ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਗਤ ਪੰਥ ਦੋਖੀ ਤਾਕਤਾਂ ਤੋਂ ਸੁਚੇਤ ਰਹੇ: ਰਾਜੋਆਣਾ

05:43 AM Nov 21, 2024 IST
ਰਾਜੋਆਣਾ ਕਲਾਂ ਵਿੱਚ ਅੰਤਿਮ ਅਰਦਾਸ ਮੌਕੇ ਸੰਬੋਧਨ ਕਰਦੇ ਹੋਏ ਬਲਵੰਤ ਸਿੰਘ ਰਾਜੋਆਣਾ।

* ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਦਿੱਤਾ ਹੋਕਾ

Advertisement

ਸੰਤੋਖ ਗਿੱਲ
ਗੁਰੂਸਰ ਸੁਧਾਰ, 20 ਨਵੰਬਰ
ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਵਿੱਚ ਆਪਣੇ ਭਰਾ ਕੁਲਵੰਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸੰਗਤ ਨੂੰ ਪੰਥ ਦੋਖੀ ਤਾਕਤਾਂ ਤੋਂ ਸੁਚੇਤ ਕੀਤਾ। ਉਨ੍ਹਾਂ ਅਕਾਲ ਤਖ਼ਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਣੇ ਹੋਰ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਭਾਈ ਰਾਜੋਆਣਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਿੱਖ ਪੰਥ ਨੂੰ ਕੁਝ ਅਦ੍ਰਿਸ਼ ਤਾਕਤਾਂ ਤੋਂ ਗੰਭੀਰ ਖ਼ਤਰਾ ਹੈ। ਉਨ੍ਹਾਂ ਸਿੱਖ ਸੰਗਤ ਅਤੇ ਪੰਥ ਨੂੰ ਇਕਜੁੱਟ ਹੋ ਕੇ ਇਸ ਦਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਥ ਵੱਲੋਂ ਲੱਗੀ ਸੇਵਾ ਨਿਭਾਉਣ ਸਮੇਂ ਜਿਹੜੇ ਆਗੂਆਂ ਨੇ ਸੋਨੇ-ਚਾਂਦੀ ਨਾਲ ਤੋਲਣ ਦੇ ਐਲਾਨ ਕੀਤੇ ਸੀ, ਬਾਅਦ ਵਿੱਚ ਉਨ੍ਹਾਂ ਨੇ ਹੀ ਰੋੜੇ-ਪੱਥਰ ਵੀ ਮਰਵਾਏ ਸਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਹੱਤਿਆ ਦੇ ਕੇਸ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਤੋਂ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਨ੍ਹਾਂ ਨੂੰ ਆਪਣੇ ਭਰਾ ਕੁਲਵੰਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਰਫ਼ ਤਿੰਨ ਘੰਟੇ ਦੀ ਪੈਰੋਲ ਦਿੱਤੀ ਗਈ ਸੀ। ਤਿੰਨ ਦਹਾਕਿਆਂ ਤੋਂ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨ ਸਦਕਾ ਉਨ੍ਹਾਂ ਦੀ ਇਹ ਪੈਰੋਲ ਸੰਭਵ ਹੋਈ। ਉਨ੍ਹਾਂ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਨੂੰ ਸਿਰ ਜੋੜ ਕੇ ਪੰਥਕ ਮਸਲਿਆਂ ਦੇ ਹੱਲ ਲੱਭਣ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਾਂ ਅਤੇ ਪੰਥ ਨੂੰ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਹ ਹਮਲੇ ਅੱਜ ਵੀ ਜਾਰੀ ਹਨ। ਉਨ੍ਹਾਂ ਪਿਛਲੇ ਤਿੰਨ ਦਹਾਕਿਆਂ ਤੋਂ ਉਨ੍ਹਾਂ ਦੇ ਕੇਸ ਦੀ ਅਣਥੱਕ ਪੈਰਵੀ ਕਰਨ ਵਾਲੀ ਭੈਣ ਕਮਲਦੀਪ ਕੌਰ ਦੀ ਸਿਫ਼ਤ ਕਰਦਿਆਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਮੰਜੀ ਸਾਹਿਬ ਦੇ ਬਾਹਰ ਲੁਧਿਆਣਾ (ਦਿਹਾਤੀ) ਜ਼ਿਲ੍ਹਾ ਪੁਲੀਸ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।

