ਸੰਜੈ ਮਲਹੋਤਰਾ ਨੇ ਆਰਬੀਆਈ ਗਵਰਨਰ ਦਾ ਅਹੁਦਾ ਸੰੰਭਾਲਿਆ
ਮੁੰਬਈ, 11 ਦਸੰਬਰ
ਸੰਜੈ ਮਲਹੋਤਰਾ ਨੇ ਅੱਜ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ 26ਵੇਂ ਗਵਰਨਰ ਵਜੋਂ ਚਾਰਜ ਸੰਭਾਲ ਲਿਆ ਹੈ। ਮਲਹੋਤਰਾ ਅੱਜ ਸਵੇਰੇ ਕੇਂਦਰੀ ਬੈਂਕ ਦੇ ਹੈੱਡਕੁਆਰਟਰ ਪੁੱਜੇ ਜਿੱਥੇ ਆਰਬੀਆਈ ਦੇ ਸੀਨੀਅਰ ਸਟਾਫ਼ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੇਂਦਰੀ ਬੈਂਕ ਨੇ ਮਾਈਕਰੋਬਲੌਗਿੰਗ ਸਾਈਟ ਐਕਸ ਉੱਤੇ ਪੋਸਟ ਰਾਹੀਂ ਮਲਹੋਤਰਾ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਅਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਮਾਲੀਆ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਮਲਹੋਤਰਾ ਨੇ ਅਹੁਦੇ ਦਾ ਚਾਰਜ ਲੈਣ ਲਈ ਕਈ ਦਸਤਾਵੇਜ਼ਾਂ ਉੱਤੇ ਦਸਤਖ਼ਤ ਕੀਤੇ। ਇਸ ਮੌਕੇ ਡਿਪਟੀ ਗਵਰਨਰਜ਼ ਸਵਾਮੀਨਾਥਨ ਜੇ, ਐੱਮ.ਰਾਜੇਸ਼ਵਰ ਰਾਓ ਤੇ ਟੀ.ਰਵੀ ਸ਼ੰਕਰ ਵੀ ਮੌਜੂਦ ਸਨ। ਮਲਹੋਤਰਾ ਨੇ ਸ਼ਕਤੀਕਾਂਤ ਦਾਸ ਦੀ ਥਾਂ ਲਈ ਹੈ, ਜੋ ਛੇ ਸਾਲ ਇਸ ਅਹੁਦੇ ’ਤੇ ਰਹੇ। ਨਵੇਂ ਆਰਬੀਆਈ ਗਵਰਨਰ ਸੰਜੈ ਮਲਹੋਤਰਾ ਨੇ ਕਿਹਾ ਕਿ ਕੇਂਦਰੀ ਬੈਂਕ ਨੀਤੀਗਤ ਮਾਮਲਿਆਂ ਨੂੰ ਲੈ ਕੇ ਲਗਾਤਾਰਤਾ ਤੇ ਸਥਿਰਤਾ ਬਣਾ ਕੇ ਰੱਖੇਗਾ। ਉਂਝ ਉਨ੍ਹਾਂ ਮੌਜੂਦਾ ਆਲਮੀ ਆਰਥਿਕ ਤੇ ਸਿਆਸੀ ਮਾਹੌਲ ਦੇ ਹਵਾਲੇ ਨਾਲ ‘ਚੌਕਸ ਤੇ ਚੁਸਤ ਦਰੁਸਤ’ ਰਹਿਣ ਦੀ ਲੋੜ ਉੱਤੇ ਜ਼ੋਰ ਦਿੱਤਾ। ਆਰਬੀਆਈ ਗਵਰਨਰ ਵਜੋਂ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੁੰਦਿਆਂ ਮਲਹੋਤਰਾ ਨੇ ਕਿਹਾ, ‘‘ਸਾਨੂੰ ਇਸ ਤੱਥ ਤੋਂ ਸੁਚੇਤ ਰਹਿਣਾ ਹੋਵੇਗਾ ਕਿ ਅਸੀਂ ਲਗਾਤਾਰਤਾ ਤੇ ਸਥਿਰਤਾ ਬਣਾ ਕੇ ਰੱਖਣੀ ਹੈ, ਅਸੀਂ ਇਕ ਜਗ੍ਹਾ ਖੜ੍ਹੇ ਨਹੀਂ ਰਹਿ ਸਕਦੇ, ਚੁਣੌਤੀਆਂ ਨੂੰ ਪਾਰ ਪਾਉਣ ਲਈ ਸਾਨੂੰ ਚੁਸਤ ਦਰੁਸਤ ਤੇ ਚੌਕਸ ਰਹਿਣਾ ਹੋਵੇਗਾ।’’ ਮਲੋਹਤਰਾ ਨੇ ਕਿਹਾ ਕਿ ਕੇਂਦਰੀ ਬੈਂਕ ਆਰਬੀਆਈ ਦੇ ਵਿਰਸੇ ਨੂੰ ਜਾਰੀ ਰੱਖਣ ਲਈ ਵਿੱਤੀ ਰੈਗੂਲੇਟਰਾਂ, ਸੂੁਬਾ ਸਰਕਾਰਾਂ ਤੇ ਕੇਂਦਰ ਸਰਕਾਰ ਸਣੇ ਸਾਰੀਆਂ ਸਬੰਧਤ ਧਿਰਾਂ ਨਾਲ ਰਾਬਤਾ ਬਣਾ ਕੇ ਰੱਖੇਗਾ। -ਪੀਟੀਆਈ
ਨਾਜ਼ੁਕ ਦੌਰ ’ਚ ਸੰਭਾਲਿਆ ਅਹੁਦਾ
ਰਾਜਸਥਾਨ ਕੇਡਰ ਦੇ ਆਈਏਐੱਸ ਅਧਿਕਾਰੀ ਮਲਹੋਤਰਾ ਨੇ ਅਜਿਹੇ ਮੌਕੇ ਚਾਰਜ ਸੰਭਾਲਿਆ ਹੈ, ਜਦੋਂ ਆਰਬੀਆਈ ਬਹੁਤ ਨਾਜ਼ੁਕ ਦੌਰ ’ਚੋਂ ਲੰਘ ਰਿਹਾ ਹੈ। ਸਤੰਬਰ ਤਿਮਾਹੀ ਵਿਚ ਜੀਡੀਪੀ ਵਿਕਾਸ ਦਰ ਪਿਛਲੀਆਂ ਸੱਤ ਤਿਮਾਹੀਆਂ ਤੋਂ 5.4 ਫੀਸਦ ਨਾਲ ਸਭ ਤੋਂ ਹੇਠਲੇ ਪੱਧਰ ’ਤੇ ਹੈ ਅਤੇ ਮਹਿੰਗਾਈ ਦਰ ਸਰਕਾਰ ਵੱਲੋਂ ਕੇਂਦਰੀ ਬੈਂਕ ਲਈ ਨਿਰਧਾਰਿਤ 6 ਫੀਸਦ ਦੀ ਦਰ ਤੋਂ ਉੱਤੇ ਹੈ।