ਸੰਕਲਪ ਸੰਸਥਾ ਵੱਲੋਂ ਪੰਜਾਬ ’ਚ ਹਾਕੀ ਨੂੰ ਉਭਾਰਨ ਦਾ ਤਹੱਈਆ
ਦਲਬੀਰ ਸੱਖੋਵਾਲੀਆ
ਬਟਾਲਾ, 8 ਅਗਸਤ
ਸਰਹੱਦੀ ਜ਼ਿਲ੍ਹੇ ’ਚ ਨਸ਼ੇ ਸ਼ਹਿਰਾਂ, ਕਸਬਿਆਂ ਤੋਂ ਹੁਣ ਜਿੱਥੇ ਪਿੰਡਾਂ ਤੱਕ ਪਹੁੰਚ ਗਏ, ਉਥੇ ਰਿਆੜਕੀ ਇਲਾਕੇ ਦੀ ਸੰਸਥਾ ਸੰਕਲਪ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਭਰਪੂਰ ਕੋਸ਼ਿਸ਼ ਕਰ ਰਹੀ ਹੈ। ਇਸੇ ਕੋਸ਼ਿਸ਼ ਸਦਕਾ 100 ਤੋਂ ਵੱਧ ਨੌਜਵਾਨ ਲੜਕੇ-ਲੜਕੀਆਂ ਰੋਜ਼ਾਨਾ ਸਵੇਰੇ-ਸ਼ਾਮ ਰਾਸ਼ਟਰੀ ਖੇਡ ਹਾਕੀ ਦੀ ਪ੍ਰੈਕਟਿਸ ਕਰ ਰਹੇ ਹਨ। ਇਸ ਸੰਸਥਾ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਦੇ ਖੇਡ ਮੈਦਾਨ ਉਪਰ ਕਰੀਬ 15 ਲੱਖ ਰੁਪਏ ਦੀ ਰਾਸ਼ੀ ਆਪਣੇ ਕੋਲੋਂ ਖਰਚ ਕੇ ਇਸ ਮੈਦਾਨ ਨੂੰ ਖੇਡਣਯੋਗ ਬਣਾ ਕੇ ਨੌਜਵਾਨਾਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ ਗਿਆ। ਬਾਅਦ ਵਿੱਚ ਇਸ ਖੇਡ ਮੈਦਾਨ ਨੂੰ ਹਾਕੀ ਸਟੇਡੀਅਮ ਦਾ ਰੂਪ ਦਿੱਤਾ ਜਾ ਰਿਹਾ ਹੈ ਅਤੇ ਇਸ ਸਟੇਡੀਅਮ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ ਰੱਖਿਆ ਗਿਆ ਹੈ। ਸਾਲ 2016 ਵਿੱਚ ‘ਸੰਕਲਪ’ ਸੰਸਥਾ ਨੇ ਬਾਬਾ ਫਤਿਹ ਸਿੰਘ ਹਾਕੀ ਅਕੈਡਮੀ ਦਾ ਗਠਨ ਕਰਕੇ 15 ਨੌਜਵਾਨਾਂ ਨੂੰ ਹਰਚੋਵਾਲ ਦੇ ਖੇਡ ਮੈਦਾਨ ਵਿੱਚ ਹਾਕੀ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਪੰਜਾਬ ਸਰਕਾਰ ਵਲੋਂ ਕੁਝ ਸਾਲ ਪਹਿਲਾਂ ਹਰਚੋਵਾਲ ਦੇ ਇਸ ਸਟੇਡੀਅਮ ਨੂੰ ਆਧੁਨਿਕ ਰੂਪ ਦੇਣ ਲਈ 18 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ‘ਸੰਕਲਪ’ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਹਰਚੋਵਾਲ ਦੇ ਖੇਡ ਮੈਦਾਨ ਵਿੱਚ 8 ਸਾਲ ਦੇ ਬੱਚਿਆਂ ਤੋਂ ਲੈ ਕੇ 22 ਸਾਲ ਤੱਕ ਦੇ ਨੌਜਵਾਨ ਹਾਕੀ ਦੀ ਸਿਖਲਾਈ ਲੈ ਰਹੇ ਹਨ। ਉਨਾਂ ਦੱਸਿਆ ਕਿ ਨੌਜਵਾਨਾਂ ਨੂੰ ਹਾਕੀ ਦੀ ਸਿਖਲਾਈ ਪੰਜਾਬ ਪੁਲੀਸ ਦੇ ਸੇਵਾਮੁਕਤ ਸਬ-ਇੰਸਪੈਕਟਰ ਰਣਯੋਧ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਰਹੇ ਹਨ। ਉਨ੍ਹਾਂ ਵੱਲੋਂ ਰੋਜ਼ਾਨਾ ਸਵੇਰੇ-ਸ਼ਾਮ 2-2 ਘੰਟੇ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ। ਸੰਸਥਾ ਦੇ ਯਤਨਾ ਸਦਕਾ ਬੱਚਿਆਂ ਵਿੱਚ ਹਾਕੀ ਦੀ ਖੇਡ ਪ੍ਰਤੀ ਇਨਾਂ ਉਤਸ਼ਾਹ ਹੈ ਕਿ ਇਥੋਂ ਸਿਖਲਾਈ ਹਾਸਲ ਕਰਕੇ ਕਈ ਬੱਚੇ ਦੇਸ਼ ਦੀਆਂ ਨਾਮੀਂ ਹਾਕੀ ਅਕੈਡਮੀ ਵਿੱਚ ਖੇਡਣ ਲੱਗ ਪਏ ਹਨ।