ਸੰਗਰੂਰ: ਸੀਟੂ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਵਲੋਂ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ
ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਜੁਲਾਈ
ਸੀਟੂ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਆਂਗਣਵਾੜੀ ਮੁਲਾਜ਼ਮ ਯੂਨੀਅਨ, ਭੱਠਾ ਮਜ਼ਦੂਰ ਆਈਏਐੱਲ ਯੂਨੀਅਨ, ਮਿਡ ਡੇਅ ਮੀਲ ਯੂਨੀਅਨ ਦੇ ਸੈਂਕੜੇ ਕਾਰਕੁਨਾਂ ਵਲੋਂ ਮਨੀਪੁਰ ’ਚ ਵਾਪਰ ਰਹੀਆਂ ਜਬਰ ਜ਼ੁਲਮ ਦੀਆਂ ਘਟਨਾਵਾਂ ’ਤੇ ਦੇਸ਼ ਦੀ ਸਰਕਾਰ ਨੂੰ ਜਗਾਉਣ ਲਈ ਰੋਸ ਮਾਰਚ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫ਼ੂਕਦਿਆਂ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਵੱਖ-ਵੱਖ ਯੂਨੀਅਨਾਂ ਦੇ ਆਗੂ ਤੇ ਵਰਕਰ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਔਲਖ ਅਤੇ ਸਕੱਤਰ ਇੰਦਰਪਾਲ ਪੁੰਨਾਂਵਾਲ ਦੀ ਅਗਵਾਈ ਹੇਠ ਇਕੱਠੇ ਹੋਏ, ਜਿਸ ਪੰਜਾਬ ਦੇ ਪ੍ਰਧਾਨ ਮਹਾ ਸਿੰਘ ਰੋੜੀ ਅਤੇ ਸਕੱਤਰ ਅਮਰਨਾਥ ਕੂੰਮਕਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮਨੀਪੁਰ ਦੀ ਘਟਨਾ ਨੇ ਸਾਰੇ ਭਾਰਤ ਦੇ ਲੋਕਾਂ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਦੱਸਿਆ ਸੀਟੂ ਪੰਜਾਬ ਦੀ ਅਗਵਾਈ ਵਿੱਚ 9 ਅਗਸਤ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਰਾਖੀ ਲਈ ਫਿਰਕੂ ਸ਼ਕਤੀਆਂ ਵਿਰੁੱਧ ਸਾਮਰਾਜ ਵਿਰੋਧੀ ਦਿਵਸ ਮਨਾਇਆ ਜਾਵੇਗਾ। 14 ਅਗਸਤ ਦੀ ਰਾਤ ਨੂੰ ਜਗਰਾਤੇ ਕਰਕੇ 15 ਨੂੰ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰ ਨੂੰ ਸਾਲ ਵਿੱਚ ਦੋ ਸੌ ਦਨਿ ਕੰਮ ਦਿੱਤਾ ਜਾਵੇ, 700 ਰੁਪਏ ਦਿਹਾੜੀ ਦਿੱਤੀ ਜਾਵੇ। ਆਨਲਾਈਨ ਹਾਜ਼ਰੀ ਬੰਦ ਕੀਤੀ ਜਾਵੇ ਅਤੇ ਆਫਲਾਈਨ ਹਾਜ਼ਰੀ ਦਾ ਪ੍ਰਬੰਧ ਕੀਤਾ ਜਾਵੇ। ਨਿਰਮਾਣ ਮਿਸਤਰੀ ਮਜ਼ਦੂਰਾਂ ਦੀਆਂ ਲਾਭਪਾਤਰੀ ਕਾਪੀਆਂ ਬਣਾਉਣ ਪਿੰਡਾਂ ਵਿੱਚ ਕੈਂਪ ਲਗਾਏ ਜਾਣ। ਪਿਛਲੇ ਦੋ ਸਾਲ ਤੋਂ ਰੋਕੀ ਗਈ ਗਰੈਚੂਟੀ ਫੌਰੀ ਤੌਰ ’ਤੇ ਲਾਗੂ ਕੀਤੀ ਜਾਵੇ। ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਮੀਤ ਪ੍ਰਧਾਨ ਤ੍ਰਿਸ਼ਨਜੀਤ ਕੌਰ, ਮਨਦੀਪ ਕੁਮਾਰੀ, ਜਸਵਿੰਦਰ ਕੌਰ ਨੀਲੋਵਾਲ ਨੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਵਿੱਚ ਤਿੰਨ ਤੋਂ ਛੇ ਸਾਲ ਦੇ ਬੱਚੇ ਵਾਪਸ ਕੀਤੇ ਜਾਣ ਅਤੇ ਆਂਗਣਵਾੜੀ ਵਰਕਰਾਂ ਦਾ ਬਣਦਾ ਮਾਣ ਭੱਤਾ ਪਾਇਆ ਜਾਵੇ ਅਤੇ ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ। ਸਾਰੇ ਸਕੀਮ ਵਰਕਰਾਂ ਅਤੇ ਪੇਂਡੂ ਚੌਕੀਦਾਰਾਂ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇ। ਇਸ ਮੌਕੇ ਸਕੁੰਤਲਾ ਧੁਰੀ, ਸੁਰਿੰਦਰ ਕੌਰ ਸ਼ੇਰਪੁਰ, ਮਾਨ ਸਿੰਘ ਗੁਰਮ, ਸੁਖਵੀਰ ਸਿੰਘ ਪ੍ਰਧਾਨ ਆਈਏਐੱਲ ਤੇ ਹਰਪਾਲ ਕੌਰ ਪ੍ਰਧਾਨ ਮਿੱਡ ਡੇਅ ਮੀਲ ਸ਼ਾਮਲ ਸਨ।