ਸੰਗਰੂਰ: ਵਿਧਾਇਕਾ ਦੇ ਭਰੋਸੇ ’ਤੇ ਸਹਾਇਕ ਪ੍ਰੋਫੈਸਰਾਂ ਵਲੋਂ ਭੁੱਖ ਹੜਤਾਲ ਖਤਮ, ਧਰਨਾ ਰਹੇਗਾ ਜਾਰੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਜੂਨ
ਅਕਾਲ ਡਿਗਰੀ ਕਾਲਜ ਫਾਰ ਵਿਮੈਨ ਵਿਖੇ ਸੇਵਾਵਾਂ ਤੋਂ ਫਾਰਗ ਕਰਨ ਖ਼ਿਲਾਫ਼ ਸਹਾਇਕ ਪ੍ਰੋਫੈਸਰਾਂ ਦੀ ਲੜੀਵਾਰ ਭੁੱਖ ਹੜਤਾਲ ਅਤੇ ਰੋਸ ਧਰਨੇ ਦੇ ਪੰਜਵੇਂ ਦਿਨ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਭੁੱਖ ਹੜਤਾਲੀ ਸਹਾਇਕ ਪ੍ਰੋਫੈਸਰਾਂ ਨਾਲ ਗੱਲਬਾਤ ਕੀਤੀ। ਵਿਧਾਇਕ ਭਰਾਜ ਵਲੋਂ ਭਲਕੇ 6 ਜੂਨ ਨੂੰ ਪੰਜਾਬ ਸਰਕਾਰ ਨਾਲ ਸਹਾਇਕ ਪ੍ਰੋਫੈਸਰਾਂ ਦੀ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ। ਭਰੋਸੇ ਮਗਰੋਂ ਅੱਜ ਸਹਾਇਕ ਪ੍ਰੋਫੈਸਰਾਂ ਵਲੋਂ ਲੜੀਵਾਰ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ ਪਰ ਧਰਨਾ ਲਗਾਤਾਰ ਜਾਰੀ ਰਹੇਗਾ। ਅੱਜ ਪੰਜਵੇਂ ਦਿਨ ਭੁੱਖ ਹੜਤਾਲ ਅਤੇ ਰੋਸ ਧਰਨੇ ਵਿਚ ਪਬਲਿਕ ਕਾਲਜ ਸਮਾਣਾ ਦੇ ਪ੍ਰੋਫੈਸਰਾਂ ਵਲੋਂ ਸ਼ਮੂਲੀਅਤ ਕਰਦਿਆਂ ਸੰਘਰਸ਼ ਦੀ ਹਮਾਇਤ ਕੀਤੀ। ਸਹਾਇਕ ਪ੍ਰੋਫੈਸਰਾਂ ਦੇ ਸੰਘਰਸ਼ ਨੂੰ ਭਾਕਿਯੂ ਏਕਤਾ ਉਗਰਾਹਾਂ, ਭਾਕਿਯੂ ਏਕਤਾ ਆਜ਼ਾਦ ਅਤੇ ਹੋਰ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵਲੋਂ ਹਮਾਇਤ ਦਿੱਤੀ ਜਾ ਰਹੀ ਹੈ। ਧਰਨੇ ‘ਚ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ, ਭਾਕਿਯੂ ਏਕਤਾ ਆਜ਼ਾਦ ਦੇ ਰਾਜਪਾਲ ਸਿੰਘ ਮੰਗਵਾਲ, ਸਾਇਟੇਫਿੰਕ ਅਵੇਅਰਨੈਸ ਐਂਡ ਸ਼ੋਸ਼ਲ ਵੈਲਫ਼ੇਅਰ ਫੋਰਮ ਦੇ ਪ੍ਰਧਾਨ ਡਾ. ਏਐੱਸ ਮਾਨ, ਸੂਬਾਈ ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ, ਅਕਾਲੀ ਆਗੂ ਜੋਗਾ ਸਿੰਘ ਫੱਗੂਵਾਲਾ ਨੇ ਸ਼ਾਮਲ ਹੋ ਕੇ ਸਹਾਇਕ ਪ੍ਰੋਫੈਸਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਸਹਾਇਕ ਪ੍ਰੋਫੈਸਰਾਂ ਡਾ. ਕਰਮਜੀਤ ਕੌਰ, ਡਾ. ਸੋਨੀਆ, ਆਂਚਲ ਨੇ ਕਿਹਾ ਕਿ ਅੱਜ ਰੋਸ ਧਰਨੇ ਦੌਰਾਨ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪੁੱਜ ਕੇ ਉਹਨ੍ਹਾਂ ਦਾ ਪੱਖ ਸੁਣਿਆ ਅਤੇ ਭਲਕੇ 6 ਜੂਨ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ ਕਰਾਉਣ ਦਾ ਭਰੋਸ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਸਹਾਇਕ ਪ੍ਰੋਫੈਸਰ ਪਿਛਲੇ ਅੱਠ ਸਾਲਾਂ ਤੋਂ ਆਰਟਸ ਗਰੁੱਪ ‘ਚ ਸੇਵਾਵਾਂ ਨਿਭਾਅ ਰਹੇ ਸਨ ਪਰ ਅਚਾਨਕ ਹੀ ਕਾਲਜ ਮੈਨੇਜਮੈਂਟ ਵਲੋਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ।