Sandhya theatre stampede: ਅੱਲੂ ਅਰਜੁਨ ਨੇ ਹਸਪਤਾਲ ਵਿੱਚ ਜ਼ਖ਼ਮੀ ਲੜਕੇ ਨੂੰ ਮਿਲਿਆ
ਹੈਦਰਾਬਾਦ, 7 ਜਨਵਰੀ
ਬੀਤੇ ਸਮੇਂ ਫਿਲਮ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਸੰਧਿਆ ਥੀਏਟਰ ਵਿਚ ਭਗਦੜ ਦੌਰਾਨ ਗੰਭੀਰ ਜ਼ਖ਼ਮੀ ਹੋਏ ਬੱਚੇ ਨੂੰ ਮਿਲਣ ਲਈ ਅਦਾਕਾਰ ਅੱਲੂ ਅਰਜੁਨ ਇੱਥੇ ਇਕ ਨਿੱਜੀ ਹਸਪਤਾਲ ਪੁੱਜਿਆ।
ਜ਼ਿਕਰਯੋਗ ਹੈ ਕਿ ਅਦਾਕਾਰ ਨੂੰ 4 ਦਸੰਬਰ ਮੌਕੇ ਭਗਦੜ ਵਿਚ ਇਕ ਔਰਤ ਦੀ ਮੌਤ ਅਤੇ ਉਸ ਦੇ ਅੱਠ ਸਾਲਾ ਬੇਟੇ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਤੋਂ ਬਾਅਦ ਦਰਜ ਕੀਤੇ ਗਏ ਕੇਸ ਵਿਚ ਦੋਸ਼ੀ ਨੰਬਰ 11 ਵਜੋਂ ਸ਼ਾਮਲ ਕੀਤਾ ਗਿਆ ਹੈ। ਮੰਗਲਵਾਰ ਨੂੰ ਅੱਲੂ ਅਰਜੁਨ ਦੇ ਹਸਪਤਾਲ ਦੇ ਦੌਰੇ ਦੌਰਾਨ ਤੇਲੰਗਾਨਾ ਰਾਜ ਫਿਲਮ ਵਿਕਾਸ ਨਿਗਮ ( ਐਫ.ਡੀ.ਸੀ.) ਦੇ ਚੇਅਰਮੈਨ ਦਿਲ ਰਾਜੂ ਵੀ ਹਾਜ਼ਰ ਸਨ। ਅਭਿਨੇਤਾ ਦੇ ਦੌਰੇ ਦੇ ਮੱਦੇਨਜ਼ਰ ਹਸਪਤਾਲ ’ਚ ਸੁਰੱਖਿਆ ਵਧਾ ਦਿੱਤੀ ਗਈ ਸੀ।
ਰਾਮਗੋਪਾਲਪੇਟ ਪੁਲੀਸ ਸਟੇਸ਼ਨ ਦੇ ਐੱਸਐੱਚਓ ਨੇ ਅੱਲੂ ਅਰਜੁਨ ਨੂੰ ਹਸਪਤਾਲ ਦੇ ਉਸ ਦੇ ਪ੍ਰਸਤਾਵਿਤ ਦੌਰੇ ਬਾਰੇ ਨੋਟਿਸ ਜਾਰੀ ਕੀਤਾ ਸੀ ਅਤੇ ਉਸ ਨੂੰ ਇਸ ਨੂੰ ਗੁਪਤ ਰੱਖਣ ਦੀ ਸਲਾਹ ਦਿੱਤੀ ਸੀ ਤਾਂ ਜੋ ਹਸਪਤਾਲ ਦੇ ਅੰਦਰ ਅਤੇ ਆਲੇ-ਦੁਆਲੇ ਜਨਤਕ ਵਿਵਸਥਾ ਬਣਾਈ ਰੱਖੀ ਜਾ ਸਕੇ।
ਐੱਸਐੱਚਓ ਨੇ ਕਿਹਾ ਕਿ ਪੁਲੀਸ ਵੱਲੋਂ ਉਨ੍ਹਾਂ ਦੀ ਫੇਰੀ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਅਦਾਕਾਰ ਨੇ ਪਹਿਲਾਂ ਕਿਹਾ ਸੀ ਕਿ ਉਹ ਲੜਕੇ ਬਾਰੇ ਡੂੰਘੀ ਚਿੰਤਾ ਵਿੱਚ ਹੈ, ਜੋ ਘਟਨਾ ਤੋਂ ਬਾਅਦ ਲਗਾਤਾਰ ਡਾਕਟਰੀ ਦੇਖਭਾਲ ਅਧੀਨ ਹੈ। ਉਨ੍ਹਾਂ ਲੜਕੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਜ਼ਿਕਰਯੋਗ ਹੈ ਕਿ ਹੈਦਰਾਬਾਦ ਦੇ ਸੰਧਿਆ ਥੀਏਟਰ ਵਿੱਚ 4 ਦਸੰਬਰ ਨੂੰ ਉਦੋਂ ਭਗਦੜ ਮੱਚ ਗਈ ਜਦੋਂ ਪ੍ਰਸ਼ੰਸਕ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਅਭਿਨੇਤਾ ਦੀ ਇੱਕ ਝਲਕ ਦੇਖਣ ਲਈ ਇਕੱਠੇ ਹੋਏ ਸਨ। ਜਿਸ ਦੌਰਾਨ ਇਕ ਮਹਿਲਾ ਦੀ ਮੌਤ ਹੋ ਗਈ ਸੀ ਅਤੇ ਬੱਚਾ ਜ਼ਖਮੀ ਹੋ ਗਿਆ ਸੀ। ਜਿਸ ਉਪਰੰਤ ਅੱਲੂ ਅਰਜੁਨ ਉਸਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਨ ਦੇ ਖ਼ਿਲਾਫ਼ ਚਿੱਕੜਪੱਲੀ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਪੀਟੀਆਈ