ਸਫ਼ਾਈ ਕਾਮਿਆਂ ਵੱਲੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 4 ਫਰਵਰੀ
ਸਫ਼ਾਈ ਕਰਮਚਾਰੀ ਯੂਨੀਅਨ ਮਾਲੇਰਕੋਟਲਾ ਨੇ ਯੂਨੀਅਨ ਦੇ ਪ੍ਰਧਾਨ ਦੀਪਕ ਬੱਗਨ ਦੀ ਅਗਵਾਈ ਹੇਠ ਇੱਕ ਦਿਨ ਕੰਮ ਬੰਦ ਕਰਕੇ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਖ਼ਿਲਾਫ਼ ਰੋਸ ਮਾਰਚ ਕੀਤਾ। ਰੋਸ ਮਾਰਚ ਦਫ਼ਤਰ ਨਗਰ ਕੌਂਸਲ ਮਾਲੇਰਕੋਟਲਾ ਤੋਂ ਸ਼ੁਰੂ ਹੋ ਕੇ ਡੀਸੀ ਦਫ਼ਤਰ ’ਤੇ ਸਮਾਪਤ ਹੋਇਆ। ਦੀਪਕ ਬੱਗਨ ਨੇ ਕਿਹਾ ਕਿ ਕਿਸੇ ਡੂੰਘੀ ਸਾਜ਼ਿਸ਼ ਤਹਿਤ ਇਹ ਨਾ ਬਰਦਾਸ਼ਤ ਕਰਨ ਵਾਲਾ ਕਾਰਾ ਕੀਤਾ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਰਕਤ ਕਿਸੇ ਦੀ ਸ਼ਹਿ ਜਾਂ ਕਿਸੇ ਦੇ ਬਹਿਕਾਵੇ ’ਚ ਆ ਕੇ ਹੀ ਕੀਤੀ ਜਾ ਸਕਦੀ ਹੈ। ਸ੍ਰੀ ਬੱਗਨ ਨੇ ਅਪੀਲ ਕੀਤੀ ਕਿ ਉਹ ਇਸ ਘਟਨਾ ਨੂੰ ਲੈ ਕੇ ਸ਼ਾਂਤਮਈ ਰਹਿ ਕੇ ਆਪਣਾ ਰੋਸ ਦਰਜ ਕਰਾਉਣ। ਯੂਨੀਅਨ ਨੇ ਏਡੀਸੀ ਮਾਲੇਰਕੋਟਲਾ ਗੁਰਮੀਤ ਕੁਮਾਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਕਾਰੇ ਦੇ ਜ਼ਿੰਮੇਵਾਰ ’ਤੇ ਐਨਐੱਸਏ ਲਾਇਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਕਾਰਾ ਕਰਨ ਦੀ ਹਿੰਮਤ ਨਾ ਕਰ ਸਕੇ। ਇਸ ਮੌਕੇ ਅਸ਼ੋਕ ਕੁਮਾਰ, ਕੌਂਸਲਰ ਅਜੇ ਕੁਮਾਰ, ਬਾਦਲ ਕਲਿਆਣ, ਬੰਟੀ ਟਾਂਕ, ਕੁਲਦੀਪ, ਪਵਨ ਕੁਮਾਰ, ਰਾਜਿੰਦਰ ਕੁਮਾਰ, ਸੁਸ਼ੀਲ ਕੁਮਾਰ, ਕਪਿਲ ਟਾਂਕ, ਰਿਸ਼ੀ ਮੱਟੂ, ਰਜਤ ਕਲਿਆਣ, ਅਜੇ ਕੁਮਾਰ, ਬਬਲੂ ਬੱਗਨ ਅਤੇ ਸਾਰੇ ਸਫ਼ਾਈ ਕਰਮਚਾਰੀ ਮੌਜੂਦ ਸਨ।