ਨਿਰੰਕਾਰੀ ਸੰਤ ਸਮਾਗਮ ਵਿੱਚ ਚਾਰ ਰਾਜਾਂ ਤੋਂ ਆਈ ਸੰਗਤ
ਦਵਿੰਦਰ ਸਿੰਘ
ਯਮੁਨਾਨਗਰ, 3 ਨਵੰਬਰ
ਪ੍ਰਦੂਸ਼ਣ ਭਾਵੇਂ ਮਨ ਦੇ ਅੰਦਰ ਹੋਵੇ ਜਾਂ ਬਾਹਰ, ਨੁਕਸਾਨਦਾਇਕ ਹੈ । ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਨੇ ਤੇਜਲੀ ਮੈਦਾਨ ਵਿੱਚ ਕਰਵਾਏ ਗਏ ਸੰਤ ਸਮਾਗਮ ਦੌਰਾਨ ਕਿਹਾ ਕਿ ਪ੍ਰਮਾਤਮਾ ਦੀ ਯਾਦ ਵਿੱਚ ਬਿਤਾਏ ਪਲ ਹੀ ਜ਼ਿੰਦਗੀ ਨੂੰ ਸਕੂਨ ਦਿੰਦੇ ਹਨ। ਸੰਤ ਸਮਾਗਮ ਵਿੱਚ ਹਰਿਆਣਾ, ਉੱਤਰ ਪ੍ਰਦੇਸ਼, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਤੋਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਬ੍ਰਹਮਗਿਆਨ ਦੀ ਪ੍ਰਾਪਤੀ ਤੋਂ ਬਾਅਦ ਮਨ ਦੀ ਅਵਸਥਾ ਸਥਿਰ ਅਤੇ ਸ਼ਾਂਤ ਹੋ ਜਾਂਦੀ ਹੈ ਅਤੇ ਭਗਤ ਪ੍ਰਮਾਤਮਾ ਦੀ ਹਰ ਖੁਸ਼ੀ ਵਿੱਚ ਹਮੇਸ਼ਾ ਪ੍ਰਸੰਨ ਅਤੇ ਆਰਾਮਦਾਇਕ ਮਹਿਸੂਸ ਕਰਦਾ ਹੈ। ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਆਪਣੇ ਵਿਵਹਾਰ ਵਿੱਚ ਗੁੱਸੇ ਜਾਂ ਕੁੜੱਤਣ ਨੂੰ ਸੰਤੁਲਿਤ ਕਰਕੇ ਮਿਠਾਸ ਕਿਵੇਂ ਲਿਆਉਣੀ ਹੈ। ਉਨ੍ਹਾਂ ਕੁਦਰਤ ਨੂੰ ਸਾਫ਼-ਸੁਥਰਾ, ਸੁੰਦਰ ਬਣਾਉਣ ਲਈ ਦੀ ਸਾਰਿਆਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਹਨੇਰੇ ਤੋਂ ਰੌਸ਼ਨੀ ਵੱਲ ਵਧਦੇ ਹਾਂ, ਤਾਂ ਸਾਡੀ ਜ਼ਿੰਦਗੀ ਦੀਆਂ ਠੋਕਰਾਂ ਦੂਰ ਹੋ ਜਾਂਦੀਆਂ ਹਨ। ਸ਼ਾਹਬਾਦ ਦੇ ਜ਼ੋਨਲ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਮਾਤਾ ਸੁਦੀਕਸ਼ਾ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਦਾ ਧੰਨਵਾਦ ਕੀਤਾ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਅਤੇ ਯਮੁਨਾਨਗਰ ਪ੍ਰਸ਼ਾਸਨ, ਪੁਲੀਸ ਪ੍ਰਸ਼ਾਸਨ ਅਤੇ ਹੋਰ ਸਾਰੇ ਵਿਭਾਗਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਕੱਤਰਤਾ ਦੌਰਾਨ ਕਈ ਸ਼ਰਧਾਲੂਆਂ ਨੇ ਭਜਨਾਂ, ਕਵਿਤਾਵਾਂ ਅਤੇ ਵਿਚਾਰਾਂ ਰਾਹੀਂ ਨਿਰੰਕਾਰੀ ਮਿਸ਼ਨ ਦੇ ਵਿਸ਼ਵ ਭਾਈਚਾਰੇ ਦਾ ਸੰਦੇਸ਼ ਦਿੱਤਾ। ਸਮਾਗਮ ਵਿੱਚ ਸ਼ਹਿਰ ਦੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਸਣੇ ਕਈ ਪਤਵੰਤਿਆਂ ਨੇ ਸਤਿਗੁਰੂ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ।