ਸੰਗਰੂਰ: ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਦਾ ਭਾਅ ਘੱਟ ਦੇਣ ਦਾ ਮਾਮਲਾ ਭਖਿਆ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ
ਵੇਰਕਾ ਮਿਲਕ ਪਲਾਂਟ ਸੰਗਰੂਰ ਵਲੋਂ ਕਿਸਾਨਾਂ ਨੂੰ ਦੁੱਧ ਦੇ ਭਾਅ ਘੱਟ ਦੇਣ ਦੇ ਮਾਮਲੇ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇੱਕ ਅਹਿਮ ਮੀਟਿੰਗ ਹੋਈ। ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਇਕੱਤਰ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਆਗੂਆਂ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਸੰਗਰੂਰ ਦਾ ਦੁੱਧ ਉਤਪਾਦਕਾਂ ਨਾਲ ਵੱਡਾ ਵਿਤਕਰਾ ਹੈ, ਜਿਵੇਂ ਕਿ ਜ਼ਿਲ੍ਹਾ ਲੁਧਿਆਣਾ, ਮੁਹਾਲੀ,ਪਟਿਆਲਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਨਾਲੋਂ ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਦੁੱਧ ਉਤਪਾਦਕਾਂ ਨੂੰ ਦੋ-ਤਿੰਨ ਰੁਪਏ ਘੱਟ ਰੇਟ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਬਾਬਤ ਸੰਗਰੂਰ ਦੇ ਅਧਿਕਾਰੀਆਂ ਨਾਲ ਗੱਲ ਕੀਤਾ ਤਾਂ ਉਨ੍ਹਾਂ ਇਹ ਕਹਿਕੇ ਅਕਸਰ ਪੱਲਾ ਝਾੜ ਲਿਆ ਜਾਂਦਾ ਹੈ ਕਿ ਹੋਰ ਜ਼ਿਲ੍ਹਿਆਂ ਦੇ ਵੇਰਕਾ ਪਲਾਂਟ ਮੁਨਾਫੇ ਵਿੱਚ ਹਨ ਪਰ ਸੰਗਰੂਰ ਦਾ ਵੇਰਕਾ ਪਲਾਂਟ ਘਾਟੇ ਵਿੱਚ ਚੱਲ ਰਿਹਾ ਹੈ।
ਉਨ੍ਹਾਂ ਮੰਗ ਰੱਖੀ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਵੇਰਕਾ ਮਿਲਕ ਪਲਾਂਟ ਸੰਗਰੂਰ ਵਲੋਂ ਦੁੱਧ ਉਤਪਾਦਕਾਂ ਨੂੰ ਹੋਰਨਾਂ ਜ਼ਿਲ੍ਹਿਆਂ ਦੀ ਤਰਜ਼ ’ਤੇ ਦੁੱਧ ਦਾ ਭਾਅ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਸਬੰਧੀ ਜਦੋਂ ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਪ੍ਰੋਕਿਓਰਮੈਂਟ ਮੈਨੇਜਰ ਗੁਲਾਬ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੁੱਧ ਦੇ ਭਾਅ ਉਨ੍ਹਾਂ ਵਲੋਂ ਤੈਅ ਨਹੀਂ ਹੁੰਦੇ ਬਲਕਿ ਦੁੱਧ ਦੇ ਭਾਅ ਉਪਰੋਂ ਹੀ ਤੈਅ ਹੋ ਕੇ ਆਉਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਦੁੱਧ ਦੇ ਭਾਅ ਪਲਾਂਟ ਦੇ ਮੁਨਾਫੇ ’ਤੇ ਆਧਾਰਿਤ ਹੁੰਦੇ ਹਨ।