For the best experience, open
https://m.punjabitribuneonline.com
on your mobile browser.
Advertisement

ਸੰਜੈ ਸਿੰਘ ਰਿਹਾਅ; ਕੇਜਰੀਵਾਲ ਦੀ ਪਟੀਸ਼ਨ ’ਤੇ ਫੈਸਲਾ ਰਾਖਵਾਂ

07:28 AM Apr 04, 2024 IST
ਸੰਜੈ ਸਿੰਘ ਰਿਹਾਅ  ਕੇਜਰੀਵਾਲ ਦੀ ਪਟੀਸ਼ਨ ’ਤੇ ਫੈਸਲਾ ਰਾਖਵਾਂ
ਜੇਲ੍ਹ ਤੋਂ ਰਿਹਾਈ ਮਗਰੋਂ ‘ਆਪ’ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੰਜੈ ਿਸੰਘ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 3 ਅਪਰੈਲ
ਆਬਕਾਰੀ ਨੀਤੀ ਕੇਸ ’ਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਦੇ ਇਕ ਦਿਨ ਬਾਅਦ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਅੱਜ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ। ਜੇਲ੍ਹ ਦੇ ਬਾਹਰ ਮੌਜੂਦ ਵੱਡੀ ਗਿਣਤੀ ਪਾਰਟੀ ਵਰਕਰਾਂ ਨੂੰ ਆਪਣੀ ਗੱਡੀ ਉਪਰ ਚੜ੍ਹ ਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜਸ਼ਨ ਮਨਾਉਣ ਦਾ ਨਹੀਂ ਸਗੋਂ ਸੰਘਰਸ਼ ਕਰਨ ਦਾ ਸਮਾਂ ਹੈ। ‘ਇਹ ਸੰਘਰਸ਼ ਦਾ ਸਮਾਂ ਹੈ। ਅਰਵਿੰਦ ਕੇਜਰੀਵਾਲ ਜ਼ਿੰਦਾਬਾਦ। ਸਾਡੇ ਜੇਲ੍ਹ ’ਚ ਬੰਦ ਆਗੂ ਵੀ ਛੇਤੀ ਹੀ ਬਾਹਰ ਆਉਣਗੇ। ਜੇਲ੍ਹ ਦੇ ਤਾਲੇ ਟੁੱਟਣਗੇ, ਸਾਡੇ ਸਾਰੇ ਨੇਤਾ ਛੁਟਣਗੇ।’ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਅਤੇ ਦਿੱਲੀ ਦੇ ਲੋਕਾਂ ਦੀ ਸੇਵਾ ਕਰਨੀ ਜਾਰੀ ਰੱਖਣਗੇ। ਜੇਲ੍ਹ ਦੇ ਬਾਹਰ ਮੌਜੂਦ ਵੱਡੀ ਗਿਣਤੀ ‘ਆਪ’ ਸਮਰਥਕ ‘ਦੇਖੋ ਦੇਖੋ ਕੌਣ ਆਇਆ, ਸ਼ੇਰ ਆਇਆ, ਸ਼ੇਰ ਆਇਆ’ ਅਤੇ ‘ਸੰਜੈ ਸਿੰਘ ਜ਼ਿੰਦਾਬਾਦ’ ਦੇ ਨਾਅਰੇ ਲਗਾ ਰਹੇ ਸਨ। ਇਸ ਦੌਰਾਨ ਗਲੇ ’ਚ ਹਾਰ ਪਾ ਕੇ ਸੰਜੈ ਸਿੰਘ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਦਿੱਲੀ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਅਤੇ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਵੀ ਹਾਜ਼ਰ ਸਨ। ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਸੰਜੈ ਸਿੰਘ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਗਏ ਅਤੇ ਉਨ੍ਹਾਂ ਕੇਜਰੀਵਾਲ ਦੀ ਪਤਨੀ ਸੁਨੀਤਾ ਨਾਲ ਮੁਲਾਕਾਤ ਕੀਤੀ।

Advertisement

ਆਪਣੀ ਰਿਹਾਈ ਮਗਰੋਂ ‘ਆਪ’ ਆਗੂ ਸੰਜੈ ਸਿੰਘ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਤੋਂ ਆਸ਼ੀਰਵਾਦ ਲੈਂਦੇ ਹੋਏ। -ਫੋਟੋ: ਪੀਟੀਆਈ

ਸੰਜੈ ਸਿੰਘ ਦੀ ਰਿਹਾਈ ਮਗਰੋਂ ‘ਆਪ’ ਨੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ‘ਸ਼ੇਰ ਨੇ ਤਾਨਾਸ਼ਾਹ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ ਹਨ ਅਤੇ ਉਹ ਬਾਹਰ ਆ ਗਿਆ ਹੈ।’ ਇਸ ਤੋਂ ਪਹਿਲਾਂ ਦਿਨ ਵੇਲੇ ਸੰਜੈ ਸਿੰਘ ਨੂੰ ਵਸੰਤ ਕੁੰਜ ਦੇ ਆਈਐੱਲਬੀਐੱਸ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਮੁੜ ਤਿਹਾੜ ਜੇਲ੍ਹ ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਮੰਗਲਵਾਰ ਨੂੰ ਚੈਕਅੱਪ ਲਈ ਹਸਪਤਾਲ ਲਿਆਂਦਾ ਗਿਆ ਸੀ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਦਾਖ਼ਲ ਕਰ ਲਿਆ ਸੀ। ਉਨ੍ਹਾਂ ਨੂੰ ਹਸਪਤਾਲ ’ਚ ਹੀ ਜ਼ਮਾਨਤ ਮਿਲਣ ਦੀ ਖ਼ਬਰ ਮਿਲੀ ਸੀ। ਸੰਜੈ ਸਿੰਘ ਦੀ ਪਤਨੀ ਅਨੀਤਾ ਸਿੰਘ ਨੇ ਕਿਹਾ ਕਿ ਉਹ ਪਤੀ ਦੀ ਰਿਹਾਈ ਦਾ ਜਸ਼ਨ ਨਹੀਂ ਮਨਾਉਣਗੇ ਕਿਉਂਕਿ ਕੇਜਰੀਵਾਲ ਸਮੇਤ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਾਬਕਾ ਮੰਤਰੀ ਸਤੇਂਦਰ ਜੈਨ ਅਜੇ ਵੀ ਜੇਲ੍ਹ ਵਿਚ ਹਨ। ਰਾਜ ਸਭਾ ਮੈਂਬਰ ਪਿਛਲੇ ਸਾਲ 13 ਅਕਤੂਬਰ ਤੋਂ ਉੱਚ ਸੁਰੱਖਿਆ ਜੇਲ੍ਹ ’ਚ ਬੰਦ ਸੀ। -ਪੀਟੀਆਈ

ਰਾਜ ਸਭਾ ਮੈਂਬਰ ਨੂੰ ਸ਼ਰਤਾਂ ਨਾਲ ਮਿਲੀ ਜ਼ਮਾਨਤ

ਨਵੀਂ ਦਿੱਲੀ: ਇਥੋਂ ਦੀ ਅਦਾਲਤ ਨੇ ‘ਆਪ’ ਆਗੂ ਸੰਜੈ ਸਿੰਘ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਆਬਕਾਰੀ ‘ਘੁਟਾਲਾ’ ਕੇਸ ਦੇ ਗਵਾਹਾਂ ਨੂੰ ਨਾ ਤਾਂ ਪ੍ਰਭਾਵਿਤ ਕਰਨਗੇ ਅਤੇ ਨਾ ਹੀ ਸਬੂਤਾਂ ਨਾਲ ਛੇੜਛਾੜ ਕਰਨਗੇ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਇਹ ਹਦਾਇਤਾਂ ਜਾਰੀ ਕੀਤੀਆਂ ਹਨ। ਜੱਜ ਨੇ ਸੰਜੈ ਸਿੰਘ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਪਾਸਪੋਰਟ ਜਮ੍ਹਾਂ ਕਰਾਉਣ, ਐੱਨਸੀਆਰ ਛੱਡਣ ਤੋਂ ਪਹਿਲਾਂ ਆਪਣੇ ਟਿਕਾਣੇ ਦੀ ਜਾਣਕਾਰੀ ਦੇਣ ਅਤੇ ਫੋਨ ਦੀ ਲੋਕੇਸ਼ਨ ਹਮੇਸ਼ਾ ਆਨ ਰੱਖਣ। ਮਾਮਲੇ ਦੀ ਸੰਖੇਪ ਸੁਣਵਾਈ ਦੌਰਾਨ ਸੰਜੈ ਸਿੰਘ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਇਸ ਮਾਮਲੇ ’ਚ ਜ਼ਾਮਨੀ ਹੋਵੇਗੀ। ਉਨ੍ਹਾਂ ਦਾ ਮੁਵੱਕਿਲ ਸੰਸਦ ਮੈਂਬਰ ਹੈ ਅਤੇ ਯਕੀਨ ਰੱਖਿਆ ਜਾਵੇ ਕਿ ਉਹ ਵਿਦੇਸ਼ ਨਹੀਂ ਭੱਜੇਗਾ। ਜੱਜ ਨੇ ਮੁਲਜ਼ਮ ਨੂੰ ਦੋ ਲੱਖ ਰੁਪਏ ਦਾ ਨਿੱਜੀ ਮੁਚੱਲਕਾ ਅਤੇ ਇੰਨੀ ਹੀ ਰਕਮ ਦੀ ਜ਼ਾਮਨੀ ਭਰਨ ਦੇ ਵੀ ਨਿਰਦੇਸ਼ ਦਿੱਤੇ। -ਪੀਟੀਆਈ

