For the best experience, open
https://m.punjabitribuneonline.com
on your mobile browser.
Advertisement

ਆਬਕਾਰੀ ਨੀਤੀ ਮਾਮਲੇ ’ਚ ਸੰਜੈ ਸਿੰਘ ਨੂੰ ਜ਼ਮਾਨਤ ਮਿਲੀ

07:25 AM Apr 03, 2024 IST
ਆਬਕਾਰੀ ਨੀਤੀ ਮਾਮਲੇ ’ਚ ਸੰਜੈ ਸਿੰਘ ਨੂੰ ਜ਼ਮਾਨਤ ਮਿਲੀ
ਸੰਜੈ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਂਦੀ ਹੋਈ ਪੁਲੀਸ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 2 ਅਪਰੈਲ
ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਜੇਕਰ ਸੰਜੈ ਸਿੰਘ ਨੂੰ ਕੇਸ ਵਿਚ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਸੁਪਰੀਮ ਕੋਰਟ ਦੇ ਹੁਕਮਾਂ ਦਾ ਆਮ ਆਦਮੀ ਪਾਰਟੀ ਨੇ ਸਵਾਗਤ ਕੀਤਾ ਹੈ।
ਜਸਟਿਸ ਸੰਜੀਵ ਖੰਨਾ, ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਪੀਬੀ ਵਰਾਲੇ ਦੇ ਬੈਂਚ ਨੇ ਛੇ ਮਹੀਨੇ ਤੋਂ ਜੇਲ੍ਹ ’ਚ ਬੰਦ ਸੰਜੈ ਸਿੰਘ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ। ਬੈਂਚ ਨੇ ਕਿਹਾ ਕਿ ‘ਆਪ’ ਨੇਤਾ ਆਪਣੀਆਂ ਸਿਆਸੀ ਗਤੀਵਿਧੀਆਂ ਜਾਰੀ ਰੱਖ ਸਕਦੇ ਹਨ ਪਰ ਇਸ ਕੇਸ ਦੇ ਸਬੰਧ ਵਿੱਚ ਕੋਈ ਬਿਆਨ ਨਹੀਂ ਦੇ ਸਕਦੇ। ਸੰਜੈ ਸਿੰਘ ਦੀ ਰਿਹਾਈ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਆਮ ਆਦਮੀ ਪਾਰਟੀ ਦੇ ਸਾਹਮਣੇ 19 ਅਪਰੈਲ ਤੋਂ ਸ਼ੁਰੂ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ਦਾ ਸੰਕਟ ਹੈ। ਬੈਂਚ ਨੇ ਕਿਹਾ ਕਿ ਸਿੰਘ ਪੂਰੇ ਮੁਕੱਦਮੇ ਦੌਰਾਨ ਜ਼ਮਾਨਤ ’ਤੇ ਬਾਹਰ ਰਹਿਣਗੇ ਅਤੇ ਉਨ੍ਹਾਂ ਦੀ ਜ਼ਮਾਨਤ ਦੀਆਂ ਸ਼ਰਤਾਂ ਵਿਸ਼ੇਸ਼ ਅਦਾਲਤ ਤੈਅ ਕਰੇਗੀ।

Advertisement

ਸੰਜੈ ਸਿੰਘ ਦੀ ਪਤਨੀ ਅਨੀਤਾ ਸਿੰਘ ਪਾਰਟੀ ਕਾਰਕੁਨਾਂ ਨੂੰ ਮਿਲਦੀ ਹੋਈ। -ਫੋਟੋ: ਪੀਟੀਆਈ

ਦੁਪਹਿਰ ਦੇ ਖਾਣੇ ਤੋਂ ਬਾਅਦ ਦੇ ਸੈਸ਼ਨ ਦੌਰਾਨ ਈਡੀ ਵੱਲੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਐੱਸਵੀ ਰਾਜੂ ਨੇ ਕਿਹਾ ਕਿ ਉਨ੍ਹਾਂ ਜਾਂਚ ਏਜੰਸੀ ਤੋਂ ਹਦਾਇਤਾਂ ਲੈ ਲਈਆਂ ਹਨ ਅਤੇ ਜੇਕਰ ਸੰਜੈ ਸਿੰਘ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ, ‘ਮੈਂ ਮਾਮਲੇ ਦੇ ਗੁਣ-ਦੋਸ਼ਾਂ ’ਚ ਗਏ ਬਿਨਾਂ ਬਿਆਨ ਦੇ ਰਿਹਾ ਹਾਂ।’ ਬੈਂਚ ਨੇ ਬਿਆਨ ਦਾ ਨੋਟਿਸ ਲੈਂਦਿਆਂ ਹੁਕਮ ਦਿੱਤਾ, ‘ਏਐੱਸਜੀ ਐੱਸਵੀ ਰਾਜੂ ਨੂੰ ਸਵੇਰ ਦੇ ਸੈਸ਼ਨ ’ਚ ਨਿਰਦੇਸ਼ ਲੈਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਹੈ ਕਿ ਜੇਕਰ ਸੰਜੈ ਸਿੰਘ ਨੂੰ ਐੱਫਆਈਆਰ ਨਾਲ ਜੁੜੀ ਕਾਰਵਾਈ ’ਚ ਜ਼ਮਾਨਤ ’ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਬਿਆਨ ਦੇ ਮੱਦੇਨਜ਼ਰ ਅਸੀਂ ਮੌਜੂਦਾ ਅਪੀਲ ਦੀ ਇਜਾਜ਼ਤ ਦਿੰਦੇ ਹਾਂ ਅਤੇ ਨਿਰਦੇਸ਼ ਦਿੰਦੇ ਹਾਂ ਕਿ ਸੰਜੈ ਸਿੰਘ ਨੂੰ ਨਿਯਮ ਤੇ ਸ਼ਰਤਾਂ ਤਹਿਤ ਕੇਸ ਦੇ ਪੈਂਡਿੰਗ ਰਹਿਣ ਦੌਰਾਨ ਜ਼ਮਾਨਤ ’ਤੇ ਰਿਹਾਅ ਕੀਤਾ ਜਾਵੇ।’ ਬੈਂਚ ਨੇ ਕਿਹਾ ਕਿ ਸੰਜੈ ਸਿੰਘ ਨੂੰ ਦਿੱਤੀ ਗਈ ਜ਼ਮਾਨਤ ਨੂੰ ‘ਮਿਸਾਲ’ ਵਜੋਂ ਨਹੀਂ ਲਿਆ ਜਾਵੇਗਾ। ਇਸ ਹੁਕਮ ਨਾਲ ਕੇਜਰੀਵਾਲ ਸਮੇਤ ਜੇਲ੍ਹ ’ਚ ਬੰਦ ‘ਆਪ’ ਦੇ ਹੋਰ ਆਗੂਆਂ ਨੂੰ ਰਾਹਤ ਨਹੀਂ ਮਿਲਣ ਵਾਲੀ।
ਸੰਜੈ ਸਿੰਘ ਦੀ ਪਤਨੀ ਅਨੀਤਾ ਸਿੰਘ ਨੇ ਕਿਹਾ ਕਿ ਉਸ ਦੇ ਤਿੰਨ ਭਰਾਵਾਂ ਅਰਵਿੰਦ ਕੇਜਰੀਵਾਲ, ਸਿਸੋਦੀਆ ਤੇ ਸਤੇਂਦਰ ਜੈਨ ਦੇ ਹੁਣ ਵੀ ਜੇਲ੍ਹ ਅੰਦਰ ਹੋਣ ਕਾਰਨ ਖੁਸ਼ੀਆਂ ਅਧੂਰੀਆਂ ਹਨ। -ਪੀਟੀਆਈ

ਮੇਰਾ ਪੁੱਤ ਸੱਚਾ ਤੇ ਇਮਾਨਦਾਰ: ਰਾਧਿਕਾ ਸਿੰਘ

ਸੰਜੈ ਸਿੰਘ ਦੀ ਮਾਂ ਰਾਧਿਕਾ ਸਿੰਘ ਨੇ ਪੁੱਤਰ ਦੀ ਛੇ ਮਹੀਨੇ ਬਾਅਦ ਰਿਹਾਅ ਹੋਣ ’ਤੇ ਖੁਸ਼ੀ ਪ੍ਰਗਟ ਕੀਤੀ ਹੈ। ਰਾਧਿਕਾ ਸਿੰਘ ਨੇ ਕਿਹਾ, ‘ਮੇਰਾ ਪੁੱਤਰ ਬੇਕਸੂਰ ਹੈ। ਇਹ ਖੁਸ਼ੀ ਦੇ ਹੰਝੂ ਹਨ। ਜਿੰਨਾ ਉਦਾਸ ਉਸ ਨੂੰ ਖੋਹੇ ਜਾਣ ਵੇਲੇ ਸੀ, ਅੱਜ ਓਨੀ ਹੀ ਖੁਸ਼ ਹਾਂ। ਉਹ ਸੱਚਾ ਅਤੇ ਇਮਾਨਦਾਰ ਹੈ।’ ਉਨ੍ਹਾਂ ਕਿਹਾ, ‘ਮੈਂ ਮਾਂ ਹਾਂ। ਖੁਸ਼ੀ ਹੋਣੀ ਹੀ ਹੋਈ। ਹੋਰ ਲੋਕ ਵੀ ਖੁਸ਼ ਹਨ।’

ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ: ਭਗਵੰਤ ਮਾਨ

ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਪਰੀਮ ਕੋਰਟ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੂੰ ਜ਼ਮਾਨਤ ਦਿੱਤੇ ਜਾਣ ’ਤੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੱਚ ਨੂੰ ਦਬਾਇਆ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸੰਜੈ ਸਿੰਘ ਨੂੰ ਈਡੀ ਨੇ ਬਿਨਾਂ ਸਬੂਤਾਂ ਦੇ ਗ੍ਰਿਫ਼ਤਾਰ ਕੀਤਾ ਸੀ ਅਤੇ ਛੇ ਮਹੀਨੇ ਜੇਲ੍ਹ ਵਿੱਚ ਰੱਖਿਆ ਸੀ, ਪਰ ਅੱਜ ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਈਡੀ ਕੋਲ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ। ਸ੍ਰੀ ਮਾਨ ਨੇ ਕਿਹਾ ਕਿ ਭਾਜਪਾ ਦਾ ਉਦੇਸ਼ ਜਾਂਚ ਕਰਨਾ ਨਹੀਂ ਬਲਕਿ ‘ਆਪ’ ਆਗੂਆਂ ਨੂੰ ਪ੍ਰੇਸ਼ਾਨ ਕਰਨਾ ਅਤੇ ‘ਆਪ’ ਨੂੰ ਲੋਕ ਪੱਖੀ ਕੰਮ ਕਰਨ ਤੋਂ ਰੋਕਣਾ ਹੈ।

Advertisement
Author Image

sukhwinder singh

View all posts

Advertisement
Advertisement
×