ਨੈਤਿਕ ਸਿੱਖਿਆ ਦੀ ਪ੍ਰੀਖਿਆ ’ਚ ਸੰਤ ਕਬੀਰ ਸਕੂਲ ਅੱਵਲ
ਪੱਤਰ ਪ੍ਰੇਰਕ
ਭੁੱਚੋ ਮੰਡੀ, 21 ਅਕਤੂਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜ਼ੋਨ ਪੱਧਰ ’ਤੇ 22 ਅਗਸਤ 2024 ਨੂੰ ਲਏ ਗਏ ਨੈਤਿਕ ਸਿੱਖਿਆ ਦੇ ਲਿਖਤੀ ਟੈਸਟ ਵਿੱਚ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਕੀਰਤ ਸਿੰਘ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਅਤੇ ਨਵਦੀਪ ਸਿੰਘ ਨੇ ਤੀਜੀ ਜਮਾਤ ਦੀ ਮੈਰਿਟ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਦੂਜੇ ਵਰਗ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਹਰਸਿਮਰਤ ਕੌਰ ਨੇ ਤੀਜਾ ਅਤੇ ਸਮਰੀਤ ਕੌਰ ਨੇ ਪੰਜਵਾਂ ਸਥਾਨ ਹਾਸਲ ਕੀਤਾ। ਅੰਤਰ ਸਕੂਲ ਯੁਵਕ ਮੇਲੇ ਵਿੱਚ ਅਮਨਪ੍ਰੀਤ ਕੌਰ, ਹਰਮਨਦੀਪ ਕੌਰ ਨੇ ਕੁਇਜ਼ ਵਿੱਚ ਪਹਿਲਾ ਅਤੇ ਕਵੀਸ਼ਰੀ ਵਿੱਚ ਅਮਨਪ੍ਰੀਤ ਕੌਰ, ਹਰਮਨਦੀਪ ਕੌਰ ਅਤੇ ਜਸ਼ਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਸਕੂਲ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੇ ਐਮਡੀ ਪ੍ਰੋਫੈਸਰ ਐਮਐਲ ਅਰੋੜਾ, ਪ੍ਰਿੰਸੀਪਲ ਮੈਡਮ ਕੰਚਨ, ਵਾਈਸ ਪ੍ਰਿੰਸੀਪਲ ਮੈਡਮ ਕੁਲਵੰਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨੈਤਿਕ ਸਿੱਖਿਆ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।