ਸਨਾਤਨ ਧਰਮ ਸਭਾ ਨੇ ਐੱਸਐੱਸਡੀ ਕਾਲਜ ’ਚ ਮਨਾਇਆ ਗਣਤੰਤਰ ਦਿਵਸ
ਸ਼ਗਨ ਕਟਾਰੀਆ
ਬਠਿੰਡਾ, 28 ਜਨਵਰੀ
ਸ੍ਰੀ ਸਨਾਤਨ ਧਰਮ ਸਭਾ ਵੱਲੋਂ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਗਣਤੰਤਰ ਦਿਵਸ ਸਭਾ ਦੇ ਚਾਰ ਕਾਲਜਾਂ ਅਤੇ ਛੇ ਸਕੂਲਾਂ ਦੇ ਸਹਿਯੋਗ ਨਾਲ ਐੱਸਐੱਸਡੀ ਗਰਲਜ਼ ਕਾਲਜ ਬਠਿੰਡਾ ਵਿੱਚ ਮਨਾਇਆ ਗਿਆ।
ਸਮਾਗਮ ’ਚ ਬਤੌਰ ਮੁੱਖ ਮਹਿਮਾਨ ਤਸ਼ਰੀਫ਼ ਲਿਆਏ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਅਤੇ ਪੰਜਾਬ ਕ੍ਰਿਕਟ ਐਸੋਸੇਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦਾ ਸਵਾਗਤ ਸਭਾ ਦੇ ਪ੍ਰਧਾਨ ਐਡਵੋਕੇਟ ਅਭੈ ਸਿੰਗਲਾ, ਉਪ ਪ੍ਰਧਾਨ ਕੇਕੇ ਅਗਰਵਾਲ, ਜਨਰਲ ਸਕੱਤਰ ਐਡਵੋਕੇਟ ਅਨਿਲ ਗੁਪਤਾ, ਵਿੱਤ ਸਕੱਤਰ ਐਡਵੋਕੇਟ ਜੇਕੇ ਗੁਪਤਾ, ਗਰਲਜ਼ ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਗੁਲਦਸਤੇ ਭੇਟ ਕਰ ਕੇ ਕੀਤਾ। ਕੌਮੀ ਝੰਡਾ ਲਹਿਰਾਉਣ ਦੀ ਰਸਮ ਐਡਵੋਕੇਟ ਅਭੈ ਸਿੰਗਲਾ ਨੇ ਅਦਾ ਕੀਤੀ। ਮਾਰਚ ਪਾਸਟ ਤੋਂ ਸਲਾਮੀ ਡੀਸੀ ਸ਼ੌਕਤ ਅਹਿਮਦ ਪਰੇ ਨੇ ਲਈ।
ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਗਿੱਧਾ, ਭੰਗੜਾ, ਪਲੇ ਵੇਅ ਸਕੂਲ ਬਾਲ ਗੋਪਾਲ ਦੇ ਬੱਚਿਆਂ ਵੱਲੋਂ ਦੇਸ਼ ਪਿਆਰ ਦਾ ਗੀਤ ਅਤੇ ਭੰਗੜੇ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਅਤੇ ਸਭਾ ਦੇ ਅਹੁਦੇਦਾਰਾਂ ਵੱਲੋਂ 75 ਸਾਲ ਤੋਂ ਵੱਧ ਉਮਰ ਵਾਲੇ ਸਭਾ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੇਸ਼-ਵਿਦੇਸ਼ ਵਸਦੇ ਸਭ ਭਾਰਤੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਬੱਚਿਆਂ ਨੂੰ ਜਾਤ ਪਾਤ ਅਤੇ ਧਰਮ ਤੋਂ ਉਪਰ ਉੱਠ ਕੇ ਚੰਗੇ ਇਨਸਾਨ ਬਣਨ ਦਾ ਸੁਨੇਹਾ ਦਿੱਤਾ।
ਐੱਮਡੀ ਮਿੱਤਲ ਗਰੁੱਪ ਦੇ ਰਾਜਿੰਦਰ ਮਿੱਤਲ ਨੇ ਵੀ ਸੁੰਦਰ ਪ੍ਰੋਗਰਾਮ ਲਈ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪ੍ਰਤੀਯੋਗੀਆਂ ਨੂੰ ਇਨਾਮ ਤਕਸੀਮ ਕੀਤੇ।