Sambhal Masjid case: ਖੂਹ ਵਿਵਾਦ ਮਾਮਲੇ ’ਚ ਸਥਿਤੀ ਬਹਾਲ ਰੱਖਣ ਦੇ ਹੁਕਮ
ਨਵੀਂ ਦਿੱਲੀ, 10 ਜਨਵਰੀ
ਸੁਪਰੀਮ ਕੋਰਟ ਨੇ ਸੰਭਲ ਦੀ ਜਾਮਾ ਮਸਜਿਦ ਪ੍ਰਬੰਧਨ ਕਮੇਟੀ ਦੀ ਅਰਜ਼ੀ ’ਤੇ ਸ਼ੁੱਕਰਵਾਰ ਨੂੰ ਨੋਟਿਸ ਜਾਰੀ ਕਰਦਿਆਂ ਮਸਜਿਦ ਦੇ ਦਾਖ਼ਲੇ ਵਾਲੀ ਥਾਂ ਨੇੜੇ ਇਕ ਨਿੱਜੀ ਖੂਹ ਦੇ ਸਬੰਧ ’ਚ ਸਥਿਤੀ ਬਰਕਰਾਰ ਰੱਖਣ ਦਾ ਹੁਕਮ ਦਿੱਤਾ। ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੇ ਬੈਂਚ ਨੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਖੂਹ ਦੇ ਸਬੰਧ ’ਚ ਕੋਈ ਕਦਮ ਨਾ ਚੁੱਕਣ ਦਾ ਨਿਰਦੇਸ਼ ਦਿੱਤਾ ਅਤੇ ਅਧਿਕਾਰੀਆਂ ਨੂੰ ਦੋ ਹਫ਼ਤਿਆਂ ’ਚ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਸ਼ਾਹੀ ਜਾਮਾ ਮਸਜਿਦ ਦੀ ਪ੍ਰਬੰਧਨ ਕਮੇਟੀ ਨੇ ਆਪਣੀ ਅਰਜ਼ੀ ’ਚ ਸੰਭਲ ਸੀਨੀਅਰ ਡਵੀਜ਼ਨ ਸਿਵਲ ਜੱਜ ਦੇ 19 ਨਵੰਬਰ, 2024 ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਜਿਸ ’ਚ ਮਸਜਿਦ ਦਾ ਸਰਵੇਖਣ ਕਰਨ ਲਈ ਐਡਵੋਕੇਟ ਕਮਿਸ਼ਨਰ ਨਿਯੁਕਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਪ੍ਰਬੰਧਨ ਕਮੇਟੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹੁਜ਼ੇਫ਼ਾ ਅਹਿਮਦੀ ਨੇ ਖੂਹ ਦੇ ਇਤਿਹਾਸਕ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਨੰਤ ਕਾਲ ਤੋਂ ਇਸ ਖੂਹ ਤੋਂ ਪਾਣੀ ਕੱਢਿਆ ਜਾਂਦਾ ਰਿਹਾ ਹੈ। ਅਹਿਮਦੀ ਨੇ ਇਕ ਨੋਟਿਸ ’ਤੇ ਚਿੰਤਾ ਜਤਾਈ ਜਿਸ ’ਚ ਇਸ ਥਾਂ ਨੂੰ ‘ਹਰੀ ਮੰਦਰ’ ਦੱਸਿਆ ਗਿਆ ਹੈ ਅਤੇ ਉਥੇ ਧਾਰਮਿਕ ਸਰਗਰਮੀਆਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ। ਚੀਫ਼ ਜਸਟਿਸ ਨੇ ਕਿਹਾ ਅਜਿਹੀ ਕਿਸੇ ਵੀ ਸਰਗਰਮੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। -ਪੀਟੀਆਈ
ਖੂਹ ਮਸਜਿਦ ਦੇ ਘੇਰੇ ਤੋਂ ਬਾਹਰ ਹੋਣ ਦਾ ਦਾਅਵਾ
ਸੁਪਰੀਮ ਕੋਰਟ ’ਚ ਹਿੰਦੂ ਧਿਰ ਵੱਲੋਂ ਪੇਸ਼ ਹੋਏ ਵਕੀਲ ਵਿਸ਼ਨੂ ਸ਼ੰਕਰ ਜੈਨ ਨੇ ਕਿਹਾ ਕਿ ਖੂਹ ਮਸਜਿਦ ਦੇ ਘੇਰੇ ਤੋਂ ਬਾਹਰ ਹੈ ਅਤੇ ਇਤਿਹਾਸਕ ਤੌਰ ’ਤੇ ਇਸ ਦੀ ਵਰਤੋਂ ਪੂਜਾ ਲਈ ਕੀਤੀ ਜਾਂਦੀ ਰਹੀ ਹੈ। ਸ਼ਾਹੀ ਜਾਮਾ ਮਸਜਿਦ ਪ੍ਰਬੰਧਨ ਕਮੇਟੀ ਦੇ ਵਕੀਲ ਹੁਜ਼ੇਫ਼ਾ ਅਹਿਮਦੀ ਨੇ ਕਿਹਾ ਕਿ ਖੂਹ ਮਸਜਿਦ ਕੰਪਲੈਕਸ ਦੇ ਥੋੜਾ ਅੰਦਰ ਅਤੇ ਥੋੜਾ ਬਾਹਰ ਹੈ। ਉਨ੍ਹਾਂ ਆਪਣੇ ਦਾਅਵੇ ਦੇ ਪੱਖ ’ਚ ਗੂਗਲ ਮੈਪ ਦੀ ਇਕ ਤਸਵੀਰ ਦਾ ਹਵਾਲਾ ਵੀ ਦਿੱਤਾ। -ਪੀਟੀਆਈ