ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਨਮਨ ਕੀਤਾ
ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 6 ਦਸੰਬਰ
ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਿਬਾਣਗੜ੍ਹ ਸ੍ਰੀ ਕੀਰਤਪੁਰ ਸਾਹਿਬ ਤੋਂ ਸ਼ੁਰੂ ਹੋਇਆ ਜੋ ਦੇਰ ਸ਼ਾਮ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ, ਪੰਜ ਪਿਆਰਿਆਂ, ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਦੀ ਆਰੰਭਤਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਕੀਤੀ ਗਈ। ਇਸ ਤੋਂ ਪਹਿਲਾਂ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਵਿਖੇ ਪਿਛਲੇ ਦਿਨ ਤੋਂ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਭੋਗ ਪਾਏ ਗਏ ਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਵੱਲੋਂ ਕੀਰਤਨ, ਵਾਰਾਂ, ਕਥਾ ਨਾਲ ਸੰਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ, ਬਲੀਦਾਨ ਬਾਰੇ ਚਾਨਣਾ ਪਾਇਆ। ਨਗਰ ਕੀਰਤਨ ਦੇ ਅੱਗੇ ਵੱਖ-ਵੱਖ ਸਕੂਲਾਂ ਦੀਆਂ ਬੈਂਡ ਪਾਰਟੀਆਂ ਮਧੁਰ ਧੁਨਾਂ ਵਜਾ ਕੇ ਰੁਹਾਨੀਅਤ ਦਾ ਮਹੌਲ ਸਿਰਜ ਰਹੀਆਂ ਸਨ। ਨਗਰ ਕੀਰਤਨ ਵਿੱਚ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਸਮੇਤ ਸੈਂਕੜਿਆਂ ਦੀ ਤਦਾਦ ਵਿਚ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਅਤੇ ਕੀਰਤਨ ਕਰਦੀਆਂ ਚਲ ਰਹੀਆਂ ਸਨ। ਨਗਰ ਕੀਰਤਨ ਦਾ ਵੱਖ ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਸਵਾਗਤੀ ਗੇਟ ਲਗਾ ਕੇ ਸਿਜਦਾ ਕੀਤਾ।
ਨਗਰ ਕੀਰਤਨ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਸਿੰਘ ਹੈਪੀ, ਭਾਈ ਅਮਰਜੀਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ, ਤਰਲੋਚਨ ਸਿੰਘ ਲੋਚੀ, ਸੋਨੂੰ ਚੌਧਰੀ ਪ੍ਰਧਾਨ ਗੁੱਜਰ ਮਹਾਂਸਭਾ, ਗੁਰਪ੍ਰੀਤ ਸਿੰਘ ਅਰੋੜਾ, ਗਗਨਦੀਪ ਭਾਰਜ, ਸੁਰਿੰਦਰ ਸਿੰਘ ਭਿੰਦਰ, ਸੁਖਦੇਵ ਸਿੰਘ ਰਾਣਾ, ਬਹਾਦਰ ਸਿੰਘ ਹਾਜ਼ਰ ਸੀ।
ਚੰਡੀਗੜ੍ਹ (ਮੁਕੇਸ਼ ਕੁਮਾਰ): ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਚੰਡੀਗੜ੍ਹ ਵਿੱਚ ਵੀ ਵੱਖ ਵੱਖ ਗੁਰਦੁਆਰਿਆਂ ਵਿੱਚ ਵਿਸ਼ੇਸ਼ ਸਮਾਗਮ ਹੋਏ। ਗੁਰਦੁਆਰਾ ਕਲਗੀਧਰ ਖੇੜੀ ਸੈਕਟਰ-20 ਸੀ ਚੰਡੀਗੜ੍ਹ ਵਿੱਚ ਵੀ ਵਿਸ਼ੇਸ਼ ਕਥਾ-ਕੀਰਤਨ ਸਮਾਗਮ ਹੋਏ ਜਿਹਨਾਂ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਸਾਹਿਬਾਨ ਨੇ ਹਾਜ਼ਰੀ ਭਰੀ। ਇਸ ਮੌਕੇ ਗੁਰਦੁਆਰਾ ਕਲਗੀਧਰ ਖੇੜੀ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰ ਸੈਕਟਰੀ ਹੁਕਮ ਸਿੰਘ ਜੀ, ਕੈਸ਼ੀਅਰ ਮੋਹਿੰਦਰ ਸਿੰਘ ਜੀ, ਗੁਰਪ੍ਰੀਤ ਸਿੰਘ ਜੀ, ਹਰਮੀਤ ਸਿੰਘ ਜੀ ਮੌਜੂਦ ਰਹੇ।
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਧਾਰਮਿਕ ਸਮਾਗਮ
ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ):
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦਾ 349ਵਾਂ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਜਾਰੀ ਰਿਹਾ। ਭਾਈ ਸੁਖਜੀਤ ਸਿੰਘ ਪੰਜੋਖਰਾ ਸਾਹਿਬ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਗੁਰੂ ਤੇਗ ਬਹਾਦਰ ਵੱਲੋਂ ਤਿਲਕ-ਜੰਝੂ ਦੀ ਰਾਖੀ ਲਈ ਦਿੱਤੀ ਸ਼ਹਾਦਤ ਦਾ ਪੂਰਾ ਪ੍ਰਸੰਗ ਢਾਡੀ ਵਾਰਾਂ ਵਿੱਚ ਸੁਣਾਇਆ। ਸ਼੍ਰੋਮਣੀ ਪ੍ਰਚਾਰਕ ਭਾਈ ਸ਼ਮਸ਼ੇਰ ਸਿੰਘ ਕਰਨਾਲ ਨੇ ਗੁਰਮਤਿ ਵਿਚਾਰਾਂ ਰਾਹੀਂ ਬਾਲ ਉਮਰੇ ਦਸਮ ਪਿਤਾ ਵੱਲੋਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਨੂੰ ਹਿੰਦੂ ਧਰਮ ਦੀ ਰਾਖੀ ਲਈ ਕੁਰਬਾਨੀ ਦੇਣ ਦੇ ਪ੍ਰਸੰਗ ਤੋਂ ਜਾਣੂ ਕਰਵਾਇਆ। ਭਾਈ ਸੁਖਦੀਪ ਸਿੰਘ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਨੇ ਆਪਣੇ ਰਸ-ਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਇਸ ਮੌਕੇ ਭਾਈ ਨਿਰਭੈ ਸਿੰਘ, ਭਾਈ ਗਿਆਨ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਕੁਲਦੀਪ ਸਿੰਘ ਅੰਮ੍ਰਿਤਸਰ, ਮਿੱਤਰ-ਪਿਅਰੇ ਨੂੰ ਕੀਰਤਨੀ ਜਥਾ, ਭਾਈ ਜਤਿੰਦਰ ਸਿੰਘ, ਭਾਈ ਮਹਿੰਦਰਪਾਲ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਸਤਿੰਦਰਪਾਲ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ ਅਤੇ ਭਾਈ ਸੰਦੀਪ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਹਰਿ ਜਸ ਸੁਣਾ ਕੇ ਨਿਹਾਲ ਕੀਤਾ।
ਅੰਬਾਲਾ ਦੇ ਗੁਰਦੁਆਰਿਆਂ ’ਚ ਧਾਰਮਿਕ ਸਮਾਗਮ ਕਰਵਾਏ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ):
ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਅਤੇ ਦਸਵੀਂ ਮਰਦੋਂ ਸਾਹਿਬ (ਅੰਬਾਲਾ) ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਦੇ ਹੈੱਡ ਗ੍ਰੰਥੀ ਸਰਬਜੀਤ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਪ੍ਰਚਾਰਕ ਨੇ ਕਥਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਇਤਿਹਾਸ ਤੇ ਰੌਸ਼ਨੀ ਪਾਈ ਜਦੋਂ ਕਿ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਇਸੇ ਤਰ੍ਹਾਂ ਅੰਬਾਲਾ ਕੈਂਟ ਦੀ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ, ਜੋ ਦੁਪਹਿਰ ਬਾਅਦ ਗੁਰਦੁਆਰਾ ਗੋਬਿੰਦ ਨਗਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਰਦਾਸ ਤੋਂ ਬਾਅਦ ਸ਼ੁਰੂ ਹੋ ਕੇ ਸੁਭਾਸ਼ ਪਾਰਕ, ਗੁਰਦੁਆਰਾ ਸਿੰਘ ਸਭਾ ਹਰਗੋ ਲਾਲ ਰੋਡ, ਗੁਰਦੁਆਰਾ ਭਾਟ ਬਿਰਾਦਰੀ ਅਤੇ ਵੱਖ ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਪੰਜਾਬੀ ਗੁਰਦੁਆਰਾ ਸਾਹਿਬ ਜਾ ਕੇ ਸੰਪੂਰਨ ਹੋਇਆ।
ਸੀਸ ਮਾਰਗ ਯਾਤਰਾ ਦਾ ਬਨੂੜ ਖੇਤਰ ਵਿੱਚ ਭਰਵਾਂ ਸਵਾਗਤ
ਬਨੂੜ (ਕਰਮਜੀਤ ਸਿੰਘ ਚਿੱਲਾ):
ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸਜਾਈ ਜਾਂਦੀ 14ਵੀਂ ਸਾਲਾਨਾ ਸੀਸ ਮਾਰਗ ਯਾਤਰਾ ਦਾ ਅੱਜ ਬਨੂੜ ਖੇਤਰ ਵਿੱਚ ਥਾਂ-ਥਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿੱਚ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਨਿਰਮੈਲ ਸਿੰਘ ਜੌਲਾ ਕਲਾਂ ਉਚੇਚੇ ਤੌਰ ’ਤੇ ਹਰ ਵਰ੍ਹੇ ਤਿੰਨੋਂ ਦਿਨ ਸੀਸ ਮਾਰਗ ਯਾਤਰਾ ਵਿੱਚ ਸ਼ਮੂਲੀਅਤ ਕਰਦੇ ਹਨ। ਨਗਰ ਕੀਰਤਨ ਅੱਜ ਦੁਪਹਿਰ ਲਾਲੜੂ ਤੋਂ ਮਨੌਲੀ ਸੂਰਤ ਨੂੰ ਬਨੂੜ ਖੇਤਰ ਵਿੱਚ ਦਾਖ਼ਲ ਹੋਇਆ। ਪਿੰਡ ਮਨੌਲੀ ਸੂਰਤ, ਮਮੌਲੀ, ਮੁਠਿਆੜਾਂ, ਧਰਮਗੜ੍ਹ, ਟੀ-ਪੁਆਇੰਟ ਤੇਪਲਾ ਰੋਡ ਤੋਂ ਇਲਾਵਾ ਬਨੂੜ ਦੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿਖੇ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਭਾਈ ਮਨਜੀਤ ਸਿੰਘ ਗੰਗਾ ਨਰਸਰੀ ਵਾਲਿਆਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਨਿਰਮੈਲ ਸਿੰਘ ਜੌਲਾ ਨੇ ਦੱਸਿਆ ਸੀਸ ਮਾਰਗ ਯਾਤਰਾ 7 ਦਸੰਬਰ ਨੂੰ ਨਾਭਾ ਸਾਹਿਬ ਤੋਂ ਜ਼ੀਰਕਪੁਰ ਦੀਆਂ ਵੱਖ-ਵੱਖ ਕਲੋਨੀਆਂ ਵਿੱਚੋਂ ਹੁੰਦੀ ਹੋਈ ਚੰਡੀਗੜ੍ਹ ਦੇ ਟ੍ਰਿਬਿਊਨ ਚੌਕ ਤੋਂ ਸੈਕਟਰ 47 ਵੱਲ ਹੁੰਦੀ ਹੋਈ, ਫੇਜ਼ ਗਿਆਰਾਂ ਰਾਹੀਂ ਮੁਹਾਲੀ ਵਿੱਚ ਦਾਖਲ ਹੋਵੇਗੀ।