ਡੈਮ ਨਿਰਮਾਣਕਾਰ ਸਲੋਕਮ ਨੂੰ ਸਲਾਮ
ਰਾਜ ਕੁਮਾਰ ਮਲਹੋਤਰਾ
ਭਾਖੜਾ ਡੈਮ ਸੁਤੰਤਰ ਭਾਰਤ ਵਿਚ ਹੜ੍ਹ ਕੰਟਰੋਲ, ਜਲ ਭੰਡਾਰਨ ਅਤੇ ਪਣ ਬਿਜਲੀ ਉਤਪਾਦਨ ਦਾ ਪਹਿਲਾ ਵੱਡਾ ਪ੍ਰਾਜੈਕਟ ਸੀ। ਸਤਲੁਜ ਦਰਿਆ ਬਿਲਾਸਪੁਰ ਜ਼ਿਲ੍ਹੇ ਦੇ ਪਿੰਡ ਭਾਖੜਾ ਕੋਲ ਸ਼ਿਵਾਲਿਕ ਰੇਂਜ ਵਿਚ ਕੂਹਣੀ ਦੇ ਆਕਾਰ ਵਿਚ 700 ਫੁੱਟ ਡੂੰਘੀ ਖੱਡ ਵਿਚ ਵਗਦਾ ਸੀ। ਇਸ ਡੈਮ ਨੇ ਗੋਬਿੰਦ ਸਾਗਰ ਝੀਲ ਵਿਚ ਪਾਣੀ ਇਕੱਤਰ ਕਰਨ ਦਾ ਇਹ ਖੱਪਾ ਭਰਿਆ ਸੀ।
ਬਾਈ ਅਕਤੂਬਰ 1963 ਨੂੰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਆਪਣੇ ਮੰਤਰੀਆਂ, ਇੰਜਨੀਅਰਾਂ ਅਤੇ ਲੋਕਾਂ ਦੀ ਮੌਜੂਦਗੀ ਵਿਚ ਭਾਖੜਾ ਡੈਮ ਦਾ ਉਦਘਾਟਨ ਕੀਤਾ। ਉਂਝ, ਇਸ ਮੌਕੇ ਡੈਮ ਦੇ ਨਿਰਮਾਤਾ ਹਾਰਵੀ ਸਲੋਕਮ ਦੀ ਗ਼ੈਰਹਾਜ਼ਰੀ ਸਭ ਨੂੰ ਰੜਕ ਰਹੀ ਸੀ ਕਿਉਂਕਿ 11 ਨਵੰਬਰ 1961 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਸਲੋਕਮ ਨੇ ਆਪਣੀ ਜ਼ਿੰਦਗੀ ਵਿਚ 18 ਵੱਡੇ ਡੈਮ ਬਣਾਏ ਅਤੇ ਭਾਖੜਾ ਡੈਮ ਇਨ੍ਹਾਂ ’ਚੋਂ ਸਭ ਤੋਂ ਵੱਡਾ ਅਤੇ ਚੁਣੌਤੀਪੂਰਨ ਕਾਰਜ ਸੀ। ਭਾਖੜਾ ਡੈਮ ਦਾ ਸੁਪਨਾ 1908 ਵਿਚ ਲਿਆ ਗਿਆ ਸੀ। ਕਈ ਦਹਾਕਿਆਂ ਤੱਕ ਠੰਢੇ ਬਸਤੇ ਵਿਚ ਪਿਆ ਰਹਿਣ ਤੋਂ ਬਾਅਦ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋਇਆ ਅਤੇ ਇਸ ਦੇ ਨਿਰਮਾਣ ਵਿਚ ਤੇਜ਼ੀ ਆਜ਼ਾਦੀ ਤੋਂ ਬਾਅਦ ਹੀ ਆਈ ਪਰ ਵੱਡਾ ਸਵਾਲ ਹਾਲੇ ਵੀ ਬਣਿਆ ਹੋਇਆ ਸੀ: ਇਸ ਡੈਮ ਨੂੰ ਕੌਣ ਬਣਾਏ? 740 ਫੁੱਟ ਉੱਚਾ ਤੇ ਸਿੱਧੀ ਧੱਕ ਵਾਲਾ ਕੰਕਰੀਟ ਡੈਮ ਬਣਾਉਣ ਲਈ ਨਵੀਨਤਮ ਤਕਨਾਲੋਜੀ ਅਤੇ ਸਿਰੇ ਦੇ ਹੁਨਰ ਦੀ ਲੋੜ ਸੀ। ਪੰਜਾਬ ਸਿੰਜਾਈ ਵਿਭਾਗ ਕੋਲ ਇਹ ਦੋਵੇਂ ਚੀਜ਼ਾਂ ਨਹੀਂ ਸਨ। ਸੀਨੀਅਰ ਇੰਜਨੀਅਰਾਂ ਨੇ ਸੁਝਾਅ ਦਿੱਤਾ ਕਿ ਇਹ ਪ੍ਰਾਜੈਕਟ ਕਿਸੇ ਵਿਦੇਸ਼ੀ ਫਰਮ ਨੂੰ ਦੇ ਦਿੱਤਾ ਜਾਵੇ। ਸੈਂਟਰਲ ਵਾਟਰਵੇਅ ਕਮਿਸ਼ਨ ਦੇ ਚੇਅਰਮੈਨ ਏ.ਐੱਨ. ਖੋਸਲਾ ਨੇ ਉਸ ਵੇਲੇ ਦੇ ਪੰਜਾਬ ਦੇ ਰਾਜਪਾਲ ਸੀ.ਪੀ.ਐੱਨ. ਸਿੰਘ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਵਿਭਾਗ ਵੱਲੋਂ ਹੀ ਇਹ ਡੈਮ ਬਣਾਇਆ ਜਾਵੇ ਅਤੇ ਇਸ ਦੀ ਤਕਨੀਕੀ ਇਮਦਾਦ ਲਈ ਅਮਰੀਕੀ ਡੈਮ ਨਿਰਮਾਣ ਮਾਹਿਰ ਹਾਰਵੀ ਸਲੋਕਮ ਦੀਆਂ ਸੇਵਾਵਾਂ ਲਈਆਂ ਜਾਣ। ਪ੍ਰਧਾਨ ਮੰਤਰੀ ਨਹਿਰੂ ਨੇ ਇਸ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ।
ਖੋਸਲਾ ਅਤੇ ਐੱਮ.ਆਰ. ਚੋਪੜਾ (ਸੀਨੀਅਰ ਨਿਗਰਾਨ ਇੰਜਨੀਅਰ) ਨੇ ਅਮਰੀਕਾ ਜਾ ਕੇ ਸਲੋਕਮ ਨੂੰ ਇਹ ਜ਼ਿੰਮਾ ਚੁੱਕਣ ਦੀ ਬੇਨਤੀ ਕੀਤੀ। ਉਨ੍ਹਾਂ ਇਨਕਾਰ ਕਰਦਿਆਂ ਦਲੀਲ ਦਿੱਤੀ ਕਿ ਇਹ ਪ੍ਰਾਜੈਕਟ ਵੱਡਾ ਅਤੇ ਜਟਿਲ ਹੈ, ਕਿਰਤ ਸ਼ਕਤੀ ਅਤੇ ਨਿਰਮਾਣ ਸਮੱਗਰੀ ਦੀ ਕਮੀ ਹੈ ਅਤੇ ਨਾਲ ਹੀ ਲਾਲ ਫੀਤਾਸ਼ਾਹੀ ਦੀ ਬਹੁਤਾਤ ਹੈ। ਜਦੋਂ ਗੱਲਬਾਤ ਟੁੱਟਣ ਲੱਗੀ ਤਾਂ ਸਲੋਕਮ ਆਪਣੇ ਵਕੀਲ ਦੀ ਸਲਾਹ ਨਾਲ ਇਕ ਸਮਝੌਤਾ ਕਰਨ ਲਈ ਰਾਜ਼ੀ ਹੋ ਗਏ; ਵਕੀਲ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਕੋਈ ਵੀ ਸਰਕਾਰ ਇਸ ’ਤੇ ਸਹੀ ਨਹੀਂ ਪਾਵੇਗੀ। ਪਰ ਉਹ ਹੈਰਾਨ ਰਹਿ ਗਏ ਜਦੋਂ ਟੀਮ ਨੇ ਭਾਰਤ ਸਰਕਾਰ ਦੀ ਤਰਫ਼ੋਂ ਇਸ ਸਮਝੌਤੇ ’ਤੇ ਦਸਤਖ਼ਤ ਕਰ ਦਿੱਤੇ।
ਇਹ ਦਸ ਸਾਲਾਂ ਲਈ ਸਮਝੌਤਾ ਸੀ ਜਿਸ ਵਿਚ ਸਲੋਕਮ ਦੀਆਂ ਸਾਰੀਆਂ ਸ਼ਰਤਾਂ ਪ੍ਰਵਾਨ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਟੈਕਸ ਮੁਕਤ ਤਨਖ਼ਾਹ ਦਿੱਤੀ ਗਈ ਅਤੇ ਸਮਝੌਤੇ ਵਿਚ ਇਹ ਦਰਜ ਕੀਤਾ ਗਿਆ ਕਿ ਉਹ ਸਾਲ ’ਚ ਚਾਰ ਮਹੀਨੇ ਪ੍ਰਾਜੈਕਟ ’ਤੇ ਬਿਤਾਉਣਗੇ ਜਿਸ ਦਾ ਫ਼ੈਸਲਾ ਵੀ ਉਹ ਖ਼ੁਦ ਕਰਨਗੇ; ਉਹ ਵਿਦੇਸ਼ੀ ਮਾਹਿਰਾਂ ਨੂੰ ਸਲਾਹਕਾਰ ਰੱਖ ਸਕਦੇ ਸਨ ਅਤੇ ਦੁਨੀਆਂ ’ਚੋਂ ਕਿਤੋਂ ਵੀ ਕੋਈ ਸਾਜ਼ੋ ਸਾਮਾਨ ਖਰੀਦ ਸਕਦੇ ਸਨ; ਪ੍ਰਾਜੈਕਟ ਵਿਚ ਉਨ੍ਹਾਂ ਦੇ ਕੰਮ ਕਾਜ ’ਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕੇਗਾ ਅਤੇ ਸਮਝੌਤੇ ਦੀਆਂ ਸ਼ਰਤਾਂ ’ਤੇ ਕੋਈ ਝਗੜਾ ਹੋਣ ਦੀ ਸੂਰਤ ਵਿਚ ਸਿਰਫ਼ ਅਮਰੀਕੀ ਅਦਾਲਤਾਂ ਨੂੰ ਸੁਣਵਾਈ ਕਰਨ ਦਾ ਅਧਿਕਾਰ ਖੇਤਰ ਸੀ।
64 ਸਾਲ ਦੀ ਉਮਰ ਵਿਚ ਸਲੋਕਮ ਅਪਰੈਲ 1952 ਨੂੰ ਨਿਰਮਾਣ ਦੇ ਨਿਗਰਾਨ ਇੰਜਨੀਅਰ ਬਣੇ ਸਨ ਅਤੇ ਸ਼ਾਇਦ ਉਸ ਸਮੇਂ ਉਹ ਭਾਰਤ ਸਰਕਾਰ ਦੇ ਸਭ ਤੋਂ ਵੱਧ ਤਨਖ਼ਾਹ ਲੈਣ ਵਾਲੇ ਕਰਮਚਾਰੀ ਸਨ ਜਨਿ੍ਹਾਂ ਨੂੰ 8300 ਡਾਲਰ ਮਾਸਿਕ ਤਨਖ਼ਾਹ ਮਿਲਦੀ ਸੀ। ਸਮਝੌਤੇ ਮੁਤਾਬਿਕ ਆਪਣੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਸਰਕਾਰ ਨੂੰ ਡੈਮ ਦੀ ਉਸਾਰੀ ਲਈ ਹਰ ਜ਼ਰੂਰੀ ਕਦਮ ਉਠਾਉਣ ਲਈ ਮਜਬੂਰ ਕੀਤਾ। ਨੌਕਰਸ਼ਾਹੀ ਦੀਆਂ ਪਰਤਾਂ ’ਚੋਂ ਬਚਦਿਆਂ ਉਹ ਆਪਣੇ ਕੰਮ ਲਈ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨ ਦੇ ਯੋਗ ਸਨ। ਉਨ੍ਹਾਂ ਹਰ ਸਾਲ ਨੌਂ ਮਹੀਨੇ ਪ੍ਰਾਜੈਕਟ ਸਾਈਟ ’ਤੇ ਬਿਤਾਏ। ਮੈਂ 12 ਸਾਲ ਭਾਖੜਾ ਡੈਮ ਦੀ ਟੀਮ ਦਾ ਇਕ ਮੈਂਬਰ ਰਿਹਾ ਸਾਂ। ਸਲੋਕਮ ਨਾਲ ਇਕ ਕਾਰਜਕਾਰੀ ਇੰਜਨੀਅਰ ਵਜੋਂ ਕੰਮ ਕਰਦਿਆਂ, ਮੈਨੂੰ ਬਹੁਤ ਕਰੀਬ ਤੋਂ ਉਨ੍ਹਾਂ ਦੀ ਮੁਹਾਰਤ, ਗਤੀਸ਼ੀਲਤਾ ਅਤੇ ਸ਼ਖ਼ਸੀਅਤ ਨੂੰ ਵੇਖਣ ਦਾ ਮੌਕਾ ਮਿਲਿਆ।
ਭਾਰੀ ਮਸ਼ੀਨਰੀ ਦੀ ਖ਼ਰੀਦ, ਵਰਕਸ਼ਾਪਾਂ ਦਾ ਨਿਰਮਾਣ, ਕੰਕਰੀਟ ਮਿਕਸਿੰਗ ਪਲਾਂਟ, ਭੰਡਾਰਨ, ਹਸਪਤਾਲ, ਸਕੂਲ, ਘਰ, ਅੱਗ ਬੁਝਾਊ ਸੇਵਾਵਾਂ ਅਤੇ ਡੈਮ ਵਾਲੀ ਥਾਂ ਤੱਕ ਰੇਲਵੇ ਲਾਈਨ; ਖੁਦਾਈ ਅਤੇ ਲੱਖਾਂ ਟਨ ਮਲਬੇ ਨੂੰ ਟਿਕਾਣੇ ਲਾਉਣਾ, ਭਾਰੀ ਮਾਤਰਾ ਵਿਚ ਸੀਮਿੰਟ ਅਤੇ ਸਟੀਲ ਦੀ ਢੋਆ ਢੁਆਈ ਅਤੇ ਇੰਜਨੀਅਰਾਂ ਅਤੇ ਕਾਮਿਆਂ ਦੀ ਸਿਖਲਾਈ - ਇਹ ਸਭ ਕੁਝ ਇਸ ਦੇ ਬਹੁਤ ਔਖੇ ਕਾਰਜਾਂ ਵਿਚ ਸ਼ਾਮਲ ਸੀ।
ਸਲੋਕਮ ਨੇ ਨੇਮਬੱਧ ਢੰਗ ਨਾਲ ਕੰਮ ਕਰਦਿਆਂ ਬਹੁਤ ਸਾਰੀਆਂ ਜਟਿਲ ਔਕੜਾਂ ’ਤੇ ਕਾਬੂ ਪਾ ਲਿਆ। ਸਭ ਤੋਂ ਪਹਿਲਾਂ ਡੈਮ ਦੀ ਧੁਰੀ ਦੇ ਰੂਪ ਵਿਚ ਨੰਗਲ ਟਾਊਨਸ਼ਿਪ ਵਸਾਇਆ ਗਿਆ। ਉਨ੍ਹਾਂ 300 ਇੰਜਨੀਅਰਾਂ ਅਤੇ 10,000 ਕਾਮਿਆਂ ਨੂੰ ਇਕਸੁਰ ਅਤੇ ਚੁਸਤ ਦਰੁਸਤ ਟੀਮਾਂ ਵਿਚ ਸਮੋਇਆ ਜੋ ਦਿਨ ਵਿਚ ਤਿੰਨ ਸ਼ਿਫਟਾਂ ਵਿਚ ਕੰਮ ਕਰਦੇ ਸਨ। ਇੰਜਨੀਅਰ ਆਪਣੀਆਂ ਨੈੱਕਟਾਈਆਂ ਲਾਹ ਕੇ ਚਿੱਟੀਆਂ ਨਿੱਕਰਾਂ ਅਤੇ ਖਾਕੀ ਵਰਦੀ ਪਹਨਿ ਕੇ ਕੰਮ ’ਤੇ ਆਉਂਦੇ ਸਨ ਜਿਸ ਨਾਲ ਵੱਡਾ ਬਦਲਾਓ ਦੇਖਣ ਨੂੰ ਮਿਲਿਆ। ਵੱਧ ਤੋਂ ਵੱਧ ਨਤੀਜੇ ਹਾਸਲ ਕਰਨ ਲਈ ਸਲੋਕਮ ਦਾ ਮੰਤਰ ਸੀ -ਆਦਮੀ, ਸਮੱਗਰੀ ਅਤੇ ਮਸ਼ੀਨਾਂ। ਉਹ ਮੌਕੇ ’ਤੇ ਹੀ ਨਿਰਦੇਸ਼ ਦਿੰਦੇ ਸਨ। ਜਦੋਂ ਕੋਈ ਕੰਮ ਸਫ਼ਲਤਾਪੂਰਬਕ ਹੋ ਜਾਂਦਾ ਸੀ ਤਾਂ ਉਹ ਕੰਮ ਪੂਰਾ ਕਰਨ ਵਾਲਿਆਂ ਦੀ ਦਿਲ ਖੋਲ੍ਹ ਕੇ ਦਾਦ ਦਿੰਦੇ ਸਨ।
ਮੰਗਲਵਾਰ ਦੇ ਦਿਨ ਹਫ਼ਤਾਵਾਰੀ ਜਾਇਜ਼ਾ ਲਿਆ ਜਾਂਦਾ ਸੀ। ਸਲੋਕਮ ਸੁਰੱਖਿਆ ਨੇਮਾਂ ’ਤੇ ਕਾਫ਼ੀ ਜ਼ੋਰ ਦਿੰਦੇ ਸਨ। ਉਨ੍ਹਾਂ ਹੜ੍ਹ ਦੇ ਪਾਣੀ ਅਤੇ ਅੱਗ ਦੇ ਕਹਿਰ ਤੋਂ ਬਚਾਓ ਲਈ ਨੁਕਸ-ਰਹਿਤ ਨੇਮਾਂ ਨੂੰ ਅਮਲ ਵਿਚ ਲਿਆਂਦਾ। ਇਕ ਮੁਕੰਮਲ ਅੱਗ ਬੁਝਾਊ ਤੰਤਰ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦਾ ਸੀ। ਦਸ ਲੱਖ ਘਣ ਮੀਟਰ ਦਾ ਮਲਬਾ ਤਿੱਖੀਆਂ ਢਲਾਣਾਂ ’ਤੇ ਹੱਥੀਂ ਵਿਛਾਇਆ ਗਿਆ। ਸਲੋਕਮ ਕਾਮਿਆਂ ਦੀ ਭਲਾਈ ਦਾ ਉਚੇਚਾ ਧਿਆਨ ਰੱਖਦੇ ਸਨ ਤੇ ਵਰਕਰ ਉਨ੍ਹਾਂ ਨੂੰ ‘ਬਾਬਾ ਸਲੋਕਮ’ ਕਹਿੰਦੇ ਸਨ। ਆਪਣੀ ਓਲਡਜ਼ਮੋਬਾਈਲ ਗੱਡੀ ’ਤੇ ਸਵਾਰ ਹੋ ਕੇ ਸਾਈਟ ’ਤੇ ਜਾਂਦਿਆਂ ਰਾਹ ਵਿਚ ਉਹ ਗੋਲਥਾਈ ਲੇਬਰ ਕਲੋਨੀ ਵਿਖੇ ਰੁਕਿਆ ਕਰਦੇ ਸਨ ਅਤੇ ‘ਬਾਬਾ ਬਾਬਾ’ ਪੁਕਾਰਦੇ ਕਾਮਿਆਂ ਦੇ ਬੱਚਿਆਂ ਨੂੰ ਮੋਮਬੱਤੀਆਂ ਵੰਡਦੇ ਸਨ।
ਨਿਰਮਾਣ ਦਾ ਪਹਿਲਾ ਮੀਲ ਪੱਥਰ ਉਦੋਂ ਆਇਆ ਜਦੋਂ 16 ਨਵੰਬਰ 1955 ਨੂੰ ਪ੍ਰਧਾਨ ਮੰਤਰੀ ਨਹਿਰੂ ਨੇ ਆਪਣੇ ਹੱਥਾਂ ਨਾਲ ਕੰਕਰੀਟ ਦੀ ਇਕ ਬਾਲਟੀ ਪਾਈ ਸੀ। ਦਸ ਦਸੰਬਰ 1961 ਨੂੰ ਖੱਬੇ ਕੰਢੇ ਦਾ ਬਿਜਲੀਘਰ ਤਿਆਰ ਹੋ ਗਿਆ ਜੋ ਉਨ੍ਹਾਂ ਲਈ ਦੂਜਾ ਮੀਲ ਪੱਥਰ ਸੀ। ਤਨਖ਼ਾਹ ਤੋਂ ਇਲਾਵਾ ਸਰਕਾਰ ਨੇ ਸਲੋਕਮ ਦੇ ਨਿੱਜੀ ਖਰਚਿਆਂ ਲਈ ਅਮਰੀਕਾ ਵਿਚ ਇਕ ਬੈਂਕ ਖਾਤਾ ਖੁਲ੍ਹਵਾਇਆ ਸੀ ਪਰ ਉਹ ਸੰਕੋਚ ਨਾਲ ਖਰਚਾ ਕਰਦੇ ਸਨ। ਹਾਲਾਂਕਿ ਉਨ੍ਹਾਂ ਦੀ ਪਤਨੀ ਹੈਲਨ ਸਲੋਕਮ ਨੂੰ ਪ੍ਰਾਜੈਕਟ ’ਤੇ ਕਿੰਨੇ ਮਰਜ਼ੀ ਗੇੜੇ ਲਾਉਣ ਦੀ ਖੁੱਲ੍ਹ ਸੀ ਪਰ ਇਸ ਅਰਸੇ ਦੌਰਾਨ ਸਿਰਫ਼ ਇਕ ਵਾਰ ਉਦੋਂ ਆਏ ਸਨ ਜਦੋਂ ਉਨ੍ਹਾਂ ਦਾ ਪਤੀ ਬਿਸਤਰੇ ’ਤੇ ਪਿਆ ਆਖ਼ਰੀ ਘੜੀਆਂ ਗਿਣ ਰਿਹਾ ਸੀ ਅਤੇ ਉਹ ਆਪਣੇ ਪਤੀ ਦੀ ਮ੍ਰਿਤਕ ਦੇਹ ਲੈ ਕੇ ਵਾਪਸ ਅਮਰੀਕਾ ਪਰਤ ਗਈ ਸੀ।
ਭਾਖੜਾ ਡੈਮ ਨੇ 9340 ਮਿਲੀਅਨ ਘਣ ਮੀਟਰ ਪਾਣੀ ਭੰਡਾਰ ਕਰ ਕੇ ਹੇਠਲੇ ਇਲਾਕੇ ਵਿਚ ਪਾਣੀ ਦਾ ਵਹਾਓ ਬਹੁਤ ਘੱਟ ਕਰ ਦਿੱਤਾ ਸੀ ਜਿਸ ਨਾਲ 2 ਕਰੋੜ 40 ਲੱਖ ਹੈਕਟੇਅਰ ਰਕਬੇ ਵਿਚ ਸਿੰਜਾਈ ਹੋ ਸਕਦੀ ਸੀ। ਨਹਿਰੀ ਪਾਣੀ ਦੀ ਸਿੰਜਾਈ ਵਧਣ ਅਤੇ ਨਾਲ ਹੀ ਜ਼ਿਆਦਾ ਝਾੜ ਦੇਣ ਵਾਲੀਆਂ ਕਣਕ ਦੀਆਂ ਮਧਰੀਆਂ ਕਿਸਮਾਂ ਦੀ ਬਿਜਾਈ ਅਤੇ ਡੈਮ ਦੀ ਬਿਜਲੀ ਨਾਲ ਚਲਦੀ ਨੰਗਲ ਫੈਕਟਰੀ ਦੀਆਂ ਬਣਾਈਆਂ ਰਸਾਇਣਕ ਖਾਦਾਂ ਨੇ ਪੰਜਾਬ ਵਿਚ ਹਰੇ ਇਨਕਲਾਬ ਦਾ ਮੁੱਢ ਬੰਨ੍ਹਿਆ ਜਿਸ ਨਾਲ ਭਾਰਤ ਖੁਰਾਕ ਦੀ ਆਤਮ-ਨਿਰਭਰਤਾ ਦੇ ਪੰਧ ’ਤੇ ਚੜ੍ਹ ਗਿਆ।
ਹਾਰਵੀ ਸਲੋਕਮ ਨੂੰ ਦੁਰਗਾ ਪ੍ਰਸਾਦ ਖੇਤਾਨ ਗੋਲਡ ਮੈਡਲ, ਬੀਵਰਜ਼ ਐਵਾਰਡ ਅਤੇ ਮੋਲਜ਼ ਐਵਾਰਡ ਮਿਲੇ ਸਨ ਜਨਿ੍ਹਾਂ ਕਰਕੇ ਉਨ੍ਹਾਂ ਨੂੰ ‘ਦੁਨੀਆ ਦਾ ਸਰਬੋਤਮ ਡੈਮ ਨਿਰਮਾਣਕਾਰ’ ਆਖਿਆ ਜਾਂਦਾ ਸੀ। ਇਨ੍ਹਾਂ ਪੁਰਸਕਾਰਾਂ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਸੀ ਕਿ ਉਨ੍ਹਾਂ ਸਿਰਫ਼ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੋਈ ਸੀ ਤੇ ਇੰਜਨੀਅਰਿੰਗ ਦੀ ਪੜ੍ਹਾਈ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਇਕ ਸਟੀਲ ਮਿੱਲ ਵਿਚ ਮਜ਼ਦੂਰੀ ਕਰਦਿਆਂ 13 ਸਾਲ ਦੀ ਉਮਰ ਵਿਚ ਉਹ ਗ੍ਰੈਂਡ ਕੂਲੀ ਡੈਮ ’ਤੇ ਨਿਰਮਾਣ ਨਿਗਰਾਨ ਬਣ ਗਏ ਸਨ। ਸਲੋਕਮ ਦੇ ਭਾਰਤੀ ਸ਼ਾਗਿਰਦਾਂ ਨੇ ਪੰਡੋਹ, ਪੌਂਗ ਅਤੇ ਰਣਜੀਤ ਸਾਗਰ ਡੈਮ ਦਾ ਨਿਰਮਾਣ ਕੀਤਾ। ਇਉਂ ਨਾ ਕੇਵਲ ਉਨ੍ਹਾਂ ਨੂੰ ਡੈਮਾਂ ਦੇ ਨਿਰਮਾਣਕਾਰ ਵਜੋਂ ਸਗੋਂ ਡੈਮ ਬਣਾਉਣ ਵਾਲਿਆਂ ਦੇ ਉਸਤਾਦ ਵਜੋਂ ਵੀ ਯਾਦ ਰੱਖਿਆ ਜਾਵੇਗਾ।
* ਲੇਖਕ ਭਾਖੜਾ ਡੈਮ ਦਾ ਸਾਬਕਾ ਚੀਫ਼ ਇੰਜਨੀਅਰ ਹੈ।