ਸੰਜੈ ਸਿੰਘ ਵੱਲੋਂ ਬਿਮਾਰੀ ਤੋਂ ਪੀੜਤ ਬੱਚੀ ਦੀ ਮਦਦ ਲਈ ਅਪੀਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਇੱਕ ਦੁਰਲੱਭ ਬਿਮਾਰੀ ਤੋਂ ਪੀੜਤ ਲੜਕੀ ਦੇ ਇਲਾਜ ਲਈ 1 ਲੱਖ ਰੁਪਏ ਦਾਨ ਕੀਤੇ ਹਨ। ਉਨ੍ਹਾਂ ਨੇ ਦੇਸ਼ ਭਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚੀ ਨੂੰ ਬਚਾਉਣ ਵਿੱਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਐੱਸਐੱਮਏ ਟਾਈਪ-1 ਬਿਮਾਰੀ ਤੋਂ ਪੀੜਤ ਜ਼ਾਇਸ਼ਾ ਕੋਲ ਜ਼ਿਆਦਾ ਸਮਾਂ ਨਹੀਂ ਹੈ। ਇਸ ਬਿਮਾਰੀ ਦੇ ਇਲਾਜ ਲਈ ਜ਼ੋਲਗੇਂਸਮਾ ਟੀਕਾ ਹੈ, ਜਿਸ ਦੀ ਕੀਮਤ 17 ਕਰੋੜ ਰੁਪਏ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਇੱਕ ਜਨਤਕ ਮੁਹਿੰਮ ਚਲਾ ਕੇ ਬੱਚੀ ਦੀ ਮਦਦ ਕਰਨੀ ਚਾਹੀਦੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ 7 ਮਹੀਨਿਆਂ ਦੀ ਉਮਰ ਤੋਂ ਹੀ ਗੰਭੀਰ ਦਰਦ ’ਚੋਂ ਲੰਘ ਰਹੀ ਹੈ। ਮਹਿੰਗਾ ਇਲਾਜ ਹੋਣ ਕਾਰਨ ਉਹ ਪੂਰੀ ਰਕਮ ਜੁਟਾਉਣ ਤੋਂ ਅਸਮਰੱਥ ਹਨ। ਇਸ ਲਈ ਸਾਰਿਆਂ ਨੂੰ ਮਦਦ ਦੀ ਅਪੀਲ ਕਰ ਰਹੇ ਹਨ। ਜ਼ਾਇਸ਼ਾ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਬਿਮਾਰੀ ਕਾਰਨ ਉਨ੍ਹਾਂ ਦੀ ਲੜਕੀ ਦੇ ਸਰੀਰ ਵਿੱਚ ਕੋਈ ਹਿਲਜੁਲ ਨਹੀਂ ਹੋ ਰਹੀ ਹੈ।