ਸਮਾਣਾ: ਪੰਥਕ ਲਹਿਰ ਦੇ ਆਗੂ ਟਾਵਰ ’ਤੇ ਚੜ੍ਹੇ
ਸੁਭਾਸ਼ ਚੰਦਰ
ਸਮਾਣਾ, 12 ਅਕਤੂਬਰ
ਪੰਥਕ ਲਹਿਰ ਦੇ ਸੀਨੀਅਰ ਆਗੂ ਭਾਈ ਰਾਜਿੰਦਰ ਸਿੰਘ ਫਤਹਿਗੜ੍ਹ ਛੰਨਾ ਅਤੇ ਗੁਰਜੀਤ ਸਿੰਘ ਖੇੜੀ ਨਗਾਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਲਈ ਭਾਰਤੀ ਸੰਚਾਰ ਨਿਗਮ ਦੇ ਟਾਵਰ ’ਤੇ ਚੜ੍ਹ ਗਏ ਹਨ ਉੱਪ-ਮੰਡਲ ਅਫ਼ਸਰ ਸਮਾਣਾ ਤਰਸੇਮ ਚੰਦ ਅਤੇ ਪੁਲੀਸ ਉਪ-ਕਪਤਾਨ ਸਮਾਣਾ ਗੁਰਇਕਬਾਲ ਸਿੰਘ ਸਿਕੰਦ ਵਲੋਂ ਮੰਗ ਪੱਤਰ ਲੈ ਕੇ ਉਕਤ ਆਗੂਆਂ ਨੂੰ ਟਾਵਰ ਤੋਂ ਹੇਠਾਂ ਆਉਣ ਦੀ ਅਪੀਲ ਕੀਤੀ।
ਟਾਵਰ ਦੇ ਨੇੜੇ ਧਰਨੇ ’ਤੇ ਬੈਠੇ ਪੰਥਕ ਲਹਿਰ ਦੇ ਆਗੂ ਭਾਈ ਸਰੂਪ ਸਿੰਘ ਸੰਧਾ, ਤਲਵਿੰਦਰ ਸਿੰਘ ਔਲਖ, ਜਥੇਦਾਰ ਰੱਬ, ਜਥੇਦਾਰ ਬਲਦੇਵ ਸਿੰਘ ਅਸਮਾਨਪੁਰ, ਬੀਰਾ ਸਿੰਘ ਅਤੇ ਕਿਰਪਾਲ ਸਿੰਘ ਆਦਿਕ ਨੇ ਦੱਸਿਆ ਕਿ ਪੰਜਾਬ ਅਤੇ ਕੇਂਦਰ ਦੀ ਸਰਕਾਰ ਸਾਂਝੀਵਾਲਤਾ ਦੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਗੰਭੀਰਤਾ ਨਾਲ ਕੰਮ ਨਹੀਂ ਕਰ ਰਹੀ। ਨੌਂ ਸਾਲਾਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਸਰਕਾਰਾਂ ਨੇ ਅਜੇ ਤੱਕ ਸਖ਼ਤ ਕਾਨੂੰਨ ਨਹੀਂ ਬਣਾਇਆ। ਦੁੱਖ ਦੀ ਗੱਲ ਇਹ ਹੈ ਕਿ ਦੇਸ਼ ਦੀ ਸਰਵ-ਉੱਚ ਅਦਾਲਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵਤ ਗੂਰੂ ਦਾ ਦਰਜਾ ਹੈ ਪਰ ਭਾਰਤੀ ਕਾਨੂੰਨ ਕੋਈ ਪ੍ਰਵਾਹ ਨਹੀਂ ਕਰਦਾ।
ਉਨ੍ਹਾਂ ਆਖਿਆ ਕਿ ਬੇਅਦਬੀ ਲਈ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਵਾਲਾ ਕਾਨੂੰਨ ਤੁਰੰਤ ਬਣਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਪੰਜਾਬ ਦੇ ਲੋਕਾਂ ਨਾਲ ਬੇਅਦਬੀ ਦੀਆਂ ਘਟਨਾਵਾਂ ਰੋਕਣ ਅਤੇ ਸਖ਼ਤ ਕਾਨੂੰਨ ਬਣਾਉਣ ਦਾ ਵਾਅਦਾ ਕਰਕੇ ਸੱਤਾ ਵਿਚ ਆਏ ਭਗਵੰਤ ਮਾਨ ਸਖ਼ਤ ਕਾਨੂੰਨ ਬਣਾਉਣ ਪ੍ਰਤੀ ਗੰਭੀਰ ਨਹੀਂ ਹਨ। ਫ਼ੋਨ ’ਤੇ ਗੱਲ ਕਰਦਿਆਂ ਭਾਈ ਰਾਜਿੰਦਰ ਸਿੰਘ ਫ਼ਤਹਿਗੜ੍ਹ ਛੰਨਾਂ ਨੇ ਆਖਿਆ ਕਿ ਜਿੰਨਾ ਸਮਾਂ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ, ਉਹ ਟਾਵਰ ਤੋਂ ਹੇਠਾਂ ਨਹੀਂ ਆਉਣਗੇ।