ਸੰਦੇਸ਼ਖਲੀ ਕਾਂਡ: ਭਾਜਪਾ ਵੱਲੋਂ ਬੰਗਾਲ ਭਵਨ ਅੱਗੇ ਪ੍ਰਦਰਸ਼ਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਮਾਰਚ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਦੀ ਅਗਵਾਈ ਹੇਠ ਅੱਜ ਦਿੱਲੀ ਭਾਜਪਾ ਦੇ ਸਾਰੇ ਮੋਰਚਿਆਂ ਦੇ ਵਰਕਰਾਂ ਨੇ ਸੰਦੇਸ਼ਖਾਲੀ ਕਾਂਡ ਨੂੰ ਲੈ ਕੇ ਬੰਗਾਲ ਭਵਨ, ਚਾਣਕਿਆਪੁਰੀ ਵਿੱਚ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਅਸਤੀਫੇ ਦੀ ਮੰਗ ਕੀਤੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਪੁਲੀਸ ਵੱਲੋਂ ਲਗਾਏ ਗਏ ਬੈਰੀਕੇਡ ਤੋੜ ਦਿੱਤੇ ਜਿਸ ਤੋਂ ਬਾਅਦ ਦਿੱਲੀ ਪੁਲੀਸ ਨੇ ਪ੍ਰਦੇਸ਼ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਸਮੇਤ 150 ਤੋਂ ਵੱਧ ਭਾਜਪਾ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਤੁਗਲਕ ਰੋਡ ਥਾਣੇ ਲੈ ਗਈ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਵੀ ਸ਼ੇਖ ਸ਼ਾਹਜਹਾਂ ਦੀ ਨਿੰਦਾ ਨਹੀਂ ਕਰ ਰਹੀ ਤੇ ਇਕ ਔਰਤ ਹੋਣ ਦੇ ਨਾਤੇ ਉਨ੍ਹਾਂ ਦੀ ਚੁੱਪ ਸ਼ਰਮਨਾਕ ਅਤੇ ਦਰਦਨਾਕ ਹੈ। ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਬੰਗਾਲ ਵਿੱਚ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਉਹ ਬੋਲਣ ਦਾ ਨਹੀਂ ਸਗੋਂ ਸੋਚਣ ਦਾ ਵਿਸ਼ਾ ਹੈ ਕਿਉਂਕਿ ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਮਮਤਾ ਬੈਨਰਜੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਹੋਵੇ ਜਾਂ ਅਰਵਿੰਦ ਕੇਜਰੀਵਾਲ, ਦੋਵਾਂ ਦੀਆਂ ਪਾਰਟੀਆਂ ਅਪਰਾਧੀਆਂ ਦੀ ਪਨਾਹਗਾਹ ਬਣ ਚੁੱਕੀਆਂ ਹਨ। ਜਿਸ ਤਰ੍ਹਾਂ ਮਮਤਾ ਬੈਨਰਜੀ ਆਪਣੇ ਸ਼ੇਖ ਨੂੰ ਬਚਾ ਰਹੀ ਹੈ, ਉਸੇ ਤਰ੍ਹਾਂ ਅੱਜ ਅਰਵਿੰਦ ਕੇਜਰੀਵਾਲ ਆਪਣੇ ਅੰਕੁਸ਼ ਨਾਰੰਗ ਨੂੰ ਬਚਾ ਰਹੇ ਹਨ।