For the best experience, open
https://m.punjabitribuneonline.com
on your mobile browser.
Advertisement

ਸਮਾਣਾ: ਜੌੜਾਮਾਜਰਾ ਨੇ ਆਧੁਨਿਕ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ

10:37 AM Dec 07, 2023 IST
ਸਮਾਣਾ  ਜੌੜਾਮਾਜਰਾ ਨੇ ਆਧੁਨਿਕ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ
ਸਮਾਣਾ ਵਿੱਚ ਬੱਸ ਅੱਡੇ ਦਾ ਨੀਂਹ ਪੱਥਰ ਰੱਖਦੇ ਹੋਏ ਚੇਤਨ ਸਿੰਘ ਜੌੜਾਮਾਜਰਾ।
Advertisement

ਅਸ਼ਵਨੀ ਗਰਗ/ਸੁਭਾਸ਼ ਚੰਦਰ
ਸਮਾਣਾ, 6 ਦਸੰਬਰ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਦੇ ਅਤਿ-ਆਧੁਨਿਕ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ, ਜਿਸ ਦਾ ਨਿਰਮਾਣ ਲਗਪਗ 6 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬਹੁਤ ਵਾਰ ਇਸ ਬੱਸ ਅੱਡੇ ਦੇ ਨਵੀਨੀਕਰਨ ਦਾ ਲਾਅਰਾ ਲਾਇਆ ਸੀ ਪਰ ਕਿਸੇ ਨੇ ਕੋਈ ਫੰਡ ਨਹੀਂ ਭੇਜਿਆ। ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ‘ਆਪ’ ਸਰਕਾਰ ਨੇ ਗ੍ਰਾਂਟ ਜਾਰੀ ਕਰ ਦਿੱਤੀ ਹੈ ਅਤੇ ਅਗਲੇ 6 ਮਹੀਨਿਆਂ ਵਿੱਚ ਇਹ ਬੱਸ ਅੱਡਾ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਦੀ ਉਸਾਰੀ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।
ਸ੍ਰੀ ਜੌੜਾਮਾਜਰਾ ਨੇ ਦੱਸਿਆ ਕਿ ਸਮਾਣਾ ਦੇ ਪੁਰਾਣੇ ਬੱਸ ਅੱਡੇ ਦੀ ਕਰੀਬ ਪੌਣੇ 2 ਏਕੜ ਜ਼ਮੀਨ ’ਚ ਨਵਾਂ ਤੇ ਅਤਿ-ਆਧੁਨਿਕ ਬੱਸ ਅੱਡਾ ਬਣਾਇਆ ਜਾ ਰਿਹਾ ਹੈ ਅਤੇ ਇੱਥੇ ਘੱਟੋ-ਘੱਟ ਜਗ੍ਹਾ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਸਦੇ ਪੁਰਾਣੇ ਢਾਂਚੇ ਤੋਂ ਵੀ ਕੰਮ ਲਿਆ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਅਤਿ ਆਧੁਨਿਕ ਬੱਸ ਅੱਡੇ ਵਿਚ ਪਾਣੀ ਦੀ ਨਿਕਾਸੀ, ਨਵੀਆਂ ਦੁਕਾਨਾਂ, ਬੱਸਾਂ ਸਮੇਤ ਸਵਾਰੀਆਂ ਦੇ ਸਕੂਟਰਾਂ ਤੇ ਕਾਰਾਂ ਆਦਿ ਦੀ ਪਾਰਕਿੰਗ ਤੋਂ ਇਲਾਵਾ ਛੱਤ ’ਤੇ ਸੋਲਰ ਸਿਸਟਮ ਤੇ ਰੇਨ ਵਾਟਰ ਹਾਰਵੈਸਟਿੰਗ ਪ੍ਰਣਾਲੀ ਵੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇੱਥੇ ਯਾਤਰੀਆਂ ਦੀ ਸਹੂਲਤ ਅਨੁਸਾਰ ਹਰ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਮਾਣਾ ਦਾ ਬੱਸ ਅੱਡਾ ਸ਼ਹਿਰ ਤੋਂ ਬਾਹਰ ਲਿਜਾਣ ਲਈ ਜ਼ਮੀਨ ਵੀ ਦੇਖੀ ਗਈ ਸੀ ਪਰ ਸਵਾਰੀਆਂ ਦੀ ਸਹੂਲਤ ਅਤੇ ਸ਼ਹਿਰ ਦੇ ਬਾਜ਼ਾਰਾਂ ਦੇ ਦੁਕਾਨਦਾਰਾਂ ਦੇ ਵਪਾਰ ਨੂੰ ਦੇਖਦਿਆਂ ਹੋਇਆ ਇੱਥੇ ਪੁਰਾਣੇ ਬੱਸ ਅੱਡੇ ਵਿਖੇ ਹੀ ਨਵਾਂ ਬੱਸ ਅੱਡਾ ਬਣਾਉਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਓ.ਐਸ.ਡੀ. ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ ਤੇ ਐੱਸਡੀਐੱਮ ਚਰਨਜੀਤ ਸਿੰਘ, ਗੋਪਾਲ ਕ੍ਰਿਸ਼ਲ ਗਰਗ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਰਜਿੰਦਰ ਸਿੰਘ, ਸੁਨੈਨਾ ਮਿੱਤਲ, ਯੂਥ ਪ੍ਰਧਾਨ ਪਾਰਸ ਸ਼ਰਮਾ, ਦਰਸ਼ਨ ਮਿੱਤਲ, ਸੰਦੀਪ ਲੂੰਬਾ, ਸੰਜੂ ਕਕਰਾਲਾ ਸਮੇਤ ਕੌਂਸਲਰ ਅਤੇ ਸ਼ਹਿਰ ਦੇ ਹੋਰ ਪਤਵੰਤੇ ਵੀ ਮੌਜੂਦ ਸਨ।

Advertisement

Advertisement
Advertisement
Author Image

Advertisement