ਸੰਸਦ ਦੀ ਸੁਰੱਖਿਆ ’ਚ ਸੰਨ੍ਹ: ਨੀਲਮ ਆਜ਼ਾਦ ਦੀ ਜ਼ਮਾਨਤ ਅਰਜ਼ੀ ਖਾਰਜ
ਨਵੀਂ ਦਿੱਲੀ, 18 ਜਨਵਰੀ
ਦਿੱਲੀ ਦੀ ਇਕ ਅਦਾਲਤ ਨੇ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮਾਮਲੇ ’ਚ ਮੁਲਜ਼ਮ ਨੀਲਮ ਆਜ਼ਾਦ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ। ਵਧੀਕ ਸੈਸ਼ਨ ਜੱਜ ਹਰਦੀਪ ਕੌਰ ਨੇ ਆਜ਼ਾਦ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਪੜਾਅ ’ਤੇ ਉਸ ਨੂੰ ਰਾਹਤ ਦੇਣਾ ਸਹੀ ਨਹੀਂ ਹੋਵੇਗਾ। ਅਦਾਲਤ ਨੇ ਸ਼ਨਿਚਰਵਾਰ ਨੂੰ ਆਜ਼ਾਦ, ਮਨੋਰੰਜਨ ਡੀ, ਸਾਗਰ ਸ਼ਰਮਾ, ਲਲਿਤ ਝਾਅ, ਅਮੋਲ ਸ਼ਿੰਦੇ ਅਤੇ ਮਹੇਸ਼ ਕੁਮਾਵਤ ਸਮੇਤ ਮਾਮਲੇ ਦੇ ਸਾਰੇ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ਦੀ ਮਿਆਦ ਖਤਮ ਹੋਣ 'ਤੇ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। 2001 ਦੇ ਸੰਸਦ ’ਤੇ ਅਤਿਵਾਦੀ ਹਮਲੇ ਦੀ ਬਰਸੀ 'ਤੇ ਸੁਰੱਖਿਆ ’ਚ ਸੰਨ੍ਹ ਲਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਸਿਫ਼ਰ ਕਾਲ ਦੌਰਾਨ ਪਬਲਿਕ ਗੈਲਰੀ ਤੋਂ ਲੋਕ ਸਭਾ ਦੇ ਚੈਂਬਰ ਵਿੱਚ ਛਾਲ ਮਾਰ ਦਿੱਤੀ, ਡੱਬਿਆਂ ਵਿੱਚੋਂ ਪੀਲੀ ਗੈਸ ਛੱਡੀ ਅਤੇ ਹੋਣ ਤੋਂ ਪਹਿਲਾਂ ਨਾਅਰੇਬਾਜ਼ੀ ਕੀਤੀ ਸੀ। ਇਸੇ ਤਰ੍ਹਾਂ ਅਮੋਲ ਸ਼ਿੰਦੇ ਅਤੇ ਆਜ਼ਾਦ ਨੇ ਸੰਸਦ ਕੰਪਲੈਕਸ ਦੇ ਬਾਹਰ ਡੱਬਿਆਂ ਤੋਂ ਰੰਗੀਨ ਗੈਸ ਛੱਡਦਿਆਂ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਮਾਮਲੇ ’ਚ ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਮੁਲਜ਼ਮ ਨੀਲਮ ਆਜ਼ਾਦ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। -ਪੀਟੀਆਈ