦੀ ਕਲਾ ਵਿੱਚ ਰੱਖੇ।’’ ਅਸੀਸਾਂ ਦਿੰਦੀ ਮਾਈ ਦਫ਼ਤਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਈ। ਹੁਣ ਉਹ ਹੌਲ਼ੀ-ਹੌਲ਼ੀ ਟਿਕਵੇਂ ਪੈਰੀਂ ਪੌੜੀਆਂ ਉੱਤਰ ਰਹੀ ਸੀ।
ਡੀ.ਈ.ਓ. ਸਾਹਿਬ ਆਪਣੇ ਸਟੈਨੋ ਧਰਮ ਸਿੰਘ ਨੂੰ ਦਫ਼ਤਰ ਦੇ ਬਾਬੂ ਸੁਨੀਲ ਕੁਮਾਰ ਸੀਨੀਅਰ ਸਹਾਇਕ ਦੀ ਪ੍ਰਬੰਧਕੀ ਆਧਾਰ ’ਤੇ ਬਦਲੀ ਕਰਨ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਵਾਉਣ ਲੱਗ ਪਏ।
ਸੰਪਰਕ: 84276-85020

Advertisement
Author Image

Advertisement
Advertisement
×