ਸਵੱਛਤਾ ਸਰਵੇਖਣ: ਸੂਬੇ ’ਚੋਂ ਦੂਜੇ ਨੰਬਰ ’ਤੇ ਆਇਆ ਨਗਰ ਨਿਗਮ ਪਟਿਆਲਾ
ਖੇਤਰੀ ਪ੍ਰਤੀਨਿਧ
ਪਟਿਆਲਾ 20 ਅਗਸਤ
ਸਵੱਛਤਾ ਸਰਵੇਖਣ ਦੀ ਰੈਂਕਿੰਗ ਵਿਚ ਪਟਿਆਲਾ ਨੂੰ ਪੰਜਾਬ ਦਾ ਦੂਜਾ ਸਭ ਤੋਂ ਸਾਫ ਸ਼ਹਿਰ ਐਲਾਨਿਆ ਗਿਆ ਹੈ। 3467.35 ਅੰਕ ਲੈ ਕੇ ਪਟਿਆਲਾ ਸ਼ਹਿਰ ਦੇਸ਼ ਦੇ 4242 ਸ਼ਹਿਰਾਂ ਵਿੱਚੋਂ 86ਵੇਂ ਸਥਾਨ ’ਤੇ ਰਿਹਾ ਹੈ। ਸਵੱਛਤਾ ਲਈ ਮੁਕਾਬਲਾ ਕਰਨ ਵਾਲਾ ਦੇਸ਼ ਦਾ 86ਵਾਂ ਸ਼ਹਿਰ ਬਣ ਗਿਆ ਹੈ। ਦਸ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਰੈਂਕਿੰਗ ਵਿੱਚ ਲੁਧਿਆਣਾ ਅਤੇ ਅੰਮ੍ਰਿਤਸਰ ਪਹਿਲੇ ਅਤੇ ਦੂਜੇ ਸਥਾਨ ’ਤੇ ਹਨ। ਜਦਕਿ ਦਸ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿੱਚ ਬਠਿੰਡਾ ਦਾ ਪਹਿਲਾ ਅਤੇ ਪਟਿਆਲਾ ਦਾ ਦੂਜੇ ਸਥਾਨ ਹੈ।
ਨਗਰ ਨਿਗਮ ਦੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਪਿਛਲੇ ਸਾਲ ਦੇ ਮੁਕਾਬਲੇ ਪਟਿਆਲਾ ਆਪਣੀ ਰੈਂਕਿੰਗ ਵਿੱਚ ਵਾਧਾ ਨਹੀਂ ਕਰ ਸਕਿਆ ਹੈ। ਪਹਿਲੇ ਪੜਾਅ ਦੀ ਰੈਂਕਿੰਗ ਸਮੇਂ ਸਿਟੀ ਟਵਾਇਲੇਟ, ਅੰਡਰ ਗਰਾਉੂਂਡ ਸੈਮੀ ਬਿਨ, ਟਵਿਨ-ਬਿਨ, ਐਮ.ਆਰ.ਐਫ ਸੈਂਟਰਾਂ ਦਾ ਕੰਮ ਪੂਰਾ ਨਹੀਂ ਹੋ ਸਕਿਆ ਸੀ। ਨਿਗਮ ਆਪਣੇ ਡੰਪਿੰਗ ਮੈਦਾਨ ਦੇ ਸਥਾਈ ਹੱਲ ਲਈ ਵੀ ਕੋਈ ਕੰਮ ਸ਼ੁਰੂ ਨਹੀਂ ਕਰ ਸਕਿਆ ਸੀ ਜਿਸ ਕਾਰਨ ਪਹਿਲੇ ਪੜਾਅ ਦੇ ਸਰਵੇਖਣ ਦੌਰਾਨ ਪਟਿਆਲਾ ਨੂੰ 2000 ਵਿਚੋਂ 580 ਅੰਕ ਹੀ ਮਿਲ ਸਕੇ। ਜਦੋਂਕਿ ਬਾਕੀ ਦੇ ਤਿੰਨ ਕਵਾਟਰਾਂ ਵਿੱਚ ਹੋਏ ਸਰਵੇ ਵਿੱਚ ਰੈਕਿੰਗ ਚੰਗੀ ਰਹੀ।
ਕੂੜਾ ਰਹਿਤ ਸ਼ਹਿਰ ਦੀ ਸਟਾਰ ਰੇਟਿੰਗ ਲਈ 600 ਪੁਆਇੰਟ ਰੱਖੇ ਗਏ ਸਨ। ਇਸ ਰੈਂਕਿੰਗ ਵਿਚ ਪੰਜਾਬ ਵਿਚ ਨਵਾਂ ਸ਼ਹਿਰ ਤੋਂ ਇਲਾਵਾ ਹੋਰ ਕੋਈ ਵੀ ਕਾਰਪੋਰੇਸ਼ਨ ਅਤੇ ਕੌਂਸਲ ਨੂੰ ਪਾਸ ਨਹੀਂ ਕੀਤਾ ਗਿਆ। ਦੇਸ਼ ਭਰ ਵਿੱਚ ਪਟਿਆਲਾ ਦੀ ਰੈਂਕਿੰਗ ਨੂੰ ਘਟਾਉਣ ਦਾ ਇਹ ਵੀ ਇੱਕ ਵੱਡਾ ਕਾਰਨ ਰਿਹਾ। ਇਸੇ ਦੌਰਾਨ ਮੇਅਰ ਸੰਜੀਵ ਬਿੱਟੂ ਨੇ ਪਟਿਆਲਾ ਨੂੰ ਪੰਜਾਬ ਦਾ ਦੂਜਾ ਸਾਫ ਸ਼ਹਿਰ ਐਲਾਨੇ ਜਾਣ ’ਤੇ ਸਮੂਹ ਸਫਾਈ ਸੈਨਿਕਾਂ ਅਤੇ ਕਾਰਪੋਰੇਸ਼ਨ ਦੇ ਸਬੰਧਿਤ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ।