ਸੰਧਵਾਂ ਨੇ ਸੂਏ ਦੇ ਪਾੜ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ ਲਿਆ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 13 ਦਸੰਬਰ
ਇੱਥੇ ਪਿੰਡ ਕੋਹਾਰਵਾਲਾ ਵਿੱਚੋਂ ਲੰਘਦੇ ਸੂਏ ਦੇ ਪਾੜ ਨੂੰ ਪੂਰਨ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਵਿਧਾਨ ਸਭਾ ਦੇ ਸਪੀਕਰ ਅਤੇ ਹਲਕੇ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਮੌਕੇ ’ਤੇ ਪਹੁੰਚੇ। ਉਨ੍ਹਾਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਇਸ ਮੌਕੇ ਉਨ੍ਹਾਂ ਨੇ ਸੂਏ ਦੇ ਪਾੜ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਵੀ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾਉਣ ਦੀ ਹਦਾਇਤ ਕੀਤੀ ਤਾਂ ਕਿ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਪਾੜ ਕਾਰਨ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਪ੍ਰਭਾਵਿਤ ਕਿਸਾਨਾਂ ਨੂੰ ਛੇਤੀ ਹੀ ਦੇ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਕੋਹਾਰਵਾਲਾ ਪਿੰਡ ਵਿੱਚ ਲੰਘਦੇ ਸੂਏ ਵਿੱਚ 50 ਫੁੱਟ ਤੋਂ ਵੱਡਾ ਪਾੜ ਪੈ ਗਿਆ ਸੀ, ਜਿਸ ਨਾਲ 100 ਏਕੜ ਦੇ ਕਰੀਬ ਕਣਕ ਤੇ ਗੋਭੀ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਸੀ।
ਸਵਾ ਕਰੋੜ ਨਾਲ ਸਾਦਿਕ ਡਰੇਨ ’ਤੇ ਬਣੇਗਾ ਨਵਾਂ ਪੁਲ: ਸੇਖੋਂ
ਸਾਦਿਕ (ਪ੍ਰਸ਼ੋਤਮ ਕੁਮਾਰ):
ਇੱਥੇ ਫਰੀਦਕੋਟ-ਦੀਪ ਸਿੰਘ ਵਾਲਾ ਰੋਡ ’ਤੇ ਸਾਦਿਕ ਡਰੇਨ ਦੇ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦੀ ਉਸਾਰੀ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਮੰਨਜੂਰੀ ਮਿਲ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਮਾਮਲਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਧਿਆਨ ਵਿੱਚ ਲਿਆਦਾ ਗਿਆ ਸੀ, ਜਿਸ ‘ਤੇ ਗੌਰ ਕਰਦਿਆਂ ਸਰਕਾਰ ਵੱਲੋਂ 11109 ਮੀਟਰ ਸਿੰਗਲ ਸਪੈਨ ਪੁਲ ਦੀ ਉਸਾਰੀ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਇਸ ਦੀ ਉਸਾਰੀ ਲਈ 1 ਕਰੋੜ 25 ਲੱਖ 49 ਹਜਾਰ ਰੁਪਏ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਕੰਮ ਦੇ ਟੈਂਡਰ ਲਾਏ ਗਏ ਹਨ ਅਤੇ ਜਲਦ ਹੀ ਨਵੇ ਪੁਲ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ।