For the best experience, open
https://m.punjabitribuneonline.com
on your mobile browser.
Advertisement

ਰੁਮਾਲਿਆਂ ਦੇ ਮਾਮਲੇ ਵਿੱਚ ਸੰਗਤ ਚੌਕਸ ਹੋਵੇ: ਜਥੇਦਾਰ

07:53 AM Jun 20, 2024 IST
ਰੁਮਾਲਿਆਂ ਦੇ ਮਾਮਲੇ ਵਿੱਚ ਸੰਗਤ ਚੌਕਸ ਹੋਵੇ  ਜਥੇਦਾਰ
ਵਿਰਾਸਤੀ ਮਾਰਗ ’ਤੇ ਇੱਕ ਦੁਕਾਨ ’ਤੇ ਪਏ ਰੁਮਾਲੇ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਜੂਨ
ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤੇ ਜਾਂਦੇ ਗੈਰ ਮਿਆਰੀ ਰੁਮਾਲਿਆਂ ਦੇ ਮਾਮਲੇ ਵਿੱਚ ਫਿਲਹਾਲ ਕੋਈ ਵੱਡਾ ਫਰਕ ਨਹੀਂ ਪਿਆ ਅਤੇ ਇਸ ਬਾਰੇ ਸੰਗਤ ਨੂੰ ਵਧੇਰੇ ਚੌਕਸ ਹੋਣ ਦੀ ਲੋੜ ਹੈ। ਬੀਤੇ ਦਿਨੀਂ ਇਹ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਹਨ, ਨੇ ਇਸ ਦਾ ਸਖ਼ਤ ਨੋਟਿਸ ਲਿਆ ਸੀ। ਉਨ੍ਹਾਂ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੂੰ ਢੁਕਵੀਂ ਕਾਰਵਾਈ ਲਈ ਆਖਿਆ ਹੈ।
ਇਸ ਸਬੰਧ ਵਿੱਚ ਗੈਰਰਸਮੀ ਗੱਲਬਾਤ ਦੌਰਾਨ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਰੁਮਾਲਿਆਂ ਦੇ ਮਾਮਲੇ ਵਿੱਚ 25 ਤੋਂ 30 ਫ਼ੀਸਦ ਹੀ ਸੁਧਾਰ ਹੋਇਆ ਹੈ। ਸ਼ਰਧਾਲੂਆਂ ਵੱਲੋਂ ਅਜੇ ਵੀ ਗੈਰਮਿਆਰੀ ਰੁਮਾਲੇ ਖਰੀਦ ਕੇ ਗੁਰੂ ਘਰ ਵਿਖੇ ਭੇਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਤ ਨੂੰ ਇਸ ਵਿਸ਼ੇ ’ਤੇ ਵਧੇਰੇ ਚੌਕਸ ਹੋਣ ਦੀ ਲੋੜ ਹੈ। ਉਨ੍ਹਾਂ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਰੁਮਾਲੇ ਭੇਟ ਕੀਤੇ ਜਾਣ ਕਾਰਨ ਇਨ੍ਹਾਂ ਦੀ ਸਾਂਭ ਸੰਭਾਲ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਤ ਰੁਮਾਲਿਆਂ ਦੀ ਥਾਂ ’ਤੇ ਲੰਗਰ ਦੀ ਰਸਦ ਅਤੇ ਵਸਤਰ ਆਦਿ ਭੇਟ ਕਰ ਸਕਦੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਕੇ ਕੋਈ ਉਚਿਤ ਉਪਾਅ ਲੱਭਣ ਦਾ ਯਤਨ ਕੀਤਾ ਜਾਵੇਗਾ ਤਾਂ ਜੋ ਸੰਗਤ ਦੀ ਸ਼ਰਧਾ ਵੀ ਬਣੀ ਰਹੇ ਅਤੇ ਸੰਗਤ ਵੱਲੋਂ ਭੇਟ ਕੀਤੀਆਂ ਵਸਤਾਂ ਦੀ ਸਹੀ ਵਰਤੋਂ ਵੀ ਹੋ ਸਕੇ ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਇਸ ਸਬੰਧ ਵਿੱਚ ਸੰਗਤਾਂ ਵੱਲੋਂ ਕਈ ਸ਼ਿਕਾਇਤਾਂ ਪੁੱਜੀਆਂ ਸਨ, ਜਿਸ ਦਾ ਉਨ੍ਹਾਂ ਗੰਭੀਰ ਨੋਟਿਸ ਲਿਆ ਸੀ। ਉਨ੍ਹਾਂ ਦੱਸਿਆ ਕਿ ਸੰਗਤ ਵੱਲੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਸਾਰਾਗੜੀ ਪਾਰਕਿੰਗ ਤੋਂ ਲੈ ਕੇ ਘੰਟਾ ਘਰ ਚੌਕ ਅਤੇ ਮਾਈ ਸੇਵਾਂ ਬਾਜ਼ਾਰ ਵਾਲੇ ਪਾਸੇ ਘਟੀਆ ਅਤੇ ਬਦਬੂਦਾਰ ਰੁਮਾਲੇ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਤ ਨੂੰ ਚਾਹੀਦਾ ਹੈ ਕਿ ਰੁਮਾਲੇ ਨੂੰ ਖੋਲ੍ਹ ਕੇ ਦੇਖਣ ਅਤੇ ਚੰਗੀ ਤਰ੍ਹਾਂ ਪਰਖਣ ਮਗਰੋਂ ਹੀ ਖਰੀਦਣ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਖੇ ਭੇਟ ਕੀਤੇ ਜਾਣ ਵਾਲੇ ਰੁਮਾਲੇ ਧਾਰਮਿਕ ਚਿੰਨ੍ਹ ਜਾਂ ਗੁਰੂ ਦੀ ਤਸਵੀਰ ਤੋਂ ਬਿਨਾਂ ਪਲਕਾਂ ਵਾਲੇ ਰੁਮਾਲੇ ਪੂਰੇ ਸੈੱਟ ਵਿੱਚ ਹੋਣੇ ਚਾਹੀਦੇ ਹਨ।

Advertisement

Advertisement
Advertisement
Author Image

joginder kumar

View all posts

Advertisement