ਸੈਮ ਪਿਤਰੋਦਾ ਬਿਆਨ ਚੁੱਕਣ ਦਾ ਮਕਸਦ ਮੋਦੀ ਦੇ ਨਫ਼ਰਤ ਭਰੇ ਪ੍ਰਚਾਰ ਤੋਂ ਧਿਆਨ ਭਟਾਉਣ ਦੀ ਕੋਸ਼ਿਸ਼: ਕਾਂਗਰਸ
ਨਵੀਂ ਦਿੱਲੀ, 24 ਅਪਰੈਲ
ਕਾਂਗਰਸ ਨੇ ਅੱਜ ਅਮਰੀਕਾ ਦੇ ਵਿਰਾਸਤ ਟੈਕਸ ’ਤੇ ਸੈਮ ਪਿਤਰੋਦਾ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਦਭਾਵਨਾ ਅਤੇ ਨਫ਼ਰਤ ਨਾਲ ਭਰੇ ਚੋਣ ਪ੍ਰਚਾਰ ਤੋਂ ਧਿਆਨ ਹਟਾਇਆ ਜਾ ਸਕੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਬਿਆਨ ਵਿੱਚ ਕਿਹਾ, ‘ਸੈਮ ਪਿਤਰੋਦਾ ਮੇਰੇ ਸਮੇਤ ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਦੇ ਗੁਰੂ, ਦੋਸਤ, ਦਾਰਸ਼ਨਿਕ ਅਤੇ ਮਾਰਗਦਰਸ਼ਕ ਹਨ। ਉਨ੍ਹਾਂ ਨੇ ਭਾਰਤ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਹਨ। ਉਹ ਹਮੇਸ਼ਾ ਆਪਣੀ ਗੱਲ ਖੁੱਲ੍ਹ ਕੇ ਰੱਖਦੇ ਹਨ।’ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਅਮਰੀਕਾ ਦੀ ਵਿਰਾਸਤ ਟੈਕਸ ਪ੍ਰਣਾਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ,‘ਅਮਰੀਕਾ 'ਚ ਵਿਰਾਸਤੀ ਟੈਕਸ ਲਗਾਇਆ ਜਾਂਦਾ ਹੈ। ਜੇ ਕਿਸੇ ਕੋਲ 10 ਕਰੋੜ ਡਾਲਰ ਦੀ ਜਾਇਦਾਦ ਹੈ ਅਤੇ ਜਦੋਂ ਉਹ ਮਰਦਾ ਹੈ ਤਾਂ ਇਸ ਦਾ ਸਿਰਫ 45 ਪ੍ਰਤੀਸ਼ਤ ਉਸ ਦੇ ਬੱਚਿਆਂ ਕੋਲ ਜਾ ਸਕਦਾ ਹੈ। ਬਾਕੀ 55 ਫੀਸਦੀ ਜਾਇਦਾਦ ਸਰਕਾਰ ਕੋਲ ਜਾਂਦੀ ਹੈ। ਭਾਰਤ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਹੈ। ਜੇ ਕਿਸੇ ਦੀ ਦੌਲਤ 10 ਅਰਬ ਹੈ ਅਤੇ ਉਹ ਮਰ ਜਾਂਦਾ ਹੈ, ਉਸ ਦੇ ਬੱਚਿਆਂ ਨੂੰ 10 ਅਰਬ ਮਿਲਦੇ ਹਨ ਅਤੇ ਜਨਤਾ ਨੂੰ ਕੁਝ ਨਹੀਂ ਮਿਲਦਾ। ਲੋਕਾਂ ਨੂੰ ਅਜਿਹੇ ਮੁੱਦਿਆਂ 'ਤੇ ਚਰਚਾ ਕਰਨ ਦੀ ਲੋੜ ਹੈ। ਮੈਨੂੰ ਨਹੀਂ ਪਤਾ ਕਿ ਅੰਤ ਵਿੱਚ ਸਿੱਟਾ ਕੀ ਨਿਕਲੇਗਾ ਪਰ ਜਦੋਂ ਅਸੀਂ ਦੌਲਤ ਦੀ ਮੁੜ ਵੰਡ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਨਵੀਆਂ ਨੀਤੀਆਂ ਅਤੇ ਨਵੇਂ ਪ੍ਰੋਗਰਾਮਾਂ ਦੀ ਗੱਲ ਕਰ ਰਹੇ ਹਾਂ ਜੋ ਨਾ ਸਿਰਫ਼ ਅਮੀਰਾਂ ਸਗੋਂ ਬਹੁਤ ਅਮੀਰਾਂ ਦੇ ਹਿੱਤ ਵਿੱਚ ਹਨ।’