ਸੰਗਰੂਰ ਨੇ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਜਿੱਤੀ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 24 ਨਵੰਬਰ
ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਵੱਲੋਂ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ ਦੀ ਨਿਗਰਾਨੀ ਹੇਠ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਕਾਰਵਾਈ ਗਈ 45 ਵੀਂ ਪੰਜਾਬ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਦੌਰਾਨ ਸੰਗਰੂਰ ਦੇ ਖਿਡਾਰੀਆਂ ਨੇ 453 ਅੰਕ ਪ੍ਰਾਪਤ ਕਰਕੇ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ, ਜਦੋਂ ਕਿ ਲੁਧਿਆਣਾ ਦੇ ਖਿਡਾਰੀਆਂ ਨੇ 372 ਅੰਕ ਲੈ ਕੇ ਦੂਸਰਾ ਸਥਾਨ ਅਤੇ ਪਟਿਆਲਾ ਦੇ ਖਿਡਾਰੀਆਂ ਨੇ 177 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 490 ਦੇ ਕਰੀਬ 30 ਸਾਲ ਤੋਂ ਲੈ ਕੇ 94 ਸਾਲ ਤੱਕ ਦੇ ਮਰਦ ਅਤੇ ਔਰਤਾਂ ਨੇ ਭਾਗ ਲਿਆ। ਇਸ ਅਥਲੈਟਿਕ ਚੈਂਪੀਅਨਸ਼ਿਪ ਦਾ ਉਦਘਾਟਨ ਤੇਜਿੰਦਰਪਾਲ ਸਿੰਘ ਤੂਰ ਏਸ਼ੀਆ ਗੋਲਡ ਮੈਡਲਿਸਟ (ਸ਼ਾਟਪੁੱਟ) ਵੱਲੋਂ ਕੀਤਾ। ਪ੍ਰਧਾਨਗੀ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕੀਤੀ, ਜਦੋਂ ਕਿ ਇਨਾਮਾਂ ਦੀ ਵੰਡ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਇੰਟਰਨੈਸ਼ਨਲ ਖਿਡਾਰੀ ਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਤੋਂ ਇਲਾਵਾ ਸਾਬਕਾ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ, ਡਾਕਟਰ ਗੋਬਿੰਦ ਸਿੰਘ ਕੋਕਰੀ ਕਲਾਂ ਮੋਗਾ, ਡਾਕਟਰ ਗੀਤਾ ਠਾਕੁਰ ਅਤੇ ਡਾਕਟਰ ਹਰਦੀਪ ਸਿੰਘ ਸੰਗਰੂਰ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪ੍ਰੀਤਮ ਸਿੰਘ ਮੋਹਾਲੀ, ਸੀਨੀਅਰ ਕੌਂਸਲ ਮੈਂਬਰ ਗੁਰਜੰਟ ਸਿੰਘ ਦੁੱਗਾਂ, ਬਲਦੇਵ ਸਿੰਘ ਭੰਮਾਵੱਦੀ, ਮਨਜੀਤ ਸਿੰਘ ਬਾਲੀਆਂ, ਭੁਪਿੰਦਰ ਸਿੰਘ ਗਰੇਵਾਲ, ਡਾ. ਗੁਰਵੀਰ ਸਿੰਘ ਸੋਹੀ, ਸੁਖਮਿੰਦਰ ਸਿੰਘ ਭੱਠਲ, ਪ੍ਰਿੰਸੀਪਲ ਵਿਜੇ ਪਲਾਹਾ ਵੀ ਮੌਜੂਦ ਸਨ। ਇਸ ਮੌਕੇ ਚੇਅਰਮੈਨ ਘੁੱਲੀ ਨੇ ਕਿਹਾ ਕਿ ਨੌਜਵਾਨਾਂ ਨੂੰ ਇਹਨਾਂ ਬਜ਼ੁਰਗਾਂ ਤੋਂ ਸੇਧ ਲੈਂਦੇ ਹੋਏ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਪੂਨੀਆ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਖਿਡਾਰੀਆਂ ਦੇ ਜੀਵਨ ਵਿੱਚ ਅਨੁਸਾਸ਼ਨ ਦੀ ਮਹੱਤਤਾ ਅਤੇ ਖਿਡਾਰੀਆਂ ਦੀ ਅਣਥੱਕ ਮਿਹਨਤ ਸੰਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਕਰਵਾਈ ਜਾ ਰਹੀ ਚੈਂਪੀਅਨਸ਼ਿਪ ਸਬੰਧੀ ਜਾਣਕਾਰੀ ਦਿੱਤੀ। ਪ੍ਰੋ. ਰਣਧੀਰ ਸ਼ਰਮਾ ਵੱਲੋਂ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਉਣ ਉਪਰੰਤ ਆਏ ਮਹਿਮਾਨਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲ ਕਾਲਜ ਕੌਂਸਲ ਅਧੀਨ ਚੱਲ ਰਹੀਆਂ ਦੇ ਸਮੂਹ ਕਾਲਜਾਂ ਦਾ ਸਟਾਫ ਹਾਜ਼ਰ ਸੀ।
ਰਾਜਵੰਤ ਸਿੰਘ ਘੁੱਲੀ ਨੇ ਹੈਮਰ ਥਰੋਅ ’ਚ ਸੋਨ ਤਗ਼ਮਾ ਜਿੱਤਿਆ
ਧੂਰੀ: ਸੰਗਰੂਰ ਜ਼ਿਲ੍ਹੇ ਦੇ ਇਤਿਹਾਸਕ ਸਥਾਨ ਮਸਤੂਆਣਾ ਸਾਹਿਬ ਵਿੱਚ ਹੋਈਆਂ ਖੇਡਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਧੂਰੀ ਦੇ ਇੰਚਾਰਜ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਅਕਾਲ ਅਕੈਡਮੀ ਵੱਲੋਂ ਕਰਵਾਈਆਂ ਗਈਆਂ ਖੇਡਾਂ ਦੌਰਾਨ ਹੈਮਰ ਥਰੋਅ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਏਸ਼ੀਅਨ ਚੈਪੀਅਨਸ਼ਿਪ ਵਿੱਚ ਸੋਨ ਤਗ਼ਮਾ ਜੇਤੂ ਸੁਰਜੀਤ ਸਿੰਘ ਜਲੰਧਰ, ਆਪ ਆਗੂ ਪਰਮਜੀਤ ਸਿੰਘ ਕਾਂਝਲਾ, ਸਰਪੰਚ ਬਿੱਲਾ ਸਾਹੀਵਾਲ ਅਤੇ ਮਨਜੀਤ ਸਿੰਘ ਚੰਗਾਲ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