Sambhal violence: ਸੰਭਲ ਹਿੰਸਾ: ਫੋਰੈਂਸਿਕ ਟੀਮ ਵਲੋਂ ਵਿਦੇਸ਼ੀ ਗੋਲੀਆਂ ਚੱਲਣ ਦਾ ਦਾਅਵਾ
ਸੰਭਲ, 3 ਦਸੰਬਰ
Six 'made in Pakistan' empty cartridges recovered, say police: ਇੱਥੇ ਕੁਝ ਦਿਨ ਪਹਿਲਾਂ ਹੋਈ ਹਿੰਸਾ ਵਿਚ ਪਾਕਿਸਤਾਨੀ ਅਸਲੇ ਦੀ ਵਰਤੋਂ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਮਾਮਲੇ ਦੀ ਫੋਰੈਂਸਿਕ ਟੀਮਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਅੱਜ ਜਾਂਚ ਦੌਰਾਨ ਟੀਮ ਨੂੰ ਕਈ ਖਾਲੀ ਰੌਂਦ ਮਿਲੇ ਜਿਹੜੇ ਪਾਕਿਸਤਾਨ ਦੇ ਬਣੇ ਹੋਏ ਹਨ ਤੇ ਇਨ੍ਹਾਂ ਰੌਂਦਾਂ ਨੂੰ ਪਾਕਿਸਤਾਨ ਫੌਜ ਵਲੋਂ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਕ ਰੌਂਦ ਅਮਰੀਕਾ ਦਾ ਵੀ ਮਿਲਿਆ।
ਦੱਸਣਾ ਬਣਦਾ ਹੈ ਕਿ ਇੱਥੋਂ ਦੀ ਮੁਗਲ ਕਾਲ ਦੀ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹਿੰਸਾ ਭੜਕ ਗਈ ਸੀ ਤੇ ਲੋਕਾਂ ਨੇ ਸਰਵੇਖਣ ਟੀਮ, ਪੁਲੀਸ ਤੇ ਸੁਰੱਖਿਆ ਬਲਾਂ ’ਤੇ ਪਥਰਾਅ ਕਰ ਦਿੱਤਾ ਸੀ, ਇਸ ਤੋਂ ਬਾਅਦ ਗੋਲੀਆਂ ਵੀ ਚੱਲੀਆਂ ਸਨ ਤੇ ਕਈ ਸਥਾਨਕ ਲੋਕ ਮਾਰੇ ਗਏ ਸਨ। ਇਸ ਮਾਮਲੇ ਦੀ ਜਾਂਚ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ। ਇਸ ਤਹਿਤ ਦੋ ਦਿਨ ਪਹਿਲਾਂ ਟੀਮ ਨੇ ਜਾਮਾ ਮਸਜਿਦ ਦਾ ਜਾਇਜ਼ਾ ਲਿਆ ਸੀ। ਇਸ ਦੌਰਾਨ ਪੁਲੀਸ ਅਧਿਕਾਰੀ ਨੇ ਟੀਮ ਨੂੰ ਦੱਸਿਆ ਸੀ ਕਿ 24 ਨਵੰਬਰ ਨੂੰ ਕਈ ਘਰਾਂ ਤੋਂ ਪੁਲੀਸ ਤੇ ਸੁਰੱਖਿਆ ਬਲਾਂ ’ਤੇ ਪਥਰਾਅ ਕੀਤਾ ਗਿਆ। ਇਸ ਤੋਂ ਪਹਿਲਾਂ ਕਮਿਸ਼ਨ ਦੇ ਮੈਂਬਰਾਂ ਨੇ ਮੁਰਾਦਾਬਾਦ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਸਨ।