ਡਾਕਟਰ ਖ਼ਿਲਾਫ਼ ਕਾਰਵਾਈ ਨਾ ਹੋਣ ਤੋਂ ਭੜਕੇ ਸੰਜੈ ਸਿੰਘ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਕਤੂਬਰ
ਆਮ ਆਦਮੀ ਪਾਰਟੀ ਨੇ ਦਿੱਲੀ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਆਪਣੇ ਹੀ ਮੈਡੀਕਲ ਸੁਪਰਡੈਂਟ ਰਾਹੀਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਡਾਕਟਰ ਨੂੰ ਇਨਸਾਫ਼ ਨਾ ਮਿਲਣ ਲਈ ਭਾਜਪਾ ਅਤੇ ਉਪ ਰਾਜਪਾਲ ’ਤੇ ਨਿਸ਼ਾਨਾ ਸੇਧਿਆ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਭਾਜਪਾ ਦਿੱਲੀ ਵਿੱਚ ਵੀ ਕੋਲਕਾਤਾ ਵਰਗੀ ਘਟਨਾ ਦੀ ਉਡੀਕ ਕਰ ਰਹੀ ਹੈ। ਇਸੇ ਲਈ ਉਪ ਰਾਜਪਾਲ ਨਾ ਸਿਰਫ ਉਸ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਮੈਡੀਕਲ ਸੁਪਰਡੈਂਟ ਦੀ ਸੁਰੱਖਿਆ ਕਰ ਰਹੇ ਹਨ, ਸਗੋਂ ਇਸ ਦੇ ਉਲਟ ਉਨ੍ਹਾਂ ਦੇ ਅਧੀਨ ਅਧਿਕਾਰੀਆਂ ਨੇ ਉਸ ਮਹਿਲਾ ਡਾਕਟਰ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਕਈ ਮਹੀਨਿਆਂ ਦੇ ਦਬਾਅ ਤੋਂ ਬਾਅਦ ਅੰਦਰੂਨੀ ਜਾਂਚ ਕਮੇਟੀ ਬਣਾਈ ਗਈ ਅਤੇ ਪੀੜਤਾ ਨੇ ਆਪਣੇ ’ਤੇ ਲੱਗੇ ਸਰੀਰਕ ਸ਼ੋਸ਼ਣ ਦੇ ਦੋਸ਼ ਨੂੰ ਸਾਬਤ ਕਰ ਦਿੱਤਾ। ਸੰਜੈ ਸਿੰਘ ਨੇ ਕਿਹਾ ਕਿ ਪੀੜਤ ਮਹਿਲਾ ਦਰਜਨਾਂ ਵਾਰ ਸਿਹਤ ਸਕੱਤਰ ਨੂੰ ਮਿਲਣ ਗਈ ਪਰ ਦੀਪਕ ਕੁਮਾਰ ਜਾਣਬੁੱਝ ਕੇ ਇੱਕ ਵਾਰ ਵੀ ਉਸ ਮਹਿਲਾ ਡਾਕਟਰ ਨੂੰ ਨਾ ਮਿਲੇ। ਜਦੋਂ ਇੱਕ ਮਹਿਲਾ ਡਾਕਟਰ ਨੇ ਆਪਣੇ ਮੈਡੀਕਲ ਸੁਪਰਡੈਂਟ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ, ਤਾਂ ਭਾਜਪਾ ਦੇ ਉਪ ਰਾਜਪਾਲ ਦੇ ਅਧੀਨ ਅਧਿਕਾਰੀਆਂ ਨੇ ਔਰਤ ਵਿਰੁੱਧ ਜਾਂਚ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਵਿੱਚ ਦੋਸ਼ ਸਾਬਤ ਹੋਣ ਦੇ ਬਾਵਜੂਦ ਭਾਜਪਾ ਅਤੇ ਉਪ ਰਾਜਪਾਲ ਨੇ ਸਬੰਧਤ ਸਿਹਤ ਅਧਿਕਾਰੀ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਮਗਰੋਂ ਸਿਹਤ ਵਿਭਾਗ ਨੇ ਮਹਿਲਾ ਡਾਕਟਰ ਦਾ ਤਬਾਦਲਾ ਦੂਜੇ ਹਸਪਤਾਲ ਕਰ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਕੀ ਭਾਜਪਾ ਨੇ ਅਫਸਰਾਂ ਦੇ ਤਬਾਦਲੇ ਅਤੇ ਕਾਰਵਾਈ ਦਾ ਅਧਿਕਾਰ ਸਿਰਫ ਐਲਜੀ ਨੂੰ ਦਿੱਤਾ ਹੈ ਤਾਂ ਜੋ ਉਹ ਔਰਤਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਸੁਰੱਖਿਆ ਦੇ ਸਕੇ। ਉਨ੍ਹਾਂ ਕਿਹਾ ਕਿ ਜੇ ਭਾਜਪਾ ਵਿੱਚ ਕੋਈ ਨੈਤਿਕਤਾ ਬਚੀ ਹੈ ਤਾਂ ਸਿਹਤ ਸਕੱਤਰ ਨੂੰ ਬਰਖਾਸਤ ਕਰਨ ਲਈ ਐੱਲਜੀ ਨੂੰ ਮਿਲਣਾ ਚਾਹੀਦਾ ਹੈ ਅਤੇ ਜਿਨਸੀ ਸ਼ੋਸ਼ਣ ਕਰਨ ਵਾਲੇ ਡਾਕਟਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।