ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 11 ਦਸੰਬਰ ਤੱਕ ਵਧਾਈ
ਨਵੀਂ ਦਿੱਲੀ, 4 ਦਸੰਬਰ
ਦਿੱਲੀ ਦੀ ਇੱਕ ਅਦਾਲਤ ਨੇ ਮਨੀ ਲਾਂਡਰਿੰਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 11 ਦਸੰਬਰ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਐਮ. ਕੇ. ਨਾਗਪਾਲ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੰਜੇ ਸਿੰਘ ਵਿਰੁੱਧ ਦਾਇਰ ਸਪਲੀਮੈਂਟਰੀ ਚਾਰਜਸ਼ੀਟ ਦੀ ਕਾਪੀ ਉਸ ਦੇ ਵਕੀਲ ਨੂੰ ਸੌਂਪਣ ਦਾ ਵੀ ਨਿਰਦੇਸ਼ ਦਿੱਤਾ। ਜ਼ਮਾਨਤ ਅਰਜ਼ੀ ’ਤੇ ਬਹਿਸ 6 ਦਸੰਬਰ ਨੂੰ ਹੋਵੇਗੀ। ਸੋਮਵਾਰ ਨੂੰ ਹੋਈ ਕਾਰਵਾਈ ਦੌਰਾਨ ਈ.ਡੀ. ਨੇ ਅਰਜ਼ੀ ਵਿੱਚ ਕਿਹਾ ਕਿ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਕੁਝ ਸੁਰੱਖਿਅਤ ਗਵਾਹਾਂ ਦੇ ਨਾਵਾਂ ਦਾ ਜ਼ਿਕਰ ‘ਗਲਤੀ ਨਾਲ’ ਕੀਤਾ ਗਿਆ ਸੀ ਅਤੇ ਅਦਾਲਤ ਨੂੰ ਦਸਤਾਵੇਜ਼ਾਂ ਨੂੰ ਸੀਲਬੰਦ ਕਵਰ ਵਿੱਚ ਰੱਖਣ ਦੀ ਅਪੀਲ ਕੀਤੀ ਗਈ। ਅਦਾਲਤ ਨੇ ਈਡੀ ਨੂੰ ਸੁਰੱਖਿਅਤ ਗਵਾਹਾਂ ਦੇ ਨਾਵਾਂ ਦਾ ਜ਼ਿਕਰ ਕਰਨ ਵਾਲੇ ਹਿੱਸੇ ਹਟਾਉਣ ਦੀ ਇਜਾਜ਼ਤ ਦੇ ਦਿੱਤੀ। ਜੱਜ ਨੇ ਇਸ ਮਾਮਲੇ ਨੂੰ ਬਹਿਸ ਲਈ 6 ਦਸੰਬਰ ਤਕ ਅੱਗੇ ਪਾ ਦਿੱਤਾ ਅਤੇ ਅਦਾਲਤੀ ਅਮਲੇ ਨੂੰ ਉਸ ਸਮੇਂ ਤੱਕ ਫਾਈਲ ਸੀਲ ਰੱਖਣ ਦੇ ਨਿਰਦੇਸ਼ ਦਿੱਤੇ। -ਪੀਟੀਆਈ