ਪੇਠਾ ਬਣਾਉਣ ਵਾਲੀਆਂ ਫੈਕਟਰੀਆਂ ਵਿੱਚੋਂ ਸੈਂਪਲ ਭਰੇ
ਖੇਤਰੀ ਪ੍ਰਤੀਨਿਧ
ਪਟਿਆਲਾ, 5 ਅਕਤੂਬਰ
ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਦੇ ਆਦੇਸ਼ਾਂ ’ਤੇ ਜ਼ਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਹੇਠਲੀ ਟੀਮ ਨੇ ਅੱਜ ਇਥੇ ਤਫੱਜਲਪੁਰਾ ਵਿੱਚ ਸਥਿਤ ਪੇਠਾ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਛਾਪੇ ਮਾਰ ਕੇ ਚੈਕਿੰਗ ਕਰਦਿਆਂ ਪੇਠੇ ਅਤੇ ਪੇਠਾ ਮਠਿਆਈ ਦੇ ਸੈਂਪਲ ਭਰੇ। ਇਹ ਸੈਂਪਲ ਅਗਲੇਰੀ ਜਾਂਚ ਲਈ ਲੈਬਾਰਟਰੀ ਵਿੱਚ ਭੇਜ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਫੈਕਟਰੀਆਂ ’ਚ ਸਫਾਈ ਨਾ ਹੋਣ ਕਾਰਨ ਚਲਾਨ ਵੀ ਕੱਟੇ ਗਏ। ਅਧਿਕਾਰੀਆਂ ਦਾ ਕਹਿਣਾ ਸੀ ਕਿ ਰਿਪੋਰਟਾਂ ਆਉਣ ’ਤੇ ਜੇ ਇਹ ਸੈਂਪਲ ਫੇਲ੍ਹ ਪਾਏ ਗਏ ਤਾਂ ਸਬੰਧਤ ਫੈਕਟਰੀਆਂ ਦੇ ਮਾਲਕਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਅਧਿਕਾਰੀਆਂ ਨੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਖਾਧ ਪਦਾਰਥ ਬਣਾਉਣ ਅਤੇ ਵਿਕਰੀ ਕਰਨ ਸਮੇਂ ਨਿੱਜੀ ਸਾਫ-ਸਫ਼ਾਈ, ਅਦਾਰੇ ਦੀਆਂ ਕੰਮ ਵਾਲੀਆਂ ਥਾਂਵਾਂ ਦੀ ਸਫ਼ਾਈ ਅਤੇ ਖਾਧ ਪਦਾਰਥਾਂ ਦੇ ਮਿਆਰ ਅਤੇ ਗੁਣਵੱਤਤਾ ਨੂੰ ਕਾਇਮ ਰੱਖਿਆ ਜਾਵੇ।
ਸਿਹਤ ਵਿਭਾਗ ਦੀ ਕਾਰਵਾਈ ’ਤੇ ਉੱਠੇ ਸਵਾਲ
ਪਟਿਆਲਾ (ਖੇਤਰੀ ਪ੍ਰਤੀਨਿਧ): ਸਿਹਤ ਵਿਭਾਗ ਵੱਲੋਂ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ’ਤੇ ਸਵਾਲ ਉੱਠ ਰਹੇ ਹਨ। ਸਮਾਜ ਸੇਵੀ ਅਰਵਿੰਦਰ ਕਾਕਾ ਦਾ ਕਹਿਣਾ ਸੀ ਕਿ ਖਾਧ ਪਦਾਰਥਾਂ ’ਚ ਮਿਲਾਵਟਖੋਰੀ ਕਰਨ ਦੇ ਦੋਸ਼ੀ ਪਾਏ ਜਾਣ ਵਾਲ਼ੇ ਮਾੜੇ ਅਨਸਰਾਂ ਨੂੰ ਸਮਾਜ ’ਚ ਨਸ਼ਰ ਕਰਨਾ ਚਾਹੀਦਾ ਹੈ, ਤਾਂ ਜੋ ਲੋਕ ਉਸ ਪ੍ਰਤੀ ਸੁਚੇਤ ਰਹਿਣ ਤੇ ਅਜਿਹੇ ਮਾੜੇ ਅਨਸਰਾਂ ਦਾ ਧੰਦਾ ਵੀ ਬੰਦ ਹੋਵੇ। ਅਰਵਿੰਦਰ ਕੁਮਾਰ ਕਾਕਾ ਦਾ ਕਹਿਣਾ ਸੀ ਕਿ ਸ਼ੁੱਕਰਵਾਰ ਨੂੰ ਪੇਠਾ ਮਠਿਆਈ ਬਣਾਉਣ ਵਾਲੀਆਂ ਕੁਝ ਫੈਕਟਰੀਆਂ ’ਚ ਮਾਰੇ ਗਏ ਛਾਪੇ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ’ਚ ਵੀ ਅਧਿਕਾਰੀਆਂ ਨੇ ਕਿਸੇ ਫੈਕਟਰੀ ਦਾ ਨਾਮ ਤੱਕ ਵੀ ਨਸ਼ਰ ਨਹੀਂ ਕੀਤਾ ਤੇ ਨਾ ਹੀ ਇਹ ਵਿਭਾਗ ਕਦੇ ਉਨ੍ਹਾਂ ਦੁਕਾਨਦਾਰਾਂ ਦੇ ਨਾਂ ਮੀਡੀਆ ਨੂੰ ਜਾਰੀ ਕਰਦਾ ਹੈ, ਜਿਨ੍ਹਾਂ ਦੇ ਖਾਧ ਪਦਾਰਥਾਂ ਆਦਿ ਦੇ ਸੈਂਪਲ ਫੇਲ੍ਹ ਜਾਂਦੇ ਹਨ।