ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਜੂ ਦਾ ਵਾਅਦਾ

11:10 AM Aug 17, 2024 IST

ਹਰਿੰਦਰ ਸਿੰਘ ਗੋਗਨਾ

ਰੱਖੜੀ ਦਾ ਤਿਉਹਾਰ ਆ ਰਿਹਾ ਸੀ। ਸੰਜੂ ਨੇ ਆਪਣੀ ਭੈਣ ਟੀਨਾ ਨਾਲ ਵਾਅਦਾ ਕੀਤਾ ਸੀ ਕਿ ਇਸ ਵਾਰ ਉਹ ਉਸ ਨੂੰ ਰੱਖੜੀ ਦੇ ਤਿਉਹਾਰ ਮੌਕੇ ਉਸ ਦੀ ਪਸੰਦੀਦਾ ਚਾਂਦੀ ਦੀ ਅੰਗੂਠੀ ਉਪਹਾਰ ਦੇ ਰੂਪ ਵਿੱਚ ਦੇਵੇਗਾ। ਟੀਨਾ ਨੇ ਪਿਛਲੇ ਦਿਨੀਂ ਹੀ ਬਾਜ਼ਾਰ ਵਿੱਚ ਸੰਜੂ ਦੀ ਮੌਜੂਦਗੀ ਵਿੱਚ ਉਹ ਅੰਗੂਠੀ ਇੱਕ ਸੁਨਿਆਰ ਦੀ ਦੁਕਾਨ ’ਤੇ ਵੇਖੀ ਤੇ ਪਸੰਦ ਕੀਤੀ ਸੀ। ਮੁੰਦਰੀ ਮਹਿੰਗੀ ਹੋਣ ਕਾਰਨ ਉਸ ਨੇ ਦੁਕਾਨਦਾਰ ਨੂੰ ਕਿਹਾ ਸੀ ਕਿ ਉਹ ਪਾਪਾ ਦੀ ਤਨਖਾਹ ਆਉਣ ’ਤੇ ਲੈ ਜਾਵੇਗੀ, ਤਦ ਤੱਕ ਉਹ ਅੰਗੂਠੀ ਕਿਸੇ ਹੋਰ ਨੂੰ ਨਾ ਵੇਚਣ। ਸੰਜੂ ਨੇ ਮਨ ਹੀ ਮਨ ਉਦੋਂ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਰੱਖੜੀ ’ਤੇ ਆਪਣੀ ਭੈਣ ਨੂੰ ਉਹੋ ਅੰਗੂਠੀ ਤੋਹਫ਼ੇ ਵਜੋਂ ਦੇਵੇਗਾ ਕਿਉਂਕਿ ਪਾਪਾ ਨੂੰ ਤਨਖਾਹ ਮਿਲਣ ਵਿੱਚ ਅਜੇ ਕਾਫ਼ੀ ਦਿਨ ਸਨ। ਫਿਰ ਅਜਿਹੇ ਮੌਕੇ ਭੈਣ ਨੂੰ ਉਸ ਦੀ ਪਸੰਦੀਦਾ ਚੀਜ਼ ਦਿੱਤੀ ਜਾਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਸੀ, ਪਰ ਟੀਨਾ ਮਨ ਹੀ ਮਨ ਸੋਚ ਰਹੀ ਸੀ ਕਿ ਸੰਜੂ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਕਿ ਉਹ ਰੱਖੜੀ ’ਤੇ ਉਸ ਨੂੰ ਮਹਿੰਗੀ ਚਾਂਦੀ ਦੀ ਅੰਗੂਠੀ ਤੋਹਫ਼ੇ ਵਜੋਂ ਦੇਵੇਗਾ। ਉਸ ਨੂੰ ਦਾਲ ਵਿੱਚ ਕੁਝ ਕਾਲਾ ਨਜ਼ਰ ਆਇਆ।
