ਸੰਘ ਮੁਖੀ ਰਾਖਵਾਂਕਰਨ ਦਾ ਵਿਰੋਧ ਕਰਦਾ ਰਿਹੈ: ਰਾਹੁਲ
ਦਮਨ, 28 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਉਨ੍ਹਾਂ ਦੇ ਇਸ ਬਿਆਨ ਕਿ ‘ਸੰਘ ਨੇ ਹਮੇਸ਼ਾ ਰਾਖਵਾਂਕਰਨ ਦੀ ਹਮਾਇਤ ਕੀਤੀ ਹੈ’ ਲਈ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਸੰਘ ਮੁਖੀ ਹੀ ਸਨ, ਜਿਨ੍ਹਾਂ ਬੀਤੇ ਵਿਚ ਰਾਖਵੇਂਕਰਨ ਬਾਰੇ ਆਪਣਾ ਵਿਰੋਧ ਜਤਾਇਆ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ, ਦੀਊ ਅਤੇ ਦਾਦਰਾ ਤੇ ਨਗਰ ਹਵੇਲੀ ਦੇ ਦਮਨ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਦਾਅਵਾ ਕੀਤਾ ਕਿ ਰਾਖਵੇਂਕਰਨ ਦਾ ਵਿਰੋਧ ਕਰਨ ਵਾਲੇ ਲੋਕ ਹੁਣ ਉਨ੍ਹਾਂ (ਆਰਐੱਸਐੱਸ) ਦੀ ਪਾਰਟੀ (ਭਾਜਪਾ) ਵਿਚ ਸ਼ਾਮਲ ਹੋ ਰਹੇ ਹਨ ਤੇ ਪਾਰਟੀ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਮਨ, ਦੀਊ ਅਤੇ ਦਾਦਰਾ ਤੇ ਨਗਰ ਹਵੇਲੀ ਦੇ ਪ੍ਰਸ਼ਾਸਕ ਪ੍ਰਫੁੱਲ ਪਟੇਲ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਾਇਆ ‘ਰਾਜਾ’ ਦੱਸਿਆ, ਜਿਸ ਨੂੰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਉਨ੍ਹਾਂ ਦੇ ਘਰ ਢਾਹੁਣ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ।
ਗਾਂਧੀ ਨੇ ਦਾਅਵਾ ਕੀਤਾ ਕਿ ਆਰਐੱਸਐੱਸ ਤੇ ਭਾਜਪਾ ਸੰਵਿਧਾਨ ਤੇ ਕਈ ਸੰਸਥਾਵਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਕਿ ਆਪਣੇ ਆਗੂਆਂ ਨੂੰ ‘ਰਾਜੇ’ ਬਣਾਇਆ ਜਾ ਸਕੇ ਤੇ ‘20-22 ਅਰਬਪਤੀਆਂ’ ਦੀ ਮਦਦ ਕੀਤੀ ਜਾ ਸਕੇ। ਗਾਂਧੀ ਨੇ ਕਿਹਾ, ‘‘ਨਰਿੰਦਰ ਮੋਦੀ ਜੀ ਤੇ ਆਰਐੱਸਐੱਸ ਪੁਰਾਣੀ ਸਲਤਨਤ ਵਾਂਗ ਦੇਸ਼ ’ਤੇ ਰਾਜ ਕਰਨਾ ਚਾਹੁੰਦੇ ਹਨ।’’ ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐੱਸਐੱਸ ‘ਇਕ ਦੇਸ਼, ਇਕ ਭਾਸ਼ਾ ਤੇ ਇਕ ਆਗੂ’ ਵਿਵਸਥਾ ਕਾਇਮ ਕਰਨਾ ਚਾਹੁੰਦੇ ਹਨ।’’ ਗਾਂਧੀ ਨੇ ਦਾਅਵਾ ਕੀਤਾ ਕਿ ਕਾਂਗਰਸ ਤੇ ਆਰਐੱਸਐੱਸ-ਭਾਜਪਾ ਵਿਚਾਲੇ ਵਿਚਾਰਧਾਰਾ ਦੀ ਲੜਾਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਵਿਧਾਨ ਨੂੰ ‘ਬਚਾਉਣ’ ਲਈ ਵੋਟਾਂ ਪਾਉਣ। ਕਾਂਗਰਸ ਆਗੂ ਨੇ ਕਿਹਾ, ‘‘ਸੰਵਿਧਾਨ ਇਕ ਨੀਂਹ ਹੈ, ਜਿਸ ਵਿਚੋਂ ਇਨ੍ਹਾਂ ਸੰਸਥਾਵਾਂ ਲਈ ਬੀਜ ਪੁੰਗਰਿਆ ਹੈ। ਉਹ ਸੰਵਿਧਾਨ, ਜਮਹੂਰੀਅਤ ਤੇ ਵੱਖ ਵੱਖ ਸੰਸਥਾਵਾਂ ਨੂੰ ਖ਼ਤਮ ਅਤੇ ਆਰਐੱਸਐੱਸ-ਭਾਜਪਾ ਨੂੰ ਦੇਸ਼ ਦੇ ਰਾਜਿਆਂ ਦਾ ਰਾਜਾ ਬਣਾਉਣਾ ਚਾਹੁੰਦੇ ਹਨ।’’ ਉਨ੍ਹਾਂ ਕਿਹਾ ਕਿ ਬੁਨਿਆਦੀ ਪੱਧਰ ’ਤੇ ਆਰਐੱਸਐੱਸ ਤੇ ਭਾਜਪਾ ਦੀ ਵਿਚਾਰਧਾਰਾ ਸੰਵਿਧਾਨ ਨੂੰ ਤਬਾਹ ਕਰਨ ਦੀ ਹੈ ਜਦੋਂਕਿ ਕਾਂਗਰਸ ਇਸ ਨੂੰ ਬਚਾਉਣਾ ਚਾਹੁੰਦੀ ਹੈ। ਗਾਂਧੀ ਨੇ ਕਿਹਾ, ‘‘ਇਕ ਪਾਸੇ ਕਾਂਗਰਸ ਕਹਿੰਦੀ ਹੈ ਕਿ ਕਿਸੇ ਥਾਂ ਦੀ ਪਛਾਣ, ਸਭਿਆਚਾਰ, ਇਤਿਹਾਸ ਤੇ ਭਾਸ਼ਾ ਨੂੰ ਬਚਾਇਆ ਜਾਣਾ ਚਾਹੀਦਾ ਹੈ ਤੇ ਹਰੇਕ ਥਾਂ ਉਥੋਂ ਦੇ ਵਸਨੀਕਾਂ ਵੱਲੋਂ ਚਲਾਈ ਜਾਣੀ ਚਾਹੀਦੀ ਹੈ। ਜਦੋਂਕਿ ਦੂਜੇ ਪਾਸੇ ਭਾਜਪਾ ਤੇ ਆਰਐੱਸਐੱਸ ‘ਇਕ ਦੇਸ਼, ਇਕ ਭਾਸ਼ਾ ਤੇ ਇਕ ਆਗੂ’ ਦੀ ਹਮਾਇਤੀ ਹੈ।’’ ‘ਇਕ ਭਾਸ਼ਾ ਇਕ ਆਗੂ’ ਸਿਧਾਂਤ ਪਿਛਲੇ ਤਰਕ ’ਤੇ ਸਵਾਲ ਚੁੱਕਦਿਆਂ ਗਾਂਧੀ ਨੇ ਕਿਹਾ ਕਿ ਸੁਭਾਵਿਕ ਹੈ ਕਿ ਤਾਮਿਲ ਨਾਡੂ, ਪੱਛਮੀ ਬੰਗਾਲ ਤੇ ਗੁਜਰਾਤ ਦੇ ਲੋਕ ਕ੍ਰਮਵਾਰ ਤਾਮਿਲ, ਬੰਗਾਲੀ ਤੇ ਗੁਜਰਾਤੀ ਭਾਸ਼ਾਵਾਂ ਬੋਲਣਗੇ। ਕਾਂਗਰਸ ਨੇ ਦਮਨ ਤੇ ਦਿਓ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਲਾਲੂਭਾਈ ਪਟੇਲ ਖਿਲਾਫ਼ ਕੇਤਨ ਪਟੇਲ ਨੂੰ ਮੈਦਾਨ ਵਿਚ ਉਤਾਰਿਆ ਹੈ। -ਪੀਟੀਆਈ