ਰਾਜੋਆਣਾ 29 ਸਾਲਾਂ ’ਚ ਪਹਿਲੀ ਵਾਰ ਅੱਠ ਘੰਟੇ ਜੇਲ੍ਹ ’ਚੋਂ ਬਾਹਰ ਰਹੇ

ਪਟਿਆਲਾ (ਸਰਬਜੀਤ ਸਿੰਘ ਭੰਗੂ):

Advertisement

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ ਵਿੱਚ ਪਟਿਆਲਾ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭਰਾ ਦੇ ਭੋਗ ਸਮਾਗਮ ’ਚ ਸ਼ਾਮਲ ਹੋਣ ਲਈ ਹਾਈ ਕੋਰਟ ਤੋਂ ਮਿਲੀ ਤਿੰਨ ਘੰਟਿਆਂ ਦੀ ਪੈਰੋਲ ਤਹਿਤ ਅੱਜ ਪੁਲੀਸ ਦੀ 20 ਮੈਂਬਰੀ ਟੀਮ ਉਨ੍ਹਾਂ ਨੂੰ ਸਵੇਰੇ 8.35 ਵਜੇ ਪਟਿਆਲਾ ਜੇਲ੍ਹ ’ਚੋਂ ਲੈ ਕੇ ਰਵਾਨਾ ਹੋਈ ਅਤੇ ਇਸੇ ਟੀਮ ਨੇ ਉਨ੍ਹਾਂ ਨੂੰ ਸ਼ਾਮ 4.25 ਵਜੇ ਵਾਪਸ ਜੇਲ੍ਹ ’ਚ ਛੱਡਿਆ। ਰਾਜੋਆਣਾ 29 ਸਾਲਾਂ ’ਚ ਪਹਿਲੀ ਵਾਰ ਅੱਠ ਘੰਟੇ ਜੇਲ੍ਹ ’ਚੋਂ ਬਾਹਰ ਰਹੇ ਹਨ। ਅਦਾਲਤ ਤੋਂ ਮਿਲੀ ਤਿੰਨ ਘੰਟਿਆਂ ਦੀ ਪੈਰੋਲ ਸਮਾਗਮ ’ਚ ਸ਼ਾਮਲ ਰਹਿਣ ਲਈ ਸੀ। ਉਨ੍ਹਾਂ ਨੂੰ ਲਿਜਾਣ ਅਤੇ ਵਾਪਸ ਲਿਆਉਣ ’ਤੇ ਲੱਗੇ ਪੰਜ ਘੰਟੇ ਇਸ ’ਚ ਸ਼ਾਮਲ ਨਹੀਂ ਸਨ।

ਗਿਆਨੀ ਰਘਬੀਰ ਸਿੰਘ ਤੇ ਧਾਮੀ ਸਣੇ ਵੱਡੀ ਗਿਣਤੀ ਆਗੂਆਂ ਨੇ ਭਰੀ ਹਾਜ਼ਰੀ

ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਭਾਈ ਬਲਵੰਤ ਸਿੰਘ ਨੂੰ ਸਿਰੋਪਾ ਅਤੇ ਕਿਰਪਾਨ ਭੇਟ ਕੀਤੀ। ਉਨ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਪੰਥ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਭਾਈ ਕੁਲਵੰਤ ਸਿੰਘ ਰਾਜੋਆਣਾ ਨੂੰ ਸ਼ਰਧਾਂਜਲੀ ਭੇਟ ਕੀਤੀ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ, ਭਾਈ ਗੁਰਚਰਨ ਸਿੰਘ ਗਰੇਵਾਲ ਸਣੇ ਹੋਰ ਬੁਲਾਰਿਆਂ ਨੇ ਵੀ ਭਾਈ ਰਾਜੋਆਣਾ ਦੀਆਂ ਪੰਥ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਸ਼ਰਧਾਂਜਲੀ ਸਮਾਰੋਹ ਵਿੱਚ ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮਜੀਤ ਸਿੰਘ ਖ਼ਾਲਸਾ, ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਕਈ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਅਤੇ ਜੇਲ੍ਹ ਤੋਂ ਬਾਹਰ ਆ ਚੁੱਕੇ ਕਈ ਬੰਦੀ ਸਿੰਘ ਵੀ ਹਾਜ਼ਰ ਸਨ।

Advertisement