ਸੰਜੈ ਸਿੰਘ ਦੇ ਪਰਿਵਾਰ ਨੂੰ ਬਾਕੀ ਆਗੂਆਂ ਦੀ ਰਿਹਾਈ ਦੀ ਵੀ ਉਮੀਦ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਪਰੈਲ
‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਦੇ ਪਰਿਵਾਰ ਨੂੰ ਉਮੀਦ ਹੈ ਕਿ ਆਬਕਾਰੀ ਨੀਤੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਬਾਕੀ ਆਗੂਆਂ ਨੂੰ ਵੀ ਨਿਆਂ ਮਿਲ ਜਾਵੇਗਾ। ਕਾਨੂੰਨੀ ਮਾਹਿਰਾਂ ਮੁਤਾਬਕ ਸੰਜੈ ਸਿੰਘ ਦੀ ਜ਼ਮਾਨਤ ਨਾਲ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੀ ਜ਼ਮਾਨਤ ਮਿਲ ਸਕਦੀ ਹੈ। ਸੰਜੈ ਸਿੰਘ ਦੀ ਧੀ ਇਸ਼ਿਤਾ ਨੇ ਕਿਹਾ ਕਿ ਉਸ ਦੇ ਪਿਤਾ ਦੇ ਦੋਸਤ ਹਾਲੇ ਵੀ ਜੇਲ੍ਹ ’ਚ ਹਨ। ਇਸ ਕਰਕੇ ਉਹ ਬਹੁਤੀ ਖ਼ੁਸ਼ੀ ਨਹੀਂ ਮਨਾ ਰਹੇ। ਉਸ ਨੇ ਕਿਹਾ ਕਿ ਜਦੋਂ ਸਾਰੇ ‘ਆਪ’ ਆਗੂ ਜੇਲ੍ਹ ’ਚੋਂ ਬਾਹਰ ਆ ਗਏ ਤਾਂ ਜਸ਼ਨ ਮਨਾਏ ਜਾਣਗੇ। ਇਛਿਤਾ ਨੇ ਕਿਹਾ ਕਿ ਉਮੀਦ ਹੈ ਕਿ ‘ਆਪ’ ਦੇ ਬਾਕੀ ਆਗੂਆਂ ਨੂੰ ਵੀ ਜਲਦੀ ਇਨਸਾਫ ਮਿਲ ਜਾਵੇਗਾ।
ਸੰਜੈ ਸਿੰਘ ਦੀ ਪਤਨੀ ਅਨੀਤਾ ਸਿੰਘ ਨੇ ਕਿਹਾ, ‘‘ਸੱਚ ਦੀ ਜਿੱਤ ਹੋਈ ਹੈ ਤੇ ਮੈਂ ਬਹੁਤ ਖੁਸ਼ ਹਾਂ। ਸੰਜੈ ਸਿੰਘ ਖ਼ਿਲਾਫ਼ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ। ਸਾਡੇ ਤਿੰਨ ਭਰਾ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਵੀ ਬਾਹਰ ਆਉਣਗੇ।’’ ਉਨ੍ਹਾਂ ਕਿਹਾ ਕਿ ਸੰਘਰਸ਼ ਬਹੁਤ ਲੰਬਾ ਹੈ ਜੋ ਅੱਗੇ ਵੀ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ 4 ਅਕਤੂਬਰ 2023 ਨੂੰ ਈਡੀ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੰਜੈ ਸਿੰਘ ਨੂੰ ਕੁਝ ਸ਼ਰਤਾਂ ’ਤੇ ਜ਼ਮਾਨਤ ਮਿਲ ਗਈ ਹੈ।