ਰੱਖੜੀ ਦੀ ਸਵੇਰ ਜਦੋਂ ਟੀਨਾ ਰੱਖੜੀ ਲੈ ਕੇ ਸੰਜੂ ਦੇ ਕਮਰੇ ਵਿੱਚ ਗਈ ਤਾਂ ਦੇਖਿਆ ਸੰਜੂ ਅਜੇ ਵੀ ਸੁੱਤਾ ਪਿਆ ਹੈ। ਉਸ ਨੇ ਸੰਜੂ ਨੂੰ ਥੋੜ੍ਹੀ ਦੇਰ ਪਹਿਲਾਂ ਹੀ ਜਗਾਉਂਦੇ ਹੋਏ ਕਿਹਾ ਸੀ ਕਿ ਨਹਾ ਲਵੇ ਤੇ ਰੱਖੜੀ ਬੰਨ੍ਹਵਾ ਲਵੇ, ਪਰ ਸੰਜੂ ਸੀ ਕਿ ਫਿਰ ਸੌਂ ਗਿਆ। ਟੀਨਾ ਨੇ ਉਸ ਨੂੰ ਜਗਾਉਂਦੇ ਫਿਰ ਕਿਹਾ, ‘‘ਸੰਜੂ, ਐਨਾ ਆਲਸ ਵੀ ਚੰਗਾ ਨਹੀਂ ਹੁੰਦਾ। ਚੱਲ ਜਲਦੀ ਕਰ ਤੇ ਤਰੋਤਾਜ਼ਾ ਹੋ ਕੇ ਰੱਖੜੀ ਬੰਨ੍ਹਵਾ ਲੈ। ਮੈਂ ਮੰਮੀ ਨਾਲ ਘਰ ਦੇ ਕੰਮ ਵਿੱਚ ਹੱਥ ਵੀ ਵਟਾਉਣਾ ਹੈ ਕਿਉਂਕਿ ਅੱਜ ਭੂਆ ਜੀ ਨੇ ਵੀ ਪਿੰਡੋਂ ਆਉਣਾ ਹੈ।’’
ਸੰਜੂ ਇਕਦਮ ਖਲੋ ਗਿਆ ਤੇ ਫਿਰ ਬਾਥਰੂਮ ਵਿੱਚ ਚਲਾ ਗਿਆ। ਫਿਰ ਰੱਖੜੀ ਬੰਨ੍ਹਵਾਉਣ ਉਪਰੰਤ ਉਸ ਨੇ ਆਪਣੀ ਜੇਬ ਵਿੱਚੋਂ ਇੱਕ ਡੱਬੀ ਕੱਢੀ ਤੇ ਟੀਨਾ ਨੂੰ ਦਿੰਦਿਆਂ ਜੋਸ਼ ਨਾਲ ਬੋਲਿਆ, ‘‘ਦੀਦੀ ਤੇਰੀ ਪਸੰਦੀਦਾ ਅੰਗੂਠੀ...।’’
ਟੀਨਾ ਨੇ ਅੰਗੂਠੀ ਹੱਥ ਵਿੱਚ ਫੜਦਿਆਂ ਥੋੜ੍ਹਾ ਉਦਾਸੀ ਨਾਲ ਸੰਜੂ ਵੱਲ ਦੇਖਦਿਆਂ ਕਿਹਾ, ‘‘ਸੰਜੂ ਵੀਰੇ, ਇੱਕ ਗੱਲ ਸੱਚੋ ਸੱਚ ਦੱਸ... ਜੇਕਰ ਝੂਠ ਬੋਲਿਆ ਤਾਂ ਮੈਂ ਇਹ ਤੋਹਫ਼ਾ ਨਹੀਂ ਲੈਣਾ ਤੇ ਨਾ ਹੀ ਤੇਰੇ ਨਾਲ ਗੱਲ ਕਰਨੀ ਹੈ।’’
ਸੰਜੂ ਨੂੰ ਥੋੜ੍ਹੀ ਜਿਹੀ ਹੈਰਾਨੀ ਹੋਈ ਤੇ ਫਿਰ ਉਹ ਕਹਿਣ ਲੱਗਾ, ‘‘ਹਾਂ... ਹਾਂ... ਪੁੱਛ ਕੀ ਗੱਲ ਐ?’’
‘‘ਇਹ ਅੰਗੂਠੀ ਪਾਪਾ ਦੇ ਚੁਰਾਏ ਪੈਸਿਆਂ ਦੀ ਹੈ ਨਾ?’’
‘‘ਪਾਪਾ ਦੇ ਚੁਰਾਏ ਪੈਸੇ...ਕੀ ਮਤਲਬ...?’’ ਸੰਜੂ ਨੇ ਘਬਰਾਹਟ ਵਿੱਚ ਆਖਿਆ ਤੇ ਨਜ਼ਰਾਂ ਚੁਰਾਉਣ ਲੱਗਿਆ।
‘‘ਕੱਲ੍ਹ ਪਾਪਾ, ਮੰਮੀ ਨੂੰ ਦੱਸ ਰਹੇ ਸਨ ਕਿ ਉਨ੍ਹਾਂ ਦੇ ਪੈਸਿਆਂ ਵਿੱਚੋਂ ਅੱਠ ਸੌ ਰੁਪਏ ਘੱਟ ਹਨ। ਮੈਨੂੰ ਤਦੇ ਸ਼ੱਕ ਜਿਹਾ ਹੋਇਆ ਕਿ ਕਿਤੇ ਤੂੰ ਮੈਨੂੰ ਖ਼ੁਸ਼ੀ ਦੇਣ ਲਈ ਪੈਸੇ ਤਾਂ ਨਹੀਂ ਚੁਰਾ ਲਏ। ਫਿਰ ਮੈਂ ਸੁਨਿਆਰੇ ਦੀ ਦੁਕਾਨ ’ਤੇ ਗਈ ਤਾਂ ਉਸ ਨੇ ਦੱਸਿਆ ਕਿ ਤੁਹਾਡਾ ਭਰਾ ਆਇਆ ਸੀ ਤੇ ਅੱਠ ਸੌ ਰੁਪਏ ਦੇ ਕੇ ਚਾਂਦੀ ਦੀ ਅੰਗੂਠੀ ਲੈ ਗਿਆ ਹੈ। ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ, ਪਰ ਮੈਂ ਤੈਨੂੰ ਰੱਖੜੀ ਦੇ ਮੌਕੇ ਇਹ ਗੱਲ ਪੁੱਛਣਾ ਚਾਹੁੰਦੀ ਸੀ ਤਾਂ ਕਿ ਤੂੰ ਝੂਠ ਨਾ ਬੋਲ ਸਕੇਂ।’’
ਆਪਣੀ ਭੈਣ ਦੀ ਗੱਲ ਸੁਣ ਕੇ ਸੰਜੂ ਸੁੰਨ ਜਿਹਾ ਹੋ ਗਿਆ ਸੀ। ਉਸ ਨੂੰ ਆਪਣੇ ਕੀਤੇ ਅਪਰਾਧ ’ਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਉਹ ਕੁਝ ਨਾ ਬੋਲਿਆ ਤੇ ਨਜ਼ਰਾਂ ਝੁਕਾ ਕੇ ਕਿਸੇ ਅਪਰਾਧੀ ਵਾਂਗ ਬੈਠਾ ਰਿਹਾ। ਟੀਨਾ ਨੇ ਪਿਆਰ ਨਾਲ ਉਸ ਦੀ ਠੋਢੀ ਛੋਹਦਿਆਂ ਕਿਹਾ, ‘‘ਪਿਆਰੇ ਵੀਰ, ਅੱਜ ਦੇ ਦਿਨ ਜੇਕਰ ਤੂੰ ਮੈਨੂੰ ਸਭ ਤੋਂ ਸਸਤਾ ਕੋਈ ਉਪਹਾਰ ਦਿੰਦਾ ਤਾਂ ਮੈਨੂੰ ਅਪਾਰ ਖ਼ੁਸ਼ੀ ਹੋਣੀ ਸੀ, ਪਰ ਮੇਰਾ ਵੀਰ ਚੋਰੀ ਦੇ ਪੈਸਿਆਂ ਨਾਲ ਆਪਣੀ ਭੈਣ ਨੂੰ ਉਪਹਾਰ ਦੇਵੇ। ਮੈਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਿਆ’’ ਕਹਿ ਕੇ ਟੀਨਾ ਨੇ ਚਾਂਦੀ ਦੀ ਅੰਗੂਠੀ ਸੰਜੂ ਦੇ ਹੱਥ ’ਤੇ ਰੱਖ ਦਿੱਤੀ ਤੇ ਜਾਣ ਲੱਗੀ। ਸੰਜੂ ਨੇ ਆਪਣੀ ਭੈਣ ਦਾ ਹੱਥ ਫੜਦਿਆਂ ਕਿਹਾ, ‘‘ਦੀਦੀ, ਮੈਨੂੰ ਮੁਆਫ਼ ਕਰ ਦੇ...ਮੈਥੋਂ ਵੱਡੀ ਗ਼ਲਤੀ ਹੋ ਗਈ। ਮੈਂ ਵਾਅਦਾ ਕਰਦਾ ਹਾਂ ਕਿ ਫਿਰ ਕਦੇ ਵੀ ਚੋਰੀ ਨਹੀਂ ਕਰਾਂਗਾ। ਮੈਂ ਇਸ ਲਈ ਪਾਪਾ ਕੋਲੋਂ ਵੀ ਮੁਆਫ਼ੀ ਮੰਗਾਂਗਾ। ਪਲੀਜ਼ ਮੈਨੂੰ ਮੁਆਫ਼ ਕਰ ਦੇ।’’ ਟੀਨਾ ਨੇ ਇੱਕ ਨਜ਼ਰ ਸੰਜੂ ਵੱਲ ਦੇਖਿਆ। ਪਛਤਾਵੇ ਦੇ ਹੰਝੂ ਉਸ ਦੀਆਂ ਅੱਖਾਂ ਵਿੱਚੋਂ ਛਲਕ ਆਏ ਸਨ। ਉਸ ਨੇ ਸੰਜੂ ਨੂੰ ਗਲ਼ ਨਾਲ ਲਾ ਲਿਆ ਤੇ ਫਿਰ ਦੋਵੇਂ ਭੈਣ-ਭਰਾ ਪਾਪਾ ਨੂੰ ਸੱਚਾਈ ਦੱਸਣ ਲਈ ਉਨ੍ਹਾਂ ਦੇ ਕਮਰੇ ਵੱਲ ਵਧ ਗਏ।

Advertisement

ਸੰਪਰਕ: 98723-25960

Advertisement
Advertisement