ਨਵੇਂ ਸਾਲ ’ਤੇ ਸਫ਼ਾਈ ਸੇਵਕਾਂ ਦਾ ਸਨਮਾਨ
ਦਵਿੰਦਰ ਸਿੰਘ
ਯਮੁਨਾਨਗਰ, 1 ਜਨਵਰੀ
ਨਗਰ ਨਿਗਮ ਵੱਲੋਂ ਸ਼ਹਿਰ ਨੂੰ ਸਫਾਈ ਪੱਖੋਂ ਪਹਿਲੇ ਨੰਬਰ ’ਤੇ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਨਗਰ ਨਿਗਮ ਦੇ ਸਫਾਈ ਕਰਮਚਾਰੀ ਕੜਾਕੇ ਦੀ ਸਰਦੀ ਦੀ ਪ੍ਰਵਾਹ ਕੀਤੇ ਬਿਨਾਂ ਸਵੇਰੇ-ਸਵੇਰੇ ਸ਼ਹਿਰ ਦੀ ਸਫਾਈ ਕਰ ਰਹੇ ਹਨ। ਨਵੇਂ ਸਾਲ ਦੇ ਮੌਕੇ ‘ਤੇ ਵਨ ਸਟੈਪ ਫਾਰ ਅਦਰ ਚੈਰੀਟੇਬਲ ਸੁਸਾਇਟੀ ਨੇ ਇਨ੍ਹਾਂ ਸਫ਼ਾਈ ਮਿੱਤਰਾਂ ਨੂੰ ਨਿੱਘੇ ਸ਼ਾਲ ਦੇ ਕੇ ਸਨਮਾਨਿਤ ਕੀਤਾ। ਸੰਸਥਾ ਦੇ ਮੁਖੀ ਸੁਸ਼ੀਲ ਗਰਗ ਨੇ ਸਭ ਤੋਂ ਪਹਿਲਾਂ ਵਾਰਡ 8- ਵਿੱਚ ਸਫ਼ਾਈ ਕਰਨ ਵਾਲੇ ਸਫ਼ਾਈ ਸੇਵਕਾਂ ਨੂੰ ਸਨਮਾਨਿਤ ਕੀਤਾ। ਇਸ ਉਪਰੰਤ ਵਾਰਡ-10 ਦੇ ਸਫ਼ਾਈ ਮਿੱਤਰਾਂ ਦਾ ਸਨਮਾਨ ਕੀਤਾ ਗਿਆ। ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੀਆਂ ਹਦਾਇਤਾਂ ’ਤੇ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਤੇ ਸਵੱਛ ਬਣਾਉਣ ਲਈ ਦੋ ਜ਼ੋਨ ਬਣਾ ਕੇ ਇਲਾਕੇ ਦੀ ਸਫ਼ਾਈ ਕੀਤੀ ਜਾ ਰਹੀ ਹੈ। ਜ਼ੋਨ- 1 ਵਿੱਚ ਸੀਐੱਸਆਈ ਹਰਜੀਤ ਸਿੰਘ ਅਤੇ ਜ਼ੋਨ- 2 ਵਿੱਚ ਸੀਐੱਸਆਈ ਸੁਨੀਲ ਦੱਤ ਦੀ ਅਗਵਾਈ ਹੇਠ ਹਰ ਵਾਰਡ ਵਿੱਚ ਸਫ਼ਾਈ ਕੀਤੀ ਜਾਂਦੀ ਹੈ। ਸਾਰੇ ਵਾਰਡਾਂ ਦੇ ਸੈਨੀਟੇਸ਼ਨ ਇੰਸਪੈਕਟਰਾਂ ਅਤੇ ਸਫ਼ਾਈ ਮਿੱਤਰਾਂ ਨੇ ਸਵੇਰੇ-ਸਵੇਰੇ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਅਤੇ ਇਲਾਕਿਆਂ ਦੀ ਸਫ਼ਾਈ ਕੀਤੀ। ਸੰਸਥਾ ਦੇ ਮੁਖੀ ਸੁਸ਼ੀਲ ਗਰਗ ਨੇ ਕਿਹਾ ਕਿ ਸਫ਼ਾਈ ਮਿੱਤਰ ਸ਼ਹਿਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ ਸ਼ਲਾਘਾਯੋਗ ਕੰਮ ਕਰ ਰਹੇ ਹਨ, ਇਸ ਲਈ ਉਨ੍ਹਾਂ ਦਾ ਸਨਮਾਨ ਕਰਨਾ ਜ਼ਰੂਰੀ ਹੈ। ਸੀਐੱਸਆਈ ਹਰਜੀਤ ਸਿੰਘ ਅਤੇ ਸੈਨੀਟੇਸ਼ਨ ਇੰਸਪੈਕਟਰ ਪ੍ਰਦੀਪ ਦਹੀਆ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸੁੰਦਰ, ਸਾਫ਼-ਸੁਥਰਾ ਬਣਾਉਣ ਅਤੇ ਸਵੱਛ ਸਰਵੇਖਣ ਵਿੱਚ ਪਹਿਲੇ ਸਥਾਨ ‘ਤੇ ਲਿਆਉਣ ਲਈ ਨਿਗਮ ਦਾ ਸਹਿਯੋਗ ਕਰਨ।