ਸਾਂਪਲਾ ਵੱਲੋਂ ਕੌਮੀ ਐਸਸੀ ਕਮਿਸ਼ਨ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੁਲਾਈ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੈ ਕੁਮਾਰ ਸਾਂਪਲਾ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੰਜਾਬ ’ਚ ਦਲਿਤ ਭਾਈਚਾਰੇ ਨਾਲ ਸਬੰਧਤ ਸ੍ਰੀ ਸਾਂਪਲਾ 2014 ਤੋਂ 2019 ਸਮੇਂ ਦੌਰਾਨ ਮੋਦੀ ਸਰਕਾਰ ਵਿੱਚ ਰਾਜ ਮੰਤਰੀ ਦੇ ਅਹੁਦੇ ’ਤੇ ਰਹਿ ਚੁੱਕੇ ਹਨ ਤੇ 2014 ਵਿੱਚ ਉਹ ਹੁਸ਼ਿਆਰਪੁਰ ਸੰਸਦੀ ਹਲਕੇ ਤੋਂ ਚੁਣੇ ਗਏ ਸਨ। ਸਾਲ 2019 ਦੀਆਂ ਚੋਣਾਂ ’ਚ ਪਾਰਟੀ ਨੇ ਸ੍ਰੀ ਸਾਂਪਲਾ ਨੂੰ ਚੋਣ ਨਹੀਂ ਸੀ ਲੜਾਈ ਅਤੇ ਭਾਜਪਾ ਨੇ ਸੱਤਾ ’ਚ ਆਉਣ ਤੋਂ ਬਾਅਦ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਮੁਖੀ ਨਾਮਜ਼ਦ ਕਰ ਦਿੱਤਾ ਸੀ। ਉਨ੍ਹਾਂ ਸਾਲ 2022 ਦੀਆਂ ਵਿਧਾਨ ਸਭਾ ਚੋਣ ਵੀ ਭਾਜਪਾ ਵੱਲੋਂ ਲੜੀ ਸੀ ਪਰ ਕਾਮਯਾਬ ਨਹੀਂ ਸਨ ਹੋਏ। ਸਾਂਪਲਾ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਪਾਰਟੀ ਹਾਈ ਕਮਾਨ ਵੱਲੋਂ ਇਸ ਦਲਿਤ ਆਗੂ ਨੂੰ ਪੰਜਾਬ ਵਿੱਚ ਰਾਜਨੀਤਕ ਸਰਗਰਮੀਆਂ ਵਧਾਉਣ ਲਈ ਕਿਹਾ ਗਿਆ ਹੈ ਤਾਂ ਕਿ ਆਗਾਮੀ ਸੰਸਦੀ ਚੋਣਾਂ ਦੀ ਤਿਆਰੀ ਕੀਤੀ ਜਾ ਸਕੇ। ਇਹ ਵੀ ਚਰਚਾ ਹੈ ਕਿ ਪਾਰਟੀ ਉਨ੍ਹਾਂ ਨੂੰ 2024 ਦੀਆਂ ਸੰਸਦੀ ਚੋਣਾਂ ਦੌਰਾਨ ਹੁਸ਼ਿਆਰਪੁਰ ਸੰਸਦੀ ਹਲਕੇ ਤੋਂ ਉਮੀਦਵਾਰ ਵੀ ਬਣਾ ਸਕਦੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਸੰਸਦੀ ਚੋਣਾਂ ਲਈ ਪੰਜਾਬ ਵਿੱਚ ਹੁਣੇ ਤੋਂ ਤਿਆਰੀ ਵਿੱਢੀ ਗਈ ਹੈ। ਹਾਲ ਹੀ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਭਾਜਪਾ ਨੇ ਸੂਬੇ ਦੇ ਪ੍ਰਧਾਨ ਦੀ ਕਮਾਨ ਸੌਂਪ ਦਿੱਤੀ ਸੀ।