ਅੰਡਰ 17 ਸਾਲ (ਲੜਕੇ) ਕਬੱਡੀ ਵਿੱਚ ਸੰਗਰੂਰ ਨੇ ਬਾਜ਼ੀ ਮਾਰੀ
ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 13 ਨਵੰਬਰ
ਸਰਕਾਰੀ ਹਾਈ ਸਕੂਲ ਨੰਗਲ (ਬਰਨਾਲਾ) ਵਿਖੇ ਪਿਛਲੇ ਦਿਨੀਂ ਹੋਈਆਂ 67ਵੀਆਂ ਪੰਜਾਬ ਸਕੂਲ ਖੇਡਾਂ ਅੰਡਰ 17 ਸਾਲ (ਲੜਕੇ) ਕਬੱਡੀ ਨੈਸ਼ਨਲ ਸਟਾਈਲ ਵਿੱਚ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਨਰੇਸ਼ ਸੈਣੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਗਾਲ ਦੇ ਖਿਡਾਰੀਆਂ ਨੇ ਸੰਗਰੂਰ ਜ਼ਿਲ੍ਹੇ ਦੀ ਅਗਵਾਈ ਕਰਦਿਆਂ ਜੇਤੂ ਟਰਾਫੀ ’ਤੇ ਕਬਜ਼ਾ ਕੀਤਾ। ਕੁਆਰਟਰ ਫਾਈਨਲ ਵਿੱਚ ਉਨ੍ਹਾਂ ਰੂਪਨਗਰ ਜ਼ਿਲ੍ਹੇ ਨੂੰ 45 -31 ਅੰਕਾਂ ਨਾਲ ਅਤੇ ਸੈਮੀ ਫਾਈਨਲ ਮੈਚ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 46 -38 ਅੰਕਾਂ ਨਾਲ ਹਰਾ ਕੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਜਿੱਤ ਦੀ ਖੁਸ਼ੀ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੰਜੀਵ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪ੍ਰੀਤਇੰਦਰ ਘਈ, ਪ੍ਰਿੰਸੀਪਲ ਇੰਦੂ ਸਿਮਕ, ਪ੍ਰਿੰਸੀਪਲ ਲਲਿਤਾ ਸ਼ਰਮਾ ਅਤੇ ਜ਼ਿਲ੍ਹੇ ਦੇ ਸਰੀਰਕ ਸਿੱਖਿਆ ਅਧਿਆਪਕਾਂ ਅਤੇ ਖੇਡ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਨੇ ਜੇਤੂ ਖਿਡਾਰੀਆਂ, ਡੀਪੀਈ ਅਮਰੀਕ ਸਿੰਘ ਤੂਫਾਨ ਅਤੇ ਟੀਮ ਮੈਨੇਜਰ ਤਰਨਵੀਰ ਸਿੰਘ ਸਿੱਧੂ ਨੂੰ ਮੁਬਾਰਕਬਾਦ ਦਿੱਤੀ।