ਭਾਜਪਾ ਵੱਲੋਂ ਆਤਿਸ਼ੀ ਨੂੰ ਮਾਣਹਾਨੀ ਦਾ ਨੋਟਿਸ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਨੇ ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਆਤਿਸ਼ੀ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ ਅਤੇ ਉਸ ਨੂੰ ਕਿਸੇ ਨਜ਼ਦੀਕੀ ਰਾਹੀਂ ਭਾਜਪਾ ਵਿਚ ਸ਼ਾਮਲ ਕਰਵਾਉਣ ਦੇ ਦਾਅਵੇ ’ਤੇ ਜਨਤਕ ਤੌਰ ’ਤੇ ਮੁਆਫੀ ਮੰਗਣ ਲਈ ਕਿਹਾ ਹੈ। ਇੱਥੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਆਤਿਸ਼ੀ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ ਅਤੇ ਉਸ ਦੇ ਦਾਅਵੇ ਲਈ ਉਸ ਤੋਂ ਜਨਤਕ ਮੁਆਫੀ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਆਤਿਸ਼ੀ ਇਸ ਗੱਲ ਦਾ ਸਬੂਤ ਦੇਣ ਵਿੱਚ ਅਸਫਲ ਰਹੀ ਕਿ ਉਸ ਨਾਲ ਕਿਸ ਨੇ, ਕਦੋਂ ਅਤੇ ਕਿਵੇਂ ਸੰਪਰਕ ਕੀਤਾ।

ਕੇਜਰੀਵਾਲ ਬਾਰੇ ਜਾਂਚ ਮੁੱਢਲੇ ਪੜਾਅ ’ਤੇ ਹੋਣ ਦੀ ਦਿੱਤੀ ਦਲੀਲ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਹਾਈ ਕੋਰਟ ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਸ ਪਟੀਸ਼ਨ ’ਤੇ ਅੱਜ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ ਜਿਸ ਵਿੱਚ ਉਨ੍ਹਾਂ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਸਵਰਨਕਾਂਤਾ ਸ਼ਰਮਾ ਨੇ ਦੋਵਾਂ ਧਿਰਾਂ, ਆਮ ਆਦਮੀ ਪਾਰਟੀ ਦੇ ਆਗੂ ਕੇਜਰੀਵਾਲ ਅਤੇ ਈਡੀ ਵੱਲੋਂ ਪੇਸ਼ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ, ‘ਮੈਂ ਫ਼ੈਸਲਾ ਰਾਖਵਾਂ ਰੱਖ ਰਹੀ ਹਾਂ।’ ਈਡੀ ਵੱਲੋਂ 21 ਮਾਰਚ ਨੂੰ ਗ੍ਰਿਫ਼ਤਾਰ ਕੀਤੇ ਗਏ ‘ਆਪ’ ਦੇ ਕੌਮੀ ਕਨਵੀਨਰ ਨੇ ਆਪਣੀ ਗ੍ਰਿਫ਼ਤਾਰੀ ਦੇ ਸਮੇਂ ’ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਇਹ ਆਜ਼ਾਦ ਤੇ ਨਿਰਪੱਖ ਚੋਣਾਂ ਤੇ ਬਰਾਬਰ ਮੌਕਾ ਮੁਹੱਈਆ ਕੀਤੇ ਜਾਣ ਸਮੇਤ ਸੰਵਿਧਾਨ ਦੇ ਬੁਨਿਆਦੀ ਸਿੱਧਾਂਤ ਦੀ ਉਲੰਘਣਾ ਹੈ। ਕੇਜਰੀਵਾਲ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਦਲੀਲਾਂ ਰੱਖੀਆਂ। ਕੇਜਰੀਵਾਲ ਫਿਲਹਾਲ ਨਿਆਂਇਕ ਹਿਰਾਸਤ ਵਿੱਚ ਹਨ। ਏਜੰਸੀ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐੱਸਵੀ ਰਾਜੂ ਨੇ ਪਟੀਸ਼ਨ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਇਸ ਮਾਮਲੇ ’ਚ ਮੁੱਢਲੀ ਨਜ਼ਰੇ ਮਨੀ ਲਾਂਡਰਿੰਗ ਦਾ ਅਪਰਾਧ ਬਣਦਾ ਹੈ ਅਤੇ ਮੌਜੂਦਾ ਸਮੇਂ ਪਟੀਸ਼ਨਰ ਖ਼ਿਲਾਫ਼ ਜਾਂਚ ਮੁੱਢਲੇ ਦੌਰ ਵਿੱਚ ਹੈ। ਏਐੱਸਜੀ ਨੇ ਈਡੀ ਖ਼ਿਲਾਫ਼ ਲਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਇਹ ਮਾਮਲਾ ਸਬੂਤਾਂ ’ਤੇ ਆਧਾਰਿਤ ਹੈ ਅਤੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਤੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ। ਇਸੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਇੱਕੋ ਇੱਕ ਮਕਸਦ ਉਨ੍ਹਾਂ ਨੂੰ ਜ਼ਲੀਲ ਕਰਨਾ ਹੈ।

ਕੇਜਰੀਵਾਲ ਨੂੰ ਕੇਤਲੀ, ਮੇਜ਼ ਤੇ ਕੁਰਸੀ ਮੁਹੱਈਆ ਕਰਾਉਣ ਦੀ ਹਦਾਇਤ

ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਅੱਜ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਸਥਿਤੀ ਨੂੰ ਦੇਖਦਿਆਂ ਉਨ੍ਹਾਂ ਨੂੰ ਇੱਕ ਇਲੈਕਟ੍ਰਿਕ ਕੇਤਲੀ ਅਤੇ ਕਿਤਾਬਾਂ ਪੜ੍ਹਨ ਲਈ ਮੇਜ਼ ਤੇ ਕੁਰਸੀ ਮੁਹੱਈਆ ਕਰੇ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਕੇਜਰੀਵਾਲ ਦੇ ਵਕੀਲ ਵੱਲੋਂ ਦਾਇਰ ਅਰਜ਼ੀ ’ਤੇ ਹੁਕਮ ਪਾਸ ਕੀਤਾ ਜਿਸ ’ਚ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਪਾਣੀ ਗਰਮ ਕਰਨ ਤੇ ਚਾਹ ਪੀਣ ਲਈ ਇੱਕ ਇਲੈਕਟ੍ਰਿਕ ਕੇਤਲੀ ਦੀ ਲੋੜ ਹੈ। ਜੱਜ ਨੇ ਜੇਲ੍ਹ ਇੰਚਾਰਜ ਨੂੰ ਕੇਜਰੀਵਾਲ ਦੇ ਅਧਿਕਾਰਤ ਵਕੀਲ ਨੂੰ ਜੇਲ੍ਹ ਮੈਨੁਅਲ ਦੀ ਇੱਕ ਕਾਪੀ ਮੁਹੱਈਆ ਕਰਾਉਣ ਦੀ ਇਜਾਜ਼ਤ ਦੇਣ ਦਾ ਵੀ ਨਿਰਦੇਸ਼ ਦਿੱਤਾ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×