ਸਨਾਤਨ ਧਰਮ ਹੀ ਭਾਰਤ ਦਾ ਕੌਮੀ ਧਰਮ: ਯੋਗੀ
ਅਯੁੱਧਿਆ, 20 ਦਸੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਕਿਹਾ ਕਿ ਸਨਾਤਨ ਧਰਮ ਹੀ ਭਾਰਤ ਦਾ ਕੌਮੀ ਧਰਮ ਹੈ ਅਤੇ ਇਸ ਨੂੰ ਸੁਰੱਖਿਅਤ ਰੱਖਣਾ ਸਾਰਿਆਂ ਦਾ ਫਰਜ਼ ਹੈ। ਯੋਗੀ ਨੇ ਇੱਥੇ ਸ੍ਰੀ ਅਯੁੱਧਿਆ ਧਾਮ ਦੇ ਅਸ਼ਰਫੀ ਭਵਨ ਆਸ਼ਰਮ ਵਿੱਚ ਇੱਕ ਸਮਾਗਮ ਵਿੱਚ ਸੰਬੋਧਨ ਦੌਰਾਨ ਇਤਿਹਾਸਕ ਮੰਦਿਰਾਂ ’ਤੇ ਹਮਲੇ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਇਨ੍ਹਾਂ ਪਵਿੱਤਰ ਸਥਾਨਾਂ ਨੂੰ ਢਾਹਿਆ, ਉਨ੍ਹਾਂ ਦੀਆਂ ਕੁੱਲਾਂ ਅਤੇ ਵੰਸ਼ ਨਸ਼ਟ ਹੋ ਗਏ। ਯੋਗੀ ਨੇ ਦਾਅਵਾ ਕੀਤਾ, ‘ਔਰੰਗਜ਼ੇਬ ਦੇ ਪਰਿਵਾਰ ਦੇ ਲੋਕ ਅੱਜ ਰਿਕਸ਼ਾ ਚਲਾ ਰਹੇ ਹਨ। ਜੇ ਉਨ੍ਹਾਂ ਨੇ ਚੰਗੇ ਕੰਮ ਕੀਤੇ ਹੁੰਦੇ ਅਤੇ ਮੰਦਰ ਨਾ ਢਾਹੇ ਹੁੰਦੇ ਤਾਂ ਕੀ ਉਹ ਅਜਿਹੀ ਸਥਿਤੀ ਵਿੱਚ ਹੁੰਦੇ?’ ਉਨ੍ਹਾਂ ਬੰਗਲਾਦੇਸ਼ ਵਿੱਚ ਮੰਦਰਾਂ ’ਤੇ ਹੋ ਰਹੇ ਹਮਲਿਆਂ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਦੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਵੱਲੋਂ ਇਹ ‘ਧਰਤੀ ਨੂੰ ਨਰਕ’ ਬਣਾਉਣ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ, ‘ਦੇਖੋ ਬੰਗਲਾਦੇਸ਼ ਵਿੱਚ ਕੀ ਹੋ ਰਿਹਾ ਹੈ। ਪਹਿਲਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਕੀ ਹੋਇਆ ਸੀ? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਲੋਕ ਕੌਣ ਸਨ ਜਿਨ੍ਹਾਂ ਨੇ ਦੇਸ਼ ਵਿੱਚ ਸਨਾਤਨ ਧਰਮ ਦੇ ਧਾਰਮਿਕ ਸਥਾਨਾਂ ਨੂੰ ਤਬਾਹ ਕੀਤਾ ਅਤੇ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ?’
ਉਨ੍ਹਾਂ ਕਿਹਾ ਕਿ ਸਨਾਤਨ ਧਰਮ ਆਲਮੀ ਸ਼ਾਂਤੀ ਸਥਾਪਤ ਕਰਨ ਦਾ ਇੱਕੋ ਇੱਕ ਰਸਤਾ ਹੈ। ਯੋਗੀ ਨੇ ਕਿਹਾ, ‘ਜੇ ਮਨੁੱਖਤਾ ਨੂੰ ਬਚਾਉਣਾ ਹੈ ਤਾਂ ਸਨਾਤਨ ਧਰਮ ਦਾ ਸਨਮਾਨ ਕਰਨਾ ਪਵੇਗਾ। ਇਹ ਸਦੀਵੀ ਧਰਮ ਹੈ, ਜੋ ਸ੍ਰਿਸ਼ਟੀ ਦੇ ਆਰੰਭ ਤੋਂ ਚੱਲਿਆ ਆ ਰਿਹਾ ਹੈ।” ਮੁੱਖ ਮੰਤਰੀ ਨੇ ਕਿਹਾ, ‘ਭਾਰਤ ਉਦੋਂ ਤੱਕ ਭਾਰਤ ਹੈ, ਜਦੋਂ ਤੱਕ ਇੱਥੇ ਸਨਾਤਨ ਧਰਮ ਸੁਰੱਖਿਅਤ ਹੈ।’ -ਪੀਟੀਆਈ/ਏਐੱਨਆਈ