ਸੰਗਰੂਰ: ਲੋਕਾਂ ਦੀਆਂ ਸਮੱਸਿਆਵਾਂ ਬਾਰੇ ਬਾਹਰੀ ਉਮੀਦਵਾਰਾਂ ਨੂੰ ਗਿਆਨ ਨਹੀਂ: ਮੀਤ ਹੇਅਰ
ਮੁਕੰਦ ਸਿੰਘ ਚੀਮਾ
ਸੰਦੌੜ, 23 ਮਈ
ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਭਲਾਈ ਲਈ ਕੰਮ ਕੀਤਾ ਹੈ ਤਾਂ ਉਹ ਪਾਰਟੀ ਉਮੀਦਵਾਰਾਂ ਨੂੰ ਜ਼ਰੂਰ ਵੋਟ ਪਾਉਣ। ਮੀਤ ਹੇਅਰ ਨੇ ਅੱਜ ਹਲਕਾ ਮਾਲੇਰਕੋਟਲਾ ਦੇ ਪਿੰਡਾਂ ਕਲਿਆਣ, ਮਹੋਲੀ ਖੁਰਦ, ਮਹੋਲੀ ਕਲਾਂ, ਬਿਸ਼ਨਗੜ੍ਹ, ਸੰਦੌੜ, ਦੁਲਮਾਂ ਕਲਾਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਚੋਣ ਲੜ ਰਹੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਹਲਕੇ ਤੋਂ ਬਾਹਰੀ ਹਨ ਅਤੇ ਉਨ੍ਹਾਂ ਨੂੰ ਸੰਗਰੂਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਉਕਾ ਹੀ ਗਿਆਨ ਨਹੀਂ। ਉਨ੍ਹਾਂ ਕਿਹਾ ਕਿ ਦੋ ਸਾਲਾਂ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਲਈ ਦਿਨ ਵੇਲੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਹੈ। ਪੂਰੇ ਪੰਜਾਬ ਵਿਚ ਖੇਤਾਂ ਲਈ ਨਹਿਰੀ ਪਾਣੀ ਦੀ ਸਹੂਲਤ ਦੇਣ ਦੇ ਮੰਤਵ ਤਹਿਤ ਸੂਏ ਅਤੇ ਖਾਲੇ ਬਣਾਏ ਜਾ ਰਹੇ ਹਨ। ਆਉਂਦੇ ਸਾਲ ਤੱਕ 70 ਫ਼ੀਸਦ ਖੇਤਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਦੀ ਚੋਣ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਅਤੇ ਦੇਸ਼ ਵਿਚ ਫਿਰਕੂ ਰਾਜਨੀਤੀ ਨੂੰ ਖਤਮ ਕਰਨ ਦੀ ਲੋੜ ਹੈ। ਇਸ ਮੌਕੇ ਵਿਧਾਇਕ ਡਾ. ਜਮੀਲ- ਉਰ-ਰਹਿਮਾਨ, ਆਜਮ ਦਾਰਾ, ਚੇਅਰਮੈਨ ਕਰਮਜੀਤ ਸਿੰਘ ਕੁਠਾਲਾ, ਰਣਜੀਤ ਸਿੰਘ ਝਨੇਰ, ਹਰਜੀਤ ਸਿੰਘ ਕਲਿਆਣ, ਦਲਬੀਰ ਸਿੰਘ ਕਲਿਆਣ, ਜੱਸੂ ਫਰਵਾਲੀ, ਜਗਤਾਰ ਸਿੰਘ ਜੱਸਲ ਤੇ ਸੰਤੋਖ ਸਿੰਘ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਦੀ ਭੈਣ ਤੇ ਪਤਨੀ ਵੱਲੋਂ ਮੀਟਿੰਗਾਂ
ਧੂਰੀ (ਬੀਰਬਲ ਰਿਸ਼ੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਅਤੇ ਪਤਨੀ ਡਾ. ਗੁਰਪ੍ਰੀਤ ਕੌਰ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਧੂਰੀ ਦੇ ਵੱਖ-ਵੱਖ ਮੁਹੱਲਿਆਂ ਵਿੱਚ ਚੋਣ ਮੀਟਿੰਗਾਂ ਕਰਕੇ ਵੋਟਰਾਂ ਨੂੰ ਝਾੜੂ ਦੇ ਨਿਸ਼ਾਨ ’ਤੇ ਮੋਹਰ ਲਾਉਣ ਲਈ ਪ੍ਰੇਰਿਆ। ਨਾਮਵਰ ਵਕੀਲ ਹਰਬੰਸ ਸਿੰਘ ਦੀ ਅਗਵਾਈ ਹੇਠ ਹੋਈ ਮੁਹੱਲਾ ਮੀਟਿੰਗ ਅਤੇ ਵਾਰਡ ਨੰਬਰ 20 ਦੇ ਚੋਣ ਜਲਸੇ ਦੌਰਾਨ ਵੋਟਰਾਂ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਕੌਰ ਤੇ ਡਾ. ਗੁਰਪ੍ਰੀਤ ਕੌਰ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਜਿੱਥੇ ਸੂਬੇ ਦੇ ਹਿੱਤ ਵਿੱਚ ਜ਼ਿਕਰਯੋਗ ਤੇ ਲੋਕ ਪੱਖੀ ਫੈਸਲੇ ਲੈਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਉੱਥੇ ਧੂਰੀ ਨੂੰ ਨਮੂਨੇ ਦਾ ਹਲਕਾ ਬਣਾਏ ਜਾਣ ਲਈ ਵੱਡੇ ਪ੍ਰਾਜੈਕਟਾਂ ’ਤੇ ਕੰਮ ਹੋ ਰਿਹਾ ਹੈ।
ਦੂਜੇ ਪਾਸੇ ਕਾਂਗਰਸ ਪਾਰਟੀ ਛੱਡ ਕੇ ‘ਆਪ’ ਵਿੱਚ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਲੰਬੀ ਚੁੱਪ ਮਗਰੋਂ ਆਖਰ ਆਪਣੇ ਪੱਧਰ ’ਤੇ ਮੀਤ ਹੇਅਰ ਦੇ ਹੱਕ ਵਿੱਚ ਪਿੰਡਾਂ ’ਚ ਆਪਣੇ ਕੱਟੜ ਸਮਰਥਕਾਂ ਨਾਲ ਭਰਵੀਂਆਂ ਮੀਟਿੰਗਾਂ ਕੀਤੀਆਂ। ਸਾਬਕਾ ਵਿਧਾਇਕ ਖੰਗੂੜਾ ਬਕਾਇਦਾ ਪਿੰਡ ਘਨੌਰੀ ਕਲਾਂ, ਕਾਤਰੋਂ, ਚਾਂਗਲੀ, ਫਰਵਾਹੀ ਸਮੇਤ ਕਈ ਪਿੰਡਾਂ ਵਿੱਚ ਆਪਣੇ ਸਮਰਥਕਾਂ ਨਾਲ ਸਮਾਨਅੰਤਰ ਤਾਲਮੇਲ ਮੀਟਿੰਗਾਂ ਕਰਕੇ ਮੀਤ ਹੇਅਰ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰ ਰਹੇ ਹਨ।