ਵਿਲੱਖਣ ਅਦਾਕਾਰੀ ਦੇ ਮਾਲਕ ਸਨ ਸੰਜੀਵ ਕੁਮਾਰ
ਮੁੰਬਈ: ਹਿੰਦੀ ਸਿਨੇਮਾ ਜਗਤ ਨੂੰ ਸਿਖਰ ’ਤੇ ਪਹੁੰਚਾਉਣ ’ਚ ਅਹਿਮ ਯੋਗਦਾਨ ਪਾਉਣ ਵਾਲੇ ਬਾਲੀਵੁੱਡ ਅਦਾਕਾਰ ਸੰਜੀਵ ਕੁਮਾਰ ਦਾ ਜਨਮ 9 ਜੁਲਾਈ 1938 ਨੂੰ ਹੋਇਆ ਸੀ। ਉਨ੍ਹਾਂ ਵੱਲੋਂ ਨਿਭਾਏ ਗਏ ਵਿਲੱਖਣ ਕਿਰਦਾਰਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸੰਜੀਵ ਕੁਮਾਰ ਅਜਿਹੇ ਅਦਾਕਾਰ ਸਨ ਜੋ ਖੁਦ ਨੂੰ ਹਰ ਕਿਰਦਾਰ ਵਿੱਚ ਬਾਖੂਬੀ ਢਾਲ ਲੈਂਦੇ ਸਨ ਤੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲੈਂਦੇ ਸਨ। ਭਾਵੇਂ ਹਾਸਰਸ ਅਦਾਕਾਰੀ ਹੋਵੇ ਭਾਵੇਂ ਗੰਭੀਰ ਰੋਲ, ਉਹ ਹਰ ਕਿਰਦਾਰ ਨੂੰ ਬਾਖੂਬੀ ਨਿਭਾਉਂਦੇ ਸਨ। ‘ਦਸਤਕ’, ਕੋਸ਼ਿਸ਼, ‘ਸ਼ੋਲੇ, ‘ਸੀਤਾ ਔਰ ਗੀਤਾ’ ਤੇ ‘ਤ੍ਰਿਸ਼ੂਲ’ ਵਿੱਚ ਉਨ੍ਹਾਂ ਨੇ ਆਪਣੇ ਕਿਰਦਾਰ ਰਾਹੀਂ ਅਹਿਮ ਛਾਪ ਛੱਡੀ ਸੀ ਜਿਸ ਨੂੰ ਦਰਸ਼ਕ ਅੱਜ ਤਕ ਵੀ ਭੁੱਲ ਨਹੀਂ ਸਕੇ ਹਨ। ਫਿਲਮਾਂ ਵਿੱਚ ਜਿਸ ਤਰ੍ਹਾਂ ਉਹ ਡਾਇਲਾਗ ਬੋਲਦੇ ਸਨ, ਉਹ ਦਰਸ਼ਕਾਂ ਦੇ ਮਨ ਨੂੰ ਮੋਹ ਲੈਂਦੇ ਸਨ। ਸੰਜੀਵ ਕੁਮਾਰ ਨੇੇ ਫ਼ਿਲਮ ‘ਸ਼ੋਲੇ’ ਵਿੱਚ ਠਾਕੁਰ ਦੇ ਨਿਭਾਏ ਕਿਰਦਾਰ ਰਾਹੀਂ ਦਰਸ਼ਕਾਂ ਦੇ ਦਿਲਾਂ ’ਤੇ ਅਮਿਟ ਛਾਪ ਛੱਡੀ ਸੀ। ਉਹ ਠਾਕੁਰ ਬਲਦੇਵ ਸਿੰਘ ਦਾ ਕਿਰਦਾਰ ਨਿਭਾ ਕੇ ਹਮੇਸ਼ਾ ਲਈ ਅਮਰ ਹੋ ਗਏ ਸਨ। ਉਹ 6 ਨਵੰਬਰ, 1985 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਵੱਲੋਂ ਛੱਡੀਆਂ ਅਮਿਟ ਯਾਦਾਂ ਅੱਜ ਵੀ ਦਰਸ਼ਕਾਂ ਦੇ ਮਨ ਵਿੱਚ ਤਾਜ਼ਾ ਹਨ। -ਏਐੱਨਆਈ