ਸੰਗਤ ਮੰਡੀ: ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਧਰਮਪਾਲ ਸਿੰਘ ਤੂਰ
ਸੰਗਤ ਮੰਡੀ,2 ਅਗਸਤ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਬਲਾਕ ਸੰਗਤ ਦੇ ਪਿੰਡਾਂ ਚੱਕ ਰੁਲਦੂ ਸਿੰਘ ਵਾਲਾ, ਪੱਕਾ ਕਲਾਂ ਅਤੇ ਘੁੱਦਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਬਣਾ ਕੇ ਫੂਕਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੀਆਂ ਆਗੂਆਂ ਬਲਾਕ ਪ੍ਰਧਾਨ ਲਾਭ ਕੌਰ ਪਥਰਾਲਾ ਅਤੇ ਜਰਨਲ ਸਕੱਤਰ ਪਰਮਜੀਤ ਕੌਰ ਨੇ ਕਿਹਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ 10 ਮਹੀਨਿਆਂ ਤੋਂ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਨਾ ਮਿਲਣ ਕਰਕੇ ਅਤੇ ਹੋਰ ਮੰਗਾਂ ਮੰਨਵਾਉਣ ਲਈ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਸੀ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਉਹ 6 ਅਗਸਤ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਫਰੀਦਕੋਟ ਵਿਖੇ ਪ੍ਰਦਰਸ਼ਨ ਕਰਨਗੀਆਂ, ਜਿਸ ਕਾਰਨ ਮੰਤਰੀ ਨੇ ਹਰਗੋਬਿੰਦ ਕੌਰ ਅਤੇ ਹੋਰਨਾਂ ਵਰਕਰਾਂ ਨੂੰ ਨੌਕਰੀ ਤੋਂ ਕੱਢਣ ਲਈ ਨੋਟਿਸ ਭੇਜ ਦਿੱਤੇ ਹਨ, ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ। ਆਗੂਆਂ ਦਾ ਕਹਿਣਾ ਹੈ ਕਿ ਹਰਗੋਬਿੰਦ ਕੌਰ ਨੇ ਸਰਕਾਰ ਨੂੰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਨੋਟਿਸ ਪਹਿਲੀ ਵਾਰ ਨਹੀਂ ਭੇਜਿਆ, ਸਗੋਂ ਪਿਛਲੇ 30 ਸਾਲਾਂ ਤੋਂ ਅਜਿਹੇ ਨੋਟਿਸ ਭੇਜੇ ਜਾ ਰਹੇ ਹਨ ਪਰ ਹੁਣ ਜੇ ਹਰਗੋਬਿੰਦ ਕੌਰ ਨੇ ਸਿਆਸੀ ਖੇਤਰ ਵਿੱਚ ਪੈਰ ਰੱਖਿਆ ਹੈ ਤਾਂ ਸਰਕਾਰ ਦੇ ਭਾਅ ਦੀ ਬਣ ਗਈ। ਉਹ ਸਰਕਾਰਾਂ ਦੀਆਂ ਘੁਰਕੀਆਂ ਤੋਂ ਨਾ ਕਦੇ ਪਹਿਲਾਂ ਡਰੀਆਂ ਹਨ ਤੇ ਨਾ ਹੁਣ ਡਰਨਗੀਆਂ ਤੇ ਇੱਟ ਨਾਲ ਇੱਟ ਖੜਕਾ ਦੇਣਗੀਆਂ। ਇਸ ਮੌਕੇ ਯੂਨੀਅਨ ਦੀ ਆਗੂ ਵੀਰਪਾਲ ਕੌਰ ਸਰਕਲ ਪ੍ਰਧਾਨ ਪਥਰਾਲਾ, ਇੰਦਰਜੀਤ ਕੌਰ ਸਰਕਲ ਪ੍ਰਧਾਨ ਘੁੱਦਾ, ਪਰਮਿੰਦਰ ਕੌਰ ਪੱਕਾ ਕਲਾਂ,ਕਮਲ ਕੁਮਾਰੀ ਸਰਕਲ ਪ੍ਰਧਾਨ ਪੱਕਾ ਕਲਾਂ, ਰਣਜੀਤ ਕੌਰ, ਕਿਰਨਜੀਤ ਕੌਰ, ਸਤਪਾਲ ਕੌਰ ਜਗਜੀਤ ਕੌਰ, ਜਗਦੀਪ ਕੌਰ, ਸਰਬਜੀਤ ਕੌਰ ਤੇ ਨਿਰਮਲਾ ਦੇਵੀ ਮੌਜੂਦ ਸਨ।