ਸੰਭਲ: ਸ਼ਾਹੀ ਜਾਮਾ ਮਸਜਿਦ ਨੇੜੇ ਕਬਜ਼ਿਆਂ ਤੇ ਬਿਜਲੀ ਚੋਰੀ ਖ਼ਿਲਾਫ਼ ਮੁਹਿੰਮ ਜਾਰੀ
ਸੰਭਲ (ਉੱਤਰ ਪ੍ਰਦੇਸ਼), 15 ਦਸੰਬਰ
ਸੰਭਲ ਦੀ ਸ਼ਾਹੀ ਜਾਮਾ ਮਸਜਿਦ ਦੇ ਸਰਵੇਖਣ ਨੂੰ ਲੈ ਕੇ ਹੋਈਆਂ ਹਿੰਸਕ ਝੜਪਾਂ ਵਿੱਚ ਚਾਰ ਜਣਿਆਂ ਦੀ ਮੌਤ ਹੋਣ ਤੋਂ ਕੁਝ ਦਿਨ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਬਜ਼ਿਆਂ ਅਤੇ ਬਿਜਲੀ ਚੋਰੀ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸਵੇਰ ਤੋਂ ਹੀ ਕਬਜ਼ੇ ਹਟਾਉਣੇ ਸ਼ੁਰੂ ਕਰ ਦਿੱਤੇ। ਵਧੀਕ ਪੁਲੀਸ ਸੁਪਰਡੈਂਟ (ਏਐੱਸਪੀ) ਸ਼੍ਰੀਸ਼ ਚੰਦਰ ਨੇ ਦੱਸਿਆ ਕਿ ਨਖਾਸਾ ਥਾਣੇ ਅਧੀਨ ਪੈਂਦੇ ਹਿੰਦੂਪੁਰਾ ਖੇੜਾ ਇਲਾਕੇ ਵਿੱਚ ਅੱਜ ਸਵੇਰੇ ਸੱਤ ਵਜੇ ਤੋਂ ਘਰਾਂ ਅੱਗੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ।
ਇਹ ਇਲਾਕਾ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਜ਼ਿਆਉਰ ਰਹਿਮਾਨ ਬੁਰਕ ਦੀ ਰਿਹਾਇਸ਼ ਦੇ ਨਜ਼ਦੀਕ ਪੈਂਦਾ ਹੈ। ਸਪਲਾਈ ਇੰਸਪੈਕਟਰ ਯੋਗੇਸ਼ ਸ਼ੁਕਲਾ ਨੇ ਦੱਸਿਆ ਕਿ ਕਾਰਵਾਈ ਦੌਰਾਨ ਉਨ੍ਹਾਂ ਨੂੰ ਹਾਜੀ ਰੱਬਾਨ ਨਾਂ ਦੇ ਵਿਅਕਤੀ ਦੇ ਘਰੋਂ 25 ਸਿਲੰਡਰ ਮਿਲੇ ਹਨ, ਹਾਲਾਂਕਿ ਪਰਿਵਾਰ ਦਾ ਦਾਅਵਾ ਹੈ ਕਿ ਇਹ ਸਿਲੰਡਰ ਕਿਸੇ ਵਿਆਹ ਲਈ ਸਨ, ਪਰ ਉਹ ਲੋੜੀਂਦੇ ਦਸਤਾਵੇਜ਼ ਨਹੀਂ ਦਿਖਾ ਸਕੇ।
ਇਸ ਦੌਰਾਨ ਬਿਜਲੀ ਵਿਭਾਗ ਨੇ ਵੀ ਬਿਜਲੀ ਚੋਰੀ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਬਿਜਲੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨਵੀਨ ਗੌਤਮ ਨੇ ਦੱਸਿਆ ਕਿ ਦੀਪਾ ਸਰਾਏ ਵਿੱਚ ਛਾਪੇ ਦੌਰਾਨ ਅਧਿਕਾਰੀਆਂ ਨੂੰ ਚਾਰ ਮਸਜਿਦਾਂ ਅਤੇ ਇੱਕ ਮਦਰੱਸੇ ਵਿੱਚ ਨਾਜਾਇਜ਼ ਬਿਜਲੀ ਕੁਨੈਕਸ਼ਨ ਮਿਲੇ ਹਨ। ਗੌਤਮ ਨੇ ਕਿਹਾ, ‘‘ਕੁੱਲ ਲਗਪਗ ਇੱਕ ਕਰੋੜ 25 ਲੱਖ ਰੁਪਏ ਦੀ 130 ਮੈਗਾਵਾਟ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਇਸ ਕਾਰਵਾਈ ਦੌਰਾਨ ਚੋਰੀ ਵਿੱਚ ਸ਼ਾਮਲ 49 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਜਾ ਰਹੀ ਹੈ।’’ ਇਸ ਦੌਰਾਨ ਭਸਮਾ ਸ਼ੰਕਰ ਮੰਦਰ ਵਿੱਚ ਅੱਜ ਰਸਮਾਂ ਤੇ ਮੰਤਰਾਂ ਦੇ ਜਾਪ ਮਗਰੋਂ ਪੂਜਾ ਅਰਚਨਾ ਸ਼ੁਰੂ ਹੋਈ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਨਿਚਰਵਾਰ ਨੂੰ ਖੋਲ੍ਹਿਆ ਗਿਆ ਸੀ। -ਪੀਟੀਆਈ
ਸੰਭਲ ’ਚ ਮੁੜ ਖੋਲ੍ਹਿਆ ਮੰਦਰ ਸਾਡੀ ਇਤਿਹਾਸਕ ਸੱਚਾਈ ਦਾ ਪ੍ਰਤੀਕ: ਯੋਗੀ
ਲਖਨਊ: ਫਿਰਕੂ ਦੰਗਿਆਂ ਮਗਰੋਂ 1978 ਤੋਂ ਬੰਦ ਪਏ ਸੰਭਲ ਦੇ ਇੱਕ ਮੰਦਰ ਨੂੰ ਅਧਿਕਾਰੀਆਂ ਵੱਲੋਂ ਮੁੜ ਖੋਲ੍ਹੇ ਜਾਣ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਇਹ ਮੰਦਰ ਰਾਤੋਂ-ਰਾਤ ਨਹੀਂ ਬਣਿਆ ਅਤੇ ਇਹ ਸਾਡੀ ਸਦੀਵੀ ਵਿਰਾਸਤ ਅਤੇ ਸਾਡੇ ਇਤਿਹਾਸ ਦੀ ਸੱਚਾਈ ਨੂੰ ਦਰਸਾਉਂਦਾ ਹੈ। ਕੁੰਭ ’ਤੇ ਇੱਕ ਨਿੱਜੀ ਪ੍ਰੋਗਰਾਮ ਵਿੱਚ ਬੋਲਦਿਆਂ ਮੁੱਖ ਮੰਤਰੀ ਨੇ ਸੰਭਲ ਵਿੱਚ 46 ਸਾਲ ਪਹਿਲਾਂ ਵਾਪਰੀਆਂ ਦਰਦਨਾਕ ਘਟਨਾਵਾਂ ਦਾ ਜ਼ਿਕਰ ਕੀਤਾ ਜਿਸ ਵਿੱਚ ਨਿਰਦੋਸ਼ ਲੋਕਾਂ ਨੇ ‘ਹਿੰਸਾ’ ਵਿੱਚ ਆਪਣੀ ਜਾਨ ਗੁਆ ਦਿੱਤੀ ਸੀ। ਉਨ੍ਹਾਂ ਸਵਾਲ ਕੀਤਾ ਆਖਿਰ ਦਹਾਕਿਆਂ ਮਗਰੋਂ ਵੀ ਕਤਲੇਆਮ ਦੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਕਿਉਂ ਨਹੀਂ ਲਿਆਂਦਾ ਗਿਆ।-ਪੀਟੀਆਈ