ਸੰਗਰੂਰ: ਨਸ਼ਿਆਂ ਖ਼ਿਲਾਫ਼ ਪਹਿਲੀ ਛਿਮਾਹੀ ਦੌਰਾਨ 395 ਕੇਸ ਦਰਜ; 441 ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਜੁਲਾਈ
ਸੰਗਰੂਰ ਜ਼ਿਲ੍ਹਾ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪਹਿਲੀ ਛਿਮਾਹੀ ਸਾਲ 2024 ਦੌਰਾਨ 395 ਕੇਸ ਦਰਜ ਕਰ ਕੇ 441 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 5 ਸਮੱਗਲਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ। 94 ਕੇਸਾਂ ਦਾ ਮਾਲ 1.843 ਕਿਲੋਗ੍ਰਾਮ ਹੈਰੋਇਨ, 3822 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 7 ਕਿਲੋ 690 ਗ੍ਰਾਮ ਗਾਂਜਾ/ਸੁਲਫ਼ਾ, 36255 ਨਸ਼ੀਲੀਆਂ ਗੋਲੀਆਂ ਅਤੇ 16 ਨਸ਼ੀਲੇ ਟੀਕੇ ਸਾੜ ਕੇ ਨਸ਼ਟ ਕੀਤੇ ਗਏ।
ਇਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 1-1-2024 ਤੋਂ 30-6-2024 ਤੱਕ ਨਸ਼ਿਆਂ ਦੇ 214 ਕੇਸ ਦਰਜ ਕਰਕੇ 262 ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ 181 ਕੇਸ ਦਰਜ 179 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਐੱਨਡੀਪੀਐੱਸ ਐਕਟ ਦੇ 6 ਭਗੌੜੇ ਮੁਲਜ਼ਮ ਗ੍ਰਿਫਤਾਰ ਕੀਤੇ ਗਏ। ਐੱਸਐੱਸਪੀ ਨੇ ਦੱਸਿਆ ਕਿ ਐੱਨਡੀਪੀਐੱਸ. ਐਕਟ ਦੇ 5 ਸਮੱਗਲਰਾਂ ਦੀ 1,19,70,354/-ਰੁਪਏ ਦੇ ਮੁੱਲ ਦੀ ਜਾਇਦਾਦ ਜ਼ਬਤ